ਬਰਨਾਲਾ- ਲੋਕ ਸਭਾ ਸੰਗਰੂਰ ਸੀਟ ਤੇ ਖੜ੍ਹੇ ਉਮੀਦਵਾਰਾਂ ਦਾ ਮੁਕਾਬਲਾ ਪੂਰੀ ਤਰ੍ਹਾਂ ਭਖ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ.ਪਰਮਿੰਦਰ ਸਿੰਘ ਢੀਂਡਸਾ, ਕਾਂਗਰਸ ਦੇ ਉਮੀਦਵਾਰ ਸ.ਕੇਵਲ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਸ.ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ.ਸਿਮਰਨਜੀਤ ਸਿੰਘ ਮਾਨ, ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਸ.ਜੱਸੀ ਜਸਰਾਜ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸਾਬਕਾ ਐਮ.ਪੀ.ਅਤੇ ਐਡਵੋਕੇਟ ਸ.ਰਾਜਦੇਵ ਸਿੰਘ ਖਾਲਸਾ ਵਿਚ ਮੁਕਾਬਲਾ ਹੋਣ ਕਰਕੇ ਲੋਕਾਂ ਦੀਆਂ ਜ਼ਿਆਦਾ ਨਜ਼ਰਾਂ ਇਸ ਸੀਟ ’ਤੇ ਹੀ ਟਿਕੀਆਂ ਹੋਈਆਂ ਹਨ ੍ਯਕਿ ਇਸ ਸੀਟ ਤੇ ਕਿਸ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੋਵੇਗੀ। ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਾਂ ਉਨ੍ਹਾਂ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਰਾਜ ਦੌਰਾਨ ਕਰਵਾਏ ਪੰਜਾਬ ’ਚ ਰਿਕਾਰਡਤੋੜ ਵਿਕਾਸ ਨੂੰ ਲੈ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਕਾਂਗਰਸ ਦੇ ਸ.ਕੇਵਲ ਸਿੰਘ ਢਿੱਲੋਂ ਜੋਕਿ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਰ ਦੇਖ ਚੁੱਕੇ ਹਨ ਅਤੇ ਉਹ ਹੁਣ ਕਾਂਗਰਸ ਦੀ ਟਿਕਟ ਤੇ ਲੋਕ ਸਭਾ ਸੰਗਰੂਰ ਸੀਟ ਤੋਂ ਚੋਣ ਲੜ ਰਹੇ ਹਨ ਅਤੇ ਬਰਨਾਲਾ ਦੇ ਨਾਲ-ਨਾਲ ਪਿੰਡਾਂ ’ਚ ਕਰਵਾਏ ਵਿਕਾਸ ਦਾ ਰਾਗ ਅਲਾਪਕੇ ਵੋਟਰਾਂ ਤੋਂ ਵੋਟਾਂ ਹਾਸਿਲ ਕਰਨ ਲਈ ਡੋਰ ਟੂ ਡੋਰ ਘੁੰਮ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਸ.ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਦਾ ਵਿਰੋਧ ਕਰ ਰਹੇ ਹਨ ਕਿ ਇੰਨ੍ਹਾਂ ਨੇ ਆਪਣੇ ਰਾਜ ਭਾਗ ਦੌਰਾਨ ਸਿਰਫ਼ ਲਾਰੇ ਹੀ ਲਗਾਏ ਹਨ ਬਲਕਿ ਬੇਰੁਜ਼ਗਾਰਾਂ ਨੂੰ ਕੋਈ ਵੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਜਿਸ ਕਰਕੇ ਨੌਜ਼ਵਾਨ ਪੜ੍ਹ ਲਿਖਕੇ ਵੀ ਬੇਰੁਜ਼ਗਾਰ ਹਨ। ਉਹ ਆਪਣੀ ਜਿੱਤ ਉਪਰੰਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਇਲਾਵਾ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣ ਨੂੰ ਲੈ ਕੇ ਪਿੰਡ-ਪਿੰਡ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਪਹਿਲਾਂ ਵੀ ਸੰਗਰੂਰ ਸੀਟ ਤੋਂ ਐਮ ਪੀ ਰਹਿ ਚੁੱਕੇ ਹਨ ਅਤੇ ਹੁਣ ਫ਼ਿਰ ਤੋਂ ਉਹ ਚੋਣ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਵੱਲੋਂ ਪੰਜ ਸਾਲਾਂ ਦੌਰਾਨ ਮਿਲੇ ਪੈਸਿਆਂ ਨੂੰ ਵਿਕਾਸ ਦੇ ਕੰਮਾਂ ’ਤੇ ਲਗਾਕੇ ਰਿਪੋਰਟ ਕਾਰਡ ਬਣਾਕੇ ਲੋਕਾਂ ਦੀ ਕਚਿਹਰੀ ’ਚ ਪੇਸ਼ ਕਰਕੇ ਲੋਕਾਂ ਨੂੰ ਕੰਮਾਂ ਸਬੰਧੀ ਦੱਸਿਆ ਜਾ ਰਿਹਾ ਹੈ ਅਤੇ ਅੱਗੇ ਤੋਂ ਵੀ ਹੋਰ ਵਿਕਾਸ ਕਰਵਾਉਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ। ਪੰਜਾਬ ਡੈਮੋਕਰੇਟਿਕ ਅਲਾਇੰਸ ਪਾਰਟੀ ਦੇ ਜਸਰਾਜ ਜੱਸੀ ਦੀ ਤਾਂ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਆੜੇ ਹੱਥੀ ਲੈਂਦਿਆਂ ਇੰਨ੍ਹਾਂ ਵੱਲੋਂ ਲੋਕਾਂ ਨੂੰ ਲਗਾਏ ਲਾਰਿਆਂ ਸਬੰਧੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਵੋਟਾਂ ਮੰਗ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਐਡਵੋਕੇਟ ਸ.ਰਾਜਦੇਵ ਸਿੰਘ ਖਾਲਸਾ ਵੱਲੋਂ ਵੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਇਆ ਜਾ ਰਿਹਾ ਹੈ। ਪ੍ਰੰਤੂ ਹੁਣ ਦੇਖਣਾ ਇਹ ਹੈ ਕਿ ਲੋਕ ਇਸ ਵਾਰ ਲੋਕ ਸਭਾ ਸੀਟ ਸੰਗਰੂਰ ਤੋਂ ਕਿਸਨੂੰ ਐਮ.ਪੀ.ਦੇਖਣਾ ਚਾਹੁੰਦੇ ਹਨ ਇਹ ਤਾਂ ਆਉਣ ਵਾਲੀ 23 ਮਈ ਨੂੰ ਹੀ ਪਤਾ ਲੱਗੇਗਾ।
– ਜਰਨੈਲ ਸਿੰਘ ਠੀਕਰੀਵਾਲ
ਪੱਤਰਕਾਰ ‘ਪੰਜਾਬ ਟਾਇਮਜ਼’ ਬਰਨਾਲਾ