ਪਾਕਿਸਤਾਨ ਦੇ ਗੁਰਧਾਮਾਂ ’ਚ ਸਾਫ ਪਾਣੀ ਕੀਤਾ ਜਾਵੇਗਾ ਮੁਹੱਈਆ : ਡਾ. ਓਬਰਾਏ

ਲਹਿੰਦੇ ਪੰਜਾਬ ਦੇ ਗਵਰਨਰ ਨਾਲ ਹੋਈ ਵਿਸ਼ੇਸ਼ ਮੀਟਿੰਗ

ਵਾਸ਼ਿੰਗਟਨ ਡੀ.ਸੀ. (ਯੂ.ਐਸ.ਏ.)- ਇਸ ਵਕਤ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ, ਜਿਸ ਨੂੰ ਮੁੱਖ ਰੱਖਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇਸ ਦੇ ਹੱਲ ਲਈ ਇਕ ਬੀੜਾ ਚੁੱਕਿਆ ਹੈ। ਵਾਸ਼ਿੰਗਟਨ ਡੀ.ਸੀ. ਵਿਖੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਵਿਚੋਲਗੀ ਕਰਦਿਆਂ ਹੋਇਆਂ ਡਾ. ਐਸ.ਪੀ. ਸਿੰਘ ਓਬਰਾਏ ਅਤੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨਾਲ ਇਕ ਮੁਲਾਕਾਤ ਦਾ ਆਯੋਜਨ ਕੀਤਾ, ਜਿਸ ਦੌਰਾਨ ਉਥੋਂ ਦੇ ਪੀਣ ਵਾਲੇ ਪਾਣੀਆਂ ਬਾਰੇ ਚਿੰਤਾ ਪ੍ਰਗਟ ਕੀਤੀ ਗਈ। ਸਿੱਖਾਂ ਦੇ ਬਹੁਤ ਸਾਰੇ ਇਤਿਹਾਸਕ ਗੁਰੂਘਰ ਪਾਕਿਸਤਾਨ ਵਿਚ ਹਨ ਅਤੇ ਉਥੇ ਵੀ ਬਹੁਤੀਆਂ ਥਾਵਾਂ ’ਤੇ ਪਾਣੀ ਪੀਣ ਯੋਗ ਨਹੀਂ ਰਿਹਾ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਓਬਰਾਏ ਨੇ ਇਨ੍ਹਾਂ ਗੁਰੂਘਰਾਂ ਵਿਚ ਸਾਫ ਪਾਣੀ ਮੁਹੱਈਆ ਕਰਨ ਲਈ ਆਰ.ਓ. ਮਸ਼ੀਨਾਂ ਲਵਾਉਣ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜਿੰਨੀਆਂ ਵੀ ਮਸ਼ੀਨਾਂ ਦੀ ਲੋੜ ਹੈ, ਉਹ ਆਪਣੇ ਤੌਰ ’ਤੇ ਪਾਕਿਸਤਾਨ ਦੇ ਗੁਰਧਾਮਾਂ ’ਚ ਲਾਉਣਗੇ। ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਨ੍ਹਾਂ ਆਗੂਆਂ ਦਾ ਧੰਨਵਾਦ ਕੀਤਾ। ਫੈਸਲਾ ਇਹ ਹੋਇਆ ਕਿ ਪਹਿਲਾਂ ਪੰਜ ਵੱਖ-ਵੱਖ ਗੁਰੂ ਘਰਾਂ ਵਿਚ ਇਹ ਆਰ.ਓ. ਮਸ਼ੀਨਾਂ ਤਜ਼ਰਬੇ ਦੇ ਤੌਰ ’ਤੇ ਲਾਈਆਂ ਜਾਣਗੀਆਂ। ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਆਰ.ਓ. ਮਸ਼ੀਨਾਂ ਪਾਕਿਸਤਾਨ ਦੇ ਗੁਰਧਾਮਾਂ ਵਿਚ ਲਾ ਕੇ ਸਾਫ ਪਾਣੀ ਦਾ ਬੰਦੋਬਸਤ ਕੀਤਾ ਜਾਵੇਗਾ। ਇਸ ਮੌਕੇ ਡਾ. ਐਸ.ਪੀ. ਸਿੰਘ ਓਬਰਾਏ ਨੇ ਉਥੇ ਡਾਇਲਸਿਸ ਸੈਂਟਰ ਦੇਣ ਦੀ ਵੀ ਪੇਸ਼ਕਸ਼ ਕੀਤੀ। ਪਹਿਲੇ ਪੜਾਅ ਵਿਚ 3 ਡਾਇਲਸਿਸ ਯੂਨਿਟ ਲਾਉਣ ਦੀ ਵਿਉਂਤ ਬਣ ਰਹੀ ਹੈ। ਇਸ ਦੇ ਨਾਲ-ਨਾਲ ਉਥੇ ਦੇ ਗੁਰੂਘਰਾਂ ਵਿਚ ਹੋਰ ਵੀ ਬਹੁਤ ਸਾਰੇ ਸਮਾਜਿਕ ਕੰਮ ਕੀਤੇ ਜਾਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿਚ ਲੈਬਾਰਟਰੀ, ਡਿਸਪੈਂਸਰੀ ਤੇ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੈਲੀਫੋਰਨੀਆ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ।
– ਪੰਜਾਬ ਟਾਇਮਜ਼ ਬਿਊਰੋ

Send this to a friend