ਪੰਜਾਬ, ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਕਿਸਾਨ ਤੇ ਖੇਤ-ਮਜ਼ਦੂਰ ਦਾ ਕਰਜ਼ਾ ਬਿਲਕੁਲ ਮੁਆਫ਼ ਨਹੀਂ ਹੋਇਆ- ਕਾਂਗਰਸ ਦਾ ਚੋਣ ਮਨੋਰਥ ਪੱਤਰ ਝੂਠ ਦਾ ਪਲੰਦਾ

ਸ੍ਰੀ ਫ਼ਤਹਿਗੜ੍ਹ ਸਾਹਿਬ- ਕਾਂਗਰਸ ਜਮਾਤ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ, ਬੀਬੀ ਸੋਨੀਆਂ ਗਾਂਧੀ ਅਤੇ ਸਾਬਕਾ ਵਜ਼ੀਰ-ਏ-ਆਜ਼ਮ ਡਾਕਟਰ ਮਨਮੋਹਨ ਸਿੰਘ ਵਲੋਂ ਅਜ ਦਿਲੀ ਵਿਖੇ ਲੋਕ ਸਭਾ ਦੀਆਂ 2019 ਦੀਆਂ ਹੋ ਰਹੀਆ ਜਰਨਲ ਚੋਣਾਂ ਦੇ ਸੰਬੰਧ ਵਿਚ ਜੋ ਚੋਣ ਮਨੋਰਥ ਪਤਰ ਜਾਰੀ ਕੀਤਾ ਗਿਆ ਹੈ, ਉਸ ਵਿਚ ਕਾਂਗਰਸ ਜਮਾਤ ਅਤੇ ਉਪਰੋਕਤ ਆਗੂਆਂ ਨੇ ਇਹ ਦਾਅਵਾ ਕੀਤਾ ਹੈ ਕਿ ਜਦੋਂ ਸਾਡੀਆ ਕਾਂਗਰਸ ਦੀਆਂ ਸਰਕਾਰਾਂ ਪੰਜਾਬ, ਰਾਜਸਥਾਂਨ, ਛਤੀਸਗੜ੍ਹ ਅਤੇ ਮਧ ਪ੍ਰਦੇਸ਼ ਵਿਚ ਬਣੀਆ ਤਾਂ ਅਸੀਂ ਪਲਾਂ ਵਿਚ ਹੀ ਉਪਰੋਕਤ ਚਾਰੇ ਸੂਬਿਆਂ ਦੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੇ ਸਮੁਚੇ ਕਰਜੇ ਮੁਆਫ਼ ਕਰ ਦਿਤੇ ਅਤੇ ਜਦੋਂ ਵੀ ਸਾਡੀ ਲੋਕ ਸਭਾ ਦੀਆਂ ਚੋਣਾਂ ਤੋਂ ਉਪਰੰਤ ਸੈਂਟਰ ਵਿਚ ਸਰਕਾਰ ਹੋਂਦ ਵਿਚ ਆਈ ਤਾਂ ਅਸੀਂ ਸਮੁਚੇ ਮੁਲਕ ਦੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੇ ਕਰਜੇ ਇਸੇ ਤਰ੍ਹਾਂ ਮੁਆਫ਼ ਕਰਾਂਗੇ । ਇਹ ਚੋਣ ਮਨੋਰਥ ਪਤਰ ਵਿਚ ਕੀਤਾ ਗਿਆ ਵਾਅਦਾ ਬਿਲਕੁਲ ਝੂਠ ਦਾ ਪਲੰਦਾ ਹੈ । ਕਿਉਂਕਿ ਪੰਜਾਬ ਸਮੇਤ ਉਪਰੋਕਤ ਤਿੰਨੇ ਸੂਬਿਆਂ ਦੇ ਕਿਸਾਨ ਅਤੇ ਖੇਤ-ਮਜ਼ਦੂਰ ਅਜ ਵੀ ਵਡੀ ਗਿਣਤੀ ਵਿਚ ਖੁਦਕਸ਼ੀਆ ਕਰ ਰਹੇ ਹਨ ਅਤੇ ਪੰਜਾਬ ਸੂਬੇ ਦੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀ ਹਾਲਤ ਤਾਂ ਹੋਰ ਵੀ ਬਦਤਰ ਬਣ ਚੁਕੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ ਜਮਾਤ ਵਲੋਂ ਅਜ ਦਿਲੀ ਵਿਖੇ ਚੋਣ ਮਨੋਰਥ ਪਤਰ ਜਾਰੀ ਕਰਦੇ ਹੋਏ ਜੋ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੇ ਕਰਜੇ ਮੁਆਫ਼ ਕਰਨ ਦੀ ਗਲ ਕੀਤੀ ਹੈ, ਉਸ ਨੂੰ ਗੁੰਮਰਾਹਕੁੰਨ ਅਤੇ ਝੂਠ ਦਾ ਪਲੰਦਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦਾ ਤਾਂ ਕਰੋੜਾਂ ਰੁਪਏ ਦੇ ਗੰਨੇ ਦਾ ਬਕਾਇਆ ਅਜੇ ਖੜ੍ਹਾ ਹੈ । ਜਿਸਦੇ ਵਿਆਜ ਦੀ ਵੀ ਵਡੀ ਰਕਮ ਬਣਦੀ ਹੈ । ਜਿਥੋਂ ਤਕ ਖੇਤ-ਮਜ਼ਦੂਰ ਦੀ ਗਲ ਹੈ, ਉਸ ਕੋਲ ਤਾਂ ਆਪਣੇ ਅਤੇ ਆਪਣੇ ਪਰਿਵਾਰ ਦੇ ਰਹਿਣ ਲਈ ਵੀ ਲੋੜੀਦੇ ਘਰ, ਗੈਸ, ਡੰਗਰ-ਵਛੇ ਨੂੰ ਬੰਨਣ ਲਈ ਸਥਾਂਨ ਹੀ ਨਹੀਂ ਹੈ । ਜਿਥੇ ਇਹ ਪਰਿਵਾਰ ਰਹਿੰਦੇ ਹਨ ਉਥੇ ਹੀ ਆਪਣਾ ਡੰਗਰ-ਵਛਾ ਬੰਨਦੇ ਹਨ ਅਤੇ ਉਥੇ ਹੀ ਇਨ੍ਹਾਂ ਦੇ ਪੁਤ ਅਤੇ ਨੂੰਹ ਵੀ ਰਹਿੰਦੇ ਹਨ ।
ਸਬਜੀਆ ਅਤੇ ਹੋਰ ਫ਼ਸਲਾਂ ਜੋ ਕਿਸਾਨ ਵਲੋਂ ਉਤਪਾਦ ਕੀਤੀਆ ਜਾਂਦੀਆ ਹਨ, ਉਨ੍ਹਾਂ ਦਾ ਮੰਡੀਕਰਨ ਨਾ ਹੋਣ ਕਾਰਨ ਇਕ ਤਾਂ ਉਨ੍ਹਾਂ ਨੂੰ ਆਪਣੀਆ ਫ਼ਸਲਾਂ ਵੇਚਣ ਵਿਚ ਵਡੀ ਮੁਸ਼ਕਿਲ ਆ ਰਹੀ ਹੈ, ਦੂਸਰਾ ਉਨ੍ਹਾਂ ਨੂੰ ਉਨ੍ਹਾਂ ਦੀ ਵਾਜਿਬ ਕੀਮਤ ਵੀ ਨਹੀਂ ਮਿਲਦੀ । ਜਿਸ ਕਾਰਨ ਅਜ ਖੇਤੀ ਦਾ ਧੰਦਾ ਘਾਟੇ ਦਾ ਸੌਦਾ ਹੋ ਕੇ ਰਹਿ ਗਿਆ ਹੈ । ਡੀਜ਼ਲ, ਖਾਂਦਾ, ਕੀੜੇਮਾਰ ਦਵਾਈਆ, ਕਿਸਾਨੀ ਔਜਾਰਾਂ ਦੀਆਂ ਕੀਮਤਾਂ ਜੀ.ਐਸ.ਟੀ. ਅਤੇ ਹੋਰ ਟੈਕਸਾਂ ਦੀ ਬਦੌਲਤ ਐਨੀਆ ਵਧ ਚੁਕੀਆ ਹਨ ਕਿ ਕਿਸਾਨ ਦੀ ਫ਼ਸਲ ਦੀ ਲਾਗਤ ਵੀ ਪੂਰੀ ਹੋਣੀ ਮੁਸ਼ਕਿਲ ਹੋ ਗਈ ਹੈ । ਇਸ ਲਈ ਜੋ ਕਾਂਗਰਸ ਜਮਾਤ ਵਲੋਂ ਇਥੋਂ ਦੇ ਨਿਵਾਸੀਆ ਨੂੰ ਗੁੰਮਰਾਹ ਕਰਕੇ ਆਉਣ ਵਾਲੀਆ 2019 ਦੀਆਂ ਲੋਕ ਸਭਾ ਚੋਣਾਂ ਲਈ ਵੋਟਾਂ ਪ੍ਰਾਪਤ ਕਰਨ ਦੀ ਗਲ ਹੋ ਰਹੀ ਹੈ, ਇਹ ਸਿਰਫ਼ ਲੁਭਾਣੇ ਨਾਅਰੇ ਅਤੇ ਝੂਠੇ ਵਾਅਦੇ ਹਨ । ਫਿਰ ਇਸ ਕਾਂਗਰਸ ਜਮਾਤ ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿਖ ਕੌਮ ਨਾਲ ਬੀਤੇ ਸਮੇਂ ਵਿਚ ਹਰ ਖੇਤਰ ਵਿਚ ਵਧੀਕੀਆ, ਜ਼ਬਰ-ਜੁਲਮ ਵੀ ਕੀਤੇ ਹਨ । ਇਥੋਂ ਦੀਆਂ ਨਹਿਰਾਂ, ਦਰਿਆਵਾਂ ਦੇ ਪਾਣੀਆ ਨੂੰ ਜ਼ਬਰੀ ਖੋਹਕੇ ਦਿਲੀ, ਹਰਿਆਣਾ, ਰਾਜਸਥਾਂਨ ਅਤੇ ਚੰਡੀਗੜ੍ਹ ਨੂੰ ਦਿਤੇ ਜਾ ਰਹੇ ਹਨ । ਇਹ ਹੋਰ ਵੀ ਵਿਤਕਰੇ ਵਾਲੇ ਅਮਲ ਹੋ ਰਹੇ ਹਨ ਕਿ ਇਨ੍ਹਾਂ ਪਾਣੀਆ ਦੀ ਜੋ ਰਿਅਲਟੀ ਕੀਮਤ ਕਰੋੜਾਂ-ਅਰਬਾਂ ਰੁਪਏ ਦੀ ਬਣਦੀ ਹੈ, ਉਹ ਪੰਜਾਬ ਸੂਬੇ ਨੂੰ ਕਦੀ ਵੀ ਭੁਗਤਾਨ ਨਹੀਂ ਕੀਤੀ ਗਈ । ਬਿਜਲੀ ਪੈਦਾ ਕਰਨ ਵਾਲੇ ਡੈਂਮ ਜਿਨ੍ਹਾਂ ਉਤੇ ਕਾਨੂੰਨੀ ਅਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਸੂਬੇ ਦੀ ਮਲਕੀਅਤ ਬਣਦੀ ਹੈ, ਉਨ੍ਹਾਂ ਨੂੰ ਵੀ ਬੀਤੀਆ ਕਾਂਗਰਸ ਜਮਾਤਾਂ ਦੀ ਹਕੂਮਤ ਸਮੇਂ ਗੈਰ-ਕਾਨੂੰਨੀ ਤਰੀਕੇ ਖੋਹਕੇ ਦੂਸਰੇ ਸੂਬਿਆ ਨੂੰ ਬਿਜਲੀ ਦੀ ਸਪਲਾਈ ਦਿਤੀ ਜਾ ਰਹੀ ਹੈ। ਜਦੋਂਕਿ ਪੰਜਾਬ ਦੀ ਖੇਤੀ ਲਈ ਅਤੇ ਉਦਯੋਗ ਲਈ ਇਹ ਬਿਜਲੀ ਪਹਿਲ ਦੇ ਆਧਾਰ ਤੇ ਦੇਣੀ ਬਣਦੀ ਹੈ । ਫਿਰ ਜੇ ਪਾਣੀ ਤੇ ਬਿਜਲੀ ਵਾਧੂ ਹੋਵੇ ਫਿਰ ਹੀ ਦੂਸਰੇ ਸੂਬੇ ਨੂੰ ਦਿਤੀ ਜਾਣੀ ਚਾਹੀਦੀ ਹੈ ਅਤੇ ਉਸਦੀ ਰਿਅਲਟੀ ਕੀਮਤ ਪੰਜਾਬ ਨੂੰ ਮਿਲਣੀ ਚਾਹੀਦੀ ਹੈ । ਇਨ੍ਹਾਂ ਸਾਰੀਆਂ ਵਧੀਕੀਆ ਤੇ ਬੇਇਨਸਾਫ਼ੀਆ ਲਈ ਹੁਣ ਤਕ ਦੀ ਕਾਂਗਰਸ ਜਮਾਤ ਹੀ ਮੁਖ ਜਿੰਮੇਵਾਰ ਹੈ। ਜਿਸਨੇ ਪੰਜਾਬ, ਪੰਜਾਬੀਆਂ ਅਤੇ ਸਿਖ ਕੌਮ ਨਾਲ ਅਨਿਆਏ ਕੀਤਾ ।

Send this to a friend