ਸ੍ਰੀਲੰਕਾ ਦਾ ਅਫਸੋਸਨਾਕ ਖੂਨ-ਖਰਾਬਾ

ਸ੍ਰੀਲੰਕਾ ਵਿੱਚ ਈਸਟਰ ਮੌਕੇ ਫਿਦਾਈਨ ਹਮਲਿਆਂ ਸਮੇਤ ਲੜੀਵਾਰ ਅੱਠ ਬੰਬ ਧਮਾਕੇ ਹੋਏ, ਜਿਨ੍ਹਾਂ ਵਿੱਚ 290 ਤੋਂ ਵੱਧ ਨਿਰਦੋਸ਼ ਲੋਕ ਮਾਰੇ ਗਏ ਅਤੇ 500 ਦੇ ਕਰੀਬ ਜ਼ਖ਼ਮੀ ਹੋਏ ਹਨ।ਇਹ ਧਮਾਕੇ ਤਿੰਨ ਗਿਰਜਾ ਘਰਾਂ ਅਤੇ ਤਿੰਨ ਹੋਟਲਾਂ ਵਿੱਚ ਹੋਏ।ਸ੍ਰੀਲੰਕਾ ’ਚ ਪਲਾਂਟ ਕੀਤੇ ਗਏ ਦਰਜਨਾਂ ਬੰਬਾਂ ਦੇ ਮਿਲਣ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸ੍ਰੀਲੰਕਾ ਵਿੱਚ ਵੱਡੇ ਪੱਧਰ ’ਤੇ ਖੂਨ-ਖਰਾਬੇ ਦੀ ਸਾਜਿਸ਼ ਰਚੀ ਗਈ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਸ੍ਰੀਲੰਕਾ ਦੀਆਂ ਖੂਫੀਆ ਏਜੰਸੀਆਂ ਅਤੇ ਸੁਰੱਖਿਆ ਦਸਤੇ ਇਸ ਸਾਜਿਸ਼ ਦਾ ਪਤਾ ਲਗਾਉਣ ਵਿੱਚ ਅਸਫਲ ਰਹੇ ਹਨ। ਇਹ ਵੀ ਗੱਲ ਅਫਸੋਸਨਾਕ ਹੈ ਕਿ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਨਹੀਂ ਚੁੱਕੇ। ਹੋਰ ਤਾਂ ਹੋਰ ਪ੍ਰਧਾਨ ਮੰਤਰੀ ਦੇ ਘਰ ਕੋਲ ਫਾਈਵ ਸਟਾਰ ਹੋਟਲ ਵਿੱਚ ਵੀ ਸੁਰੱਖਿਆ ਦੇ ਬੰਦੋਬਸਤ ਢਿੱਲੇ ਸਨ ਇਸ ਕਾਰਨ ਉਥੇ ਵੀ ਬੰਬ ਧਮਾਕੇ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਸ੍ਰੀਲੰਕਾ ਕੋਈ ਵਿਸ਼ਾਲ ਦੇਸ਼ ਨਹੀਂ ਹੈ। ਉਸ ਦੀ ਸੁਰੱਖਿਆ ਦਾ ਬੰਦੋਬਸਤ ਕਰਨਾ ਕੋਈ ਮੁਸ਼ਕਿਲ ਨਹੀਂ ਹੈ। ਬੀਤੇ ਸਮੇਂ ’ਚ ਖੂੰਖਾਰ ਜਥੇਬੰਦੀ ‘ਲਿੱਟੇ’ ਦੀ ਚੜ੍ਹਾਈ ਸਮੇਂ ਵੀ ਸ੍ਰੀਲੰਕਾ ਵਿੱਚ ਭਾਰੀ ਖੂਨਖਰਾਬਾ ਹੋਇਆ ਸੀ। ਸ੍ਰੀਲੰਕਾ ਦੇ ਸ਼ਾਸਕਾਂ ਨੇ ਉਸ ਖੂਨਖਰਾਬੇ ਤੋਂ ਕੋਈ ਸਬਕ ਨਹੀਂ ਸਿੱਖਿਆ। ਜੇਕਰ ਸੁਰੱਖਿਆ ਲਈ ਜ਼ਰੂਰੀ ਬੰਦੋਬਸਤ ਕੀਤੇ ਗਏ ਹੁੰਦੇ ਤਦ ਏਨੇ ਵੱਡੇ ਪੱਧਰ ’ਤੇ ਖੂਨ ਖਰਾਬਾ ਨਹੀਂ ਹੋਣਾ ਸੀ। ਸ੍ਰੀਲੰਕਾ ਦੀ ਰਾਜਧਾਨੀ ਵਿੱਚ 6 ਤੋਂ ਵੱਧ ਥਾਵਾਂ ’ਤੇ ਅਜਿਹੇ ਧਮਾਕੇ ਹੋਏ ਹਨ। ਸ੍ਰੀਲੰਕਾ ਦੇ ਇਤਿਹਾਸ ਵਿੱਚ ਇਹ ਇਕ ਵੱਡਾ ਅੱਤਵਾਦੀ ਹਮਲਾ ਆਖਿਆ ਜਾ ਸਕਦਾ ਹੈ। ਹਮਲੇ ਦਾ ਮਕਸਦ ਕੋਈ ਲੁਕਿਆ ਹੋਇਆ ਨਹੀਂ ਹੈ। ਇਸ ਹਮਲੇ ਵਿੱਚ ਇਕ ਖਾਸ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ਲਈ ਉਸ ਧਰਮ ਦੇ ਲੋਕਾਂ ਦੇ ਵਿਸ਼ੇਸ਼ ਉਤਸਵ ਨੂੰ ਚੁਣਿਆ ਗਿਆ ਹੈ। ਇਸ ਮੌਕੇ ’ਤੇ ਚਰਚ ਅਤੇ ਹੋਰ ਥਾਵਾਂ ’ਤੇ ਭਾਰੀ ਭੀੜ ਕਾਰਨ ਵਧੇਰੇ ਜਾਨੀ ਨੁਕਸਾਨ ਹੋਇਆ ਹੈ। ਇਸ ਘਟਨਾ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਦਾ ਪੂਰੀ ਤਰ੍ਹਾਂ ਖੁਲਾਸਾ ਹੋਣ ’ਚ ਹਾਲੇ ਕੁਝ ਸਮਾਂ ਲੱਗੇਗਾ। ਪ੍ਰੰਤੂ ਇਹ ਸਪੱਸ਼ਟ ਤੌਰ ’ਤੇ ਉਨ੍ਹਾਂ ਹੀ ਤਾਕਤਾਂ ਦਾ ਕੰਮ ਹੈ ਜਿਹੜੀਆਂ ਦੁਨੀਆਂ ਭਰ ਵਿੱਚ ਮਾਨਵਤਾ ਦੇ ਵਿਰੁੱਧ ਕੰਮ ਕਰ ਰਹੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਚਿੰਤਾਜਨਕ ਅਤੇ ਨਿਖੇਧੀਯੋਗ ਹਨ। ਕਿਸੇ ਵੀ ਤਾਕਤ ਨੂੰ ਇਸ ਦੁਨੀਆਂ ਵਿੱਚ ਧਰਮ ਦੇ ਆਧਾਰ ਉਪਰ ਨਫਰਤ ਫੈਲਾਉਣ ਅਤੇ ਇਸ ਤਰ੍ਹਾਂ ਦੀ ਹਿੰਸਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਇਸੇ ਤਰ੍ਹਾਂ ਦਾ ਹਮਲਾ ਇਕ ਦੂਸਰੇ ਧਰਮ ਦੇ ਲੋਕਾਂ ਉਪਰ ਕੀਤਾ ਗਿਆ। ਸ੍ਰੀਲੰਕਾ ਦੀ ਘਟਨਾ ਸ਼ਾਇਦ ਉਸ ਹਮਲੇ ਦਾ ਹੀ ਪ੍ਰਤੀਕਰਮ ਹੋਵੇ। ਜੇਕਰ ਕਰਮ-ਪ੍ਰਤੀਕਰਮ ਦਾ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਤਦ ਦੁਨੀਆ ਨਰਕ ਬਣ ਜਾਵੇਗੀ। ਮਾਨਵਤਾ ਪੱਖੀ ਅਤੇ ਸ਼ਾਂਤੀ ਦੇ ਹੱਕ ਵਿੱਚ ਖੜ੍ਹਨ ਵਾਲੀਆਂ ਤਾਕਤਾਂ ਨੂੰ ਇਸ ਮੁੱਦੇ ’ਤੇ ਤੁਰੰਤ ਮੋਰਚਾ ਸੰਭਾਲਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਪਾਗਲਪਣ ਨੂੰ ਰੋਕਣ ਲਈ ਹਰ ਸੰਭਣ ਕਦਮ ਚੁੱਕਣਾ ਚਾਹੀਦਾ ਹੈ। ਨਿਰਦੋਸ਼ ਲੋਕਾਂ ਨੂੰ ਮਾਰਨਾ ਕੋਈ ਧਰਮ ਨਹੀਂ ਹੈ। ਨਾ ਹੀ ਇਸ ਲੜਾਈ ਦਾ ਕੋਈ ਮਕਸਦ ਹੈ। ਇਸ ਅੰਨ੍ਹੀ ਹਿੰਸਾ ਦਾ ਹਰ ਪੱਧਰ ’ਤੇ ਵਿਰੋਧ ਜ਼ਰੂਰੀ ਹੈ ਤਾਂ ਜੋ ਇਹ ਧਰਤੀ ਮਨੁੱਖਾਂ ਦੇ ਰਹਿਣਯੋਗ ਬਣੀ ਰਹੇ।
– ਬਲਜੀਤ ਸਿੰਘ ਬਰਾੜ

Send this to a friend