ਗੁਰਮਤਿ, ਸਾਹਿਤ ਅਤੇ ਲੋਕਧਾਰਾ ਦੀ ਤ੍ਰਿਵੈਣੀ:ਸਿੱਖ ਵਿਦਵਾਨ ਗਿਆਨੀ ਗੁਰਦਿੱਤ ਸਿੰਘ

ਗਿਆਨੀ ਗੁਰਦਿਤ ਸਿੰਘ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਨੂੰ ਗੁਰਮਤਿ, ਸਾਹਿਤ ਅਤੇ ਲੋਕਧਾਰਾ ਦੀ ਤ੍ਰਿਵੈਣੀ ਕਿਹਾ ਜਾ ਸਕਦਾ ਹੈ। ਗਰੁਮਤਿ ਅਤੇ ਸਾਹਿਤ ਦਾ ਤਾਂ ਗੂੜ੍ਹਾ ਸੰਬੰਧ ਹੈ ਪ੍ਰੰਤੂ ਲੋਕਧਾਰਾ ਇਕ ਵੱਖਰਾ ਵਿਸ਼ਾ ਹੈ। ਗਿਆਨੀ ਗੁਰਦਿੱਤ ਸਿੰਘ ਦੀ ਕਮਾਲ ਇਸ ਗੱਲ ਵਿਚ ਸੀ ਕਿ ਉਨ੍ਹਾਂ ਨੂੰ ਤਿੰਨਾਂ ਵਿਸ਼ਿਆਂ ਵਿਚ ਮੁਹਾਰਤ ਹਾਸਲ ਸੀ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਧਰਮ ਹੈ। ਸਿੱਖ ਧਰਮ ਸਰਬਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਗਿਆਨੀ ਗੁਰਦਿੱਤ ਸਿੰਘ ਅਜਿਹੇ ਅਣਥੱਕ ਬੁੱਧੀਜੀਵੀ ਵਿਦਵਾਨ ਹੋਏ ਹਨ, ਜਿਨ੍ਹਾਂ ਸਿੱਖ ਧਰਮ ਦਾ ਲਗਨ ਨਾਲ ਅਧਿਅਨ ਕਰਕੇ ਉਸਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਲੋਕ ਬੋਲਚਾਲ ਵਾਲੀ ਬੋਲੀ ਵਿਚ ਪਹੁੰਚਾਉਣ ਦਾ ਭਰਪੂਰ ਉਪਰਾਲਾ ਕੀਤਾ ਤਾਂ ਜੋ ਗੁਰੂ ਨਾਨਕ ਨਾਮ ਲੇਵਾ ਆਪਣੇ ਧਰਮ ਦੀ ਦਾਰਸ਼ਨਿਕਤਾ ਤੇ ਪਹਿਰਾ ਦੇ ਸਕਣ। ਇਸ ਮੰਤਵ ਲਈ ਉਨ੍ਹਾਂ ਅਨੇਕਾਂ ਕਿਤਾਬਚੇ ਸੌਖੀ ਸ਼ਬਦਾਵਲੀ ਵਿਚ ਲਿਖੇ ਜਿਨ੍ਹਾਂ ਨੂੰ ਆਮ ਸਿੱਖ ਸੰਗਤਾਂ ਸਮਝ ਸਕਣ। ਉਨ੍ਹਾਂ ਦੀ ਲੇਖਣੀ ਵਿਚ ਮਲਵਈ ਭਾਸ਼ਾ ਦੀ ਝਲਕ ਵਿਖਾਈ ਦਿੰਦੀ ਸੀ। ਉਹ ਹਮੇਸ਼ਾ ਆਮ ਬੋਲਚਾਲ ਵਾਲੀ ਬੋਲੀ ਵਿਚ ਲਿਖਦੇ ਸਨ ਤਾਂ ਜੋ ਲੋਕ ਛੇਤੀ ਸਮਝ ਸਕਣ। ਭਾਵੇਂ ਉਨ੍ਹਾਂ ਅਕਾਦਮਿਕ ਵਿਦਿਆ ਹਾਸਲ ਨਹੀਂ ਕੀਤੀ ਪ੍ਰੰਤੂ ਪੰਜਾਬੀ ਦੇ ਬੁੱਧੀਜੀਵੀ ਵਿਦਵਾਨਾਂ ਦੀ ਪਹਿਲੀ ਕਤਾਰ ਵਿਚ ਆਉਂਦੇ ਸਨ। ਗਿਆਨੀ ਗੁਰਦਿੱਤ ਸਿੰਘ ਪਹਿਲੇ ਅਜਿਹੇ ਵਿਲੱਖਣ ਇਨਸਾਨ ਸਨ, ਜਿਨ੍ਹਾਂ ਸਿਆਸਤ ਨਾਲੋਂ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਨੂੰ ਤਰਜ਼ੀਹ ਦਿੱਤੀ। ਜੇਕਰ ਉਹ ਚਾਹੁੰਦੇ ਤਾਂ ਸਿਆਸਤ ਦੀ ਸਭ ਤੋਂ ਉਚੀ ਪਦਵੀ ਤੇ ਪਹੁੰਚ ਸਕਦੇ ਸਨ ਕਿਉਂਕਿ ਉਸ ਸਮੇਂ ਦੇ ਦਿਗਜ਼ ਸਿਆਸੀ ਨੇਤਾ ਪਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਆਪ ਨੂੰ ਆਪਣਾ ਰਹਿਨੁਮਾ ਸਮਝਦੇ ਸਨ। ਉਹ ਆਪਜੀ ਦੀ ਸਿੱਖ ਧਰਮ ਬਾਰੇ ਜਾਣਕਾਰੀ, ਪਕੜ ਅਤੇ ਪ੍ਰਤੀਬੱਧਤਾ ਤੋਂ ਪ੍ਰਭਾਵਤ ਸਨ। ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ ਸੀ। ਆਪਣੇ ਧਰਮ ਦੀ ਪ੍ਰਫੁਲਤਾ ਲਈ ਉਹ ਬਚਨਵੱਧ ਸਨ, ਜਿਸ ਕਰਕੇ ਜਿਤਨੀਆਂ ਵੀ ਪੰਜਾਬ ਵਿਚ ਗੁਰੂ ਸਾਹਿਬਾਨ ਅਤੇ ਸਿੱਖੀ ਨਾਲ ਸੰਬੰਧਤ ਸ਼ਤਾਬਦੀਆਂ ਮਨਾਈਆਂ ਗਈਆਂ, ਉਨ੍ਹਾਂ ਦੇ ਸਾਰੇ ਪ੍ਰੋਗਰਾਮ ਗਿਆਨੀ ਗੁਰਦਿੱਤ ਸਿੰਘ ਉਲੀਕਦੇ ਰਹੇ ਹਨ। ਉਨ੍ਹਾਂ ਦੀ ਸਲਾਹ ਤੋਂ ਬਿਨਾ ਕੋਈ ਵੀ ਧਾਰਮਿਕ ਪ੍ਰੋਗਰਾਮ ਉਲੀਕਿਆ ਨਹੀਂ ਜਾਂਦਾ ਸੀ। ਗਿਆਨੀ ਗੁਰਦਿਤ ਸਿੰਘ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਪੰਜਾਬੀ ਪੇਂਡੂੁ ਰਹਿਣੀ ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕਰਨ ਵਾਲੇ ਬੁਧੀਜੀਵੀ ਤੇ ਵਿਦਵਾਨ ਲੇਖਕ ਹੋਏ ਹਨ। ਉਹਨਾਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੰਜਾਬੀ ਤੇ ਸਿੱਖੀ ਰਵਾਇਤਾਂ, ਰਸਮੋ ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ। ਆਪ ਇੱਕ ਸੁਲਝੇ ਹੋਏ ਸਿੱਖ ਵਿਦਵਾਨ ਸਨ, ਜਿਹਨਾਂ ਦੀ ਅੱਜ ਤੱਕ ਦੀ ਪੰਜਾਬੀ ਦੀ ਸਭ ਤੋਂ ਸਰਵੋਤਮ ਪੁਸਤਕ ਮੇਰਾ ਪਿੰਡ ਨੂੰ ਗਿਣਿਆ ਜਾਂਦਾ ਹੈ। ਆਪ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਆਪਣੀਆਂ ਪੁਸਤਕਾਂ ਰਾਹੀਂ ਕੀਤੀ ਹੈ ਪ੍ਰੰਤੂ ਆਪਦੀ ਪੁਸਤਕ ਮੇਰਾ ਪਿੰਡ ਇੱਕ ਸ਼ਾਹਕਾਰ ਪੁਸਤਕ ਦੇ ਤੌਰ ਤੇ ਪ੍ਰਵਾਣਿਤ ਕੀਤੀ ਜਾਂਦੀ ਹੈ। ਇਕ ਕਿਸਮ ਨਾਲ ਇਹ ਰੈਫਰੈਂਸ ਪੁਸਤਕ ਹੈ, ਜਿਸਨੂੰ ਆਉਣ ਵਾਲੀ ਪੀੜ੍ਹੀ ਖੋਜ ਲਈ ਵਰਤਿਆ ਕਰੇਗੀ। ਇਸ ਪੁਸਤਕ ਦੇ ਸਦੀਵੀ ਗੁਣ, ਲੋਕਾਂ ਦੀਆਂ ਭਾਵਨਾਵਾਂ ਅਤੇ ਇਛਾਵਾਂ ਦੀ ਤਰਜਮਾਨੀ ਕਰਦੇ ਹਨ। ਪਿੰਡਾਂ ਦੇ ਜੀਵਨ ਦੇ ਭਾਵੇਂ ਕਿਸੇ ਵੀ ਹਿੱਸੇ ਵਾਰੇ ਲਿਖਦੇ ਹੋਣ ਉਹ ਜੀਵਨ ਪੜ੍ਹਨ ਵਾਲੇ ਦੇ ਸਾਹਮਣੇ ਦ੍ਰਿਸ਼ਟਾਂਤ ਰੂਪ ਵਿਚ ਖੜ੍ਹਾ ਹੋ ਜਾਂਦਾ ਹੈ। ਇਹੋ ਗਿਆਨੀ ਗੁਰਦਿਤ ਸਿੰਘ ਦੀ ਕਲਮ ਦੀ ਕਮਾਲ ਹੈ। ਉਨ੍ਹਾਂ ਦੀ ਸਿਦਕ ਦਿਲੀ, ਦੂਰ ਅੰਦੇਸ਼ੀ ਅਤੇ ਰੌਚਿਕ ਭਾਸ਼ਾ ਦੀ ਪੇਸ਼ਕਾਰੀ ਨੇ ਪੰਜਾਬੀ ਜੀਵਨ ਸ਼ੈਲੀ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਕਰ ਦਿੱਤਾ। ਉਨ੍ਹਾਂ ਉਹ ਕੰਮ ਕੀਤਾ ਜਿਹੜਾ ਪੰਜਾਬ ਦੀ ਕੋਈ ਵੀ ਯੂਨੀਵਰਸਿਟੀ ਕਰ ਨਹੀਂ ਸਕੀ। ਪੰਜਾਬੀ ਵਿਰਾਸਤ ਦੇ ਕਦਰਦਾਨ ਹੁੰਦਿਆਂ ਉਨ੍ਹਾਂ ਉਦਾਹਰਨਾਂ, ਮੁਹਾਵਰਿਆਂ ਅਤੇ ਅ¦ਕਾਰਾਂ ਰਾਹੀਂ ਪੰਜਾਬੀ ਜੀਵਨ ਕਿਵੇਂ ਜਿਉਂਦੇ ਹਨ ਸਾਦਾ ਬੋਲੀ ਵਿਚ ਲਿਖਕੇ ਮੀਲ ਪੱਥਰ ਸਥਾਪਤ ਕਰ ਦਿੱਤਾ। ਗਿਆਨੀ ਗੁਰਦਿਤ ਸਿੰਘ ਸਾਦਾ ਜੀਵਨ ਜਿਉਂਦੇ ਸਨ ਪ੍ਰੰਤੂ ਉਨ੍ਹਾਂ ਦੀ ਸਿਆਣਪ ਬੜੀ ਬਾਰੀਕ ਸੀ। ਹਰ ਘਟਨਾ ਨੂੰ ਬੜੀ ਬਾਰੀਕੀ ਨਾਲ ਜਾਣਿਆਂ ਅਤੇ ਜਗਿਆਸੂ ਦੀ ਤਰ੍ਹਾਂ ਖੋਜ ਕਰਕੇ ਲਿਖਿਆ। ਪੰਜਾਬੀਆਂ ਦੀ ਅਮੀਰ ਵਿਰਾਸਤ ਪੰਜਾਬੀਅਤ ਨੂੰ ਜਿਉਂਦਾ ਰੱਖਣ ਦਾ ਮਾਣ ਉਨ੍ਹਾਂ ਨੂੰ ਜਾਂਦਾ ਹੈ। ਉਹ ਇਕ ਸੰਸਥਾ ਸਨ। ਇਤਨਾ ਇਤਿਹਾਸਕ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਨਮਰਤਾ ਦਾ ਪੱਲਾ ਨਹੀਂ ਛੱਡਿਆ। ਗਿਆਨੀ ਗੁਰਦਿਤ ਸਿੰਘ ਦਾ ਜਨਮ 24 ਫਰਵਰੀ 1923 ਨੂੰ ਮਾਲੇਰਕੋਟਲਾ ਰਿਆਸਤ ਦੇ ਪਿੰਡ ਮਿਠੇਵਾਲ ਵਿਖੇ ਪਿਤਾ ਸ੍ਰ ਹੀਰਾ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਉਹਨਾਂ 1945 ਵਿੱਚ ਲਾਹੌਰ ਤੋਂ ਗਿਆਨੀ ਪਾਸ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਆਪ ਭਾਰਤ ਆ ਕੇ ਪੰਜਾਬ ਵਿੱਚ ਪਟਿਆਲਾ ਵਿਖੇ ਸੈਟਲ ਹੋ ਗਏ। ਆਪ ਦੀ ਸ਼ੁਰੂ ਤੋਂ ਹੀ ਪੱਤਰਕਾਰੀ ਵਿੱਚ ਦਿਲਚਸਪੀ ਸੀ। ਸਿਆਸਤ ਵਿੱਚ ਭਾਵੇਂ ਆਪਨੂੰ ਕੋਈ ਦਿਲਚਸਪੀ ਨਹੀਂ ਸੀ ਪ੍ਰੰਤੂ ਗਿਆਨੀ ਜ਼ੈਲ ਸਿੰਘ ਨਾਲ ਸਾਹਿਤਕ ਪ੍ਰਵਿਰਤੀ ਕਰਕੇ ਕਾਫ਼ੀ ਪ੍ਰੇਮ ਸੀ। ਆਪ ਨੂੰ 1958 ਵਿੱਚ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਾਇਆ ਗਿਆ, ਜਿਸ ਅਹੁਦੇ ਤੇ ਆਪ 1961 ਤੱਕ ਰਹੇ। ਆਪ ਦਾ ਵਿਆਹ ਬੀਬੀ ਇੰਦਰਜੀਤ ਕੌਰ ਸੰਧੂ ਨਾਲ ਹੋਇਆ । ਆਪ ਦੇ ਦੋ ਲੜਕੇ ਰੁਪਿੰਦਰ ਸਿੰਘ ਅਤੇ ਰਾਮਿੰਦਰ ਸਿੰਘ ਹਨ। ਆਪ ਦੀ ਪਤਨੀ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਰਹੇ ਹਨ। ਗਿਆਨੀ ਗੁਰਦਿਤ ਸਿੰਘ ਦੀ ਪੱਤਰਕਾਰੀ ਦੀ ਦਿਲਚਸਪੀ ਕਰਕੇ ਉਹਨਾਂ ਨੇ 1947 ਵਿੱਚ ਪਟਿਆਲੇ ਤੋਂ ਪੰਜਾਬੀ ਦਾ ਪ੍ਰਕਾਸ਼ ਨਾਂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਕੀਤਾ। ਆਪ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਸਨ। ਵਿਤੀ ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ। ਉਹ ਇਸ ਅਖ਼ਬਾਰ ਨੂੰ ਬਹੁਤੀ ਦੇਰ ਚਾਲੂ ਵੀ ਨਾ ਰੱਖ ਸਕੇ ਤੇ ਬਾਅਦ ਵਿਚ ਬੰਦ ਕਰ ਦਿਤਾ। ਪੰਜਾਬੀ ਸਭਿਆਚਾਰ ਨਾਲ ਆਪ ਨੂੰ ਅਥਾਹ ਪਿਆਰ ਸੀ, ਇਸ ਕਰਕੇ ਆਪ ਹਮੇਸ਼ਾ ਪੰਜਾਬੀਅਤ ਵਿੱਚ ਗੜੁੱਚ ਰਹਿੰਦੇ ਸਨ। ਪੱਤਰਕਾਰੀ ਦਾ ਮੱਸ ਉਹਨਾਂ ਨੂੰ ਸਤਾਉਂਦਾ ਰਿਹਾ , ਇਸ ਕਰਕੇ 1973 ਤੋਂ 1978 ਤੱਕ ਆਪ ਸਿੰਘ ਸਭਾ ਪਤ੍ਰਕਾ ਦੇ ਸੰਪਾਦਕ ਰਹੇ। ਜੀਵਨ ਸੰਦੇਸ਼ ਅਖ਼ਬਾਰ ਦੇ ਵੀ ਆਪ ਸੰਪਾਦਕ ਰਹੇ। ਇਨ੍ਹਾਂ ਪਤ੍ਰਕਾਵਾਂ ਰਾਹੀਂ ਆਪ ਸਿੱਖੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਰਹੇ। ਇਨ੍ਹਾਂ ਪੱਤਰਕਾਵਾਂ ਨੂੰ ਪ੍ਰਕਾਸ਼ਤ ਕਰਨ ਦਾ ਉਨ੍ਹਾਂ ਦਾ ਮੰਤਵ ਸਿੱਖੀ ਦਾ ਪ੍ਰਚਾਰ ਕਰਨਾ ਹੀ ਸੀ। ਆਪਨੇ ਬਹੁਤ ਸਾਰੇ ਪੱਤਰਕਾਰਾਂ ਨੂੰ ਸਥਾਪਤ ਕਰਨ ਵਿਚ ਯੋਗਦਾਨ ਪਾਇਆ। ਪ੍ਰਸਿੱਧ ਵਿਅੰਗਕਾਰ ਸੂਬਾ ਸਿੰਘ ਆਪਦੇ ਅਖ਼ਬਾਰ ਪ੍ਰਕਾਸ਼ ਵਿਚ ਕੰਮ ਕਰਦੇ ਰਹੇ ਸਨ। ਆਪਨੇ ਬਹੁਤ ਸਾਰੇ ਹੋਰ ਪੱਤਰਕਾਰਾਂ ਨੂੰ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਲਈ ਅਖ਼ਬਾਰ ਪ੍ਰਕਾਸ਼ਤ ਕਰਨ ਲਈ ਸਿੱਖਿਆ ਦਿੱਤੀ ਅਤੇ ਪ੍ਰੇਰਿਆ। ਆਪ ਸਿੰਘ ਸਭਾ ਸ਼ਤਾਬਦੀ ਕਮੇਟੀ ਅੰਮ੍ਰਿਤਸਰ ਦੇ ਵੀ ਜਨਰਲ ਸਕੱਤਰ ਰਹੇ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਵੀ ਆਪ ਦਾ ਮਹੱਤਵਪੂਰਨ ਰੋਲ ਹੈ। ਆਪ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਂਦ ਵਿੱਚ ਆਇਆ ਸੀ। ਆਪ ਨੇ ਮੋਹਾਲੀ, ਚੰਡੀਗੜ੍ਹ ਅਤੇ ਮਹਿਰੌਲੀ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ। ਗਿਆਨੀ ਗੁਰਦਿਤ ਸਿੰਘ ਦੀਆਂ ਪੰਜਾਬ, ਪੰਜਾਬੀ ਅਤੇ ਸਿੱਖ ਧਰਮ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਕਈ ਮਾਨ ਸਨਮਾਨ ਵੀ ਦਿਤੇ ਗਏ। ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਨਾਏ ਗਏ300 ਸਾਲਾ ਸ਼ਤਾਬਦੀ ਸਮਾਰੋਹਾਂ ਦੇ ਮੌਕੇ ਆਪ ਨੇ 50 ਪੁਸਤਕਾਂ ਦੀ ਸੰਪਾਦਨਾ ਕੀਤੀ, ਜਿਹੜੀਆਂ ਸਿੱਖੀ ਵਿਚਾਰਧਾਰਾ ਤੇ ਪਹਿਰਾ ਦਿੰਦੀਆਂ ਹਨ। ਗਿਆਨੀ ਗੁਰਦਿਤ ਸਿੰਘ ਨੇ ਇਸ ਤੋਂ ਇਲਾਵਾ 20 ਪੁਸਤਕਾਂ ਲਿਖੀਆਂ। ਉਹਨਾ ਨੂੰ ਮਿਲੇ ਮਾਨ ਸਨਮਾਨਾਂ ਵਿੱਚ ਭਾਸ਼ਾ ਵਿਭਾਗ ਵਲੋਂ ਪੰਜਾਬੀ ਸਾਹਿਤ ਸ਼ਰੋਮਣੀ ਪੁਰਸਕਾਰ 2006, ਪੰਜ ਪਾਣੀ ਪੁਰਸਕਾਰ 2005, ਦੂਰਦਰਸ਼ਨ ਜ¦ਧਰ ਵਲੋਂ ਚੀਫ ਖਾਲਸਾ ਦੀਵਾਨ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ ਪੁਰਸਕਾਰ 2000, ਕਰਤਾਰ ਸਿੰਘ ਧਾਲੀਵਾਲ ਅਵਾਰਡ, ਐਸ. ਜੀ. ਪੀ. ਸੀ. ਵਲੋਂ ਗੁਰਮਿਤ ਅਚਾਰੀਆ ਅਵਾਰਡ 1991, ਯੂਨੈਸਕੋ ਵੱਲੋਂ ਸਨਮਾਨ, ਮੇਰਾ ਪਿੰਡ ਪੁਸਤਕ ਲਈ 1967 ਅਤੇ ਤਿਥ ਤਿਉਹਾਰ ਲਈ 1960 ਆਦਿ ਸ਼ਾਮਲ ਹਨ। ਆਪ ਦਾ ਇੱਕ ਲੜਕਾ ਰੁਪਿੰਦਰ ਸਿੰਘ ਪੱਤਰਕਾਰੀ ਦੇ ਕਿੱਤੇ ਵਿੱਚ ਹੈ। 17 ਜਨਵਰੀ 2007 ਨੂੰ ਗਿਆਨੀ ਗੁਰਦਿਤ ਸਿੰਘ 83 ਸਾਲ 10 ਮਹੀਨੇ 24 ਦਿਨ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।

Send this to a friend