ਸੋਸ਼ਲ ਮੀਡੀਆ ਅਤੇ ਟੀ ਵੀ ਚੈਨਲਾਂ ’ਤੇ ਕੂੜ ਕਬਾੜ ਨੂੰ ਠੱਲ੍ਹਣ ਦਾ ਸਮਾਂ

ਪਿਛਲੇ ਕੁਝ ਕੁ ਸਾਲਾਂ ਤੋਂ ਇਕ ਪਾਸੇ ਸ਼ੋਸਲ ਮੀਡੀਆ ਅਤੇ ਦੂਜੇ ਪਾਸੇ ਇਸ ਤੋਂ ਕਾਫੀ ਸਮਾਂ ਪਹਿਲਾਂ ਸ਼ੁਰੂ ਹੋਏ ਟੀ ਵੀ ਚੈਨਲਾਂ ਨੇ ਆਪਣੀ ਟੀ ਆਰ ਪੀ ਵਧਾਉਣ ਲਈ ਜਿਸ ਤਰ੍ਹਾਂ ਦੇ ਹੱਥਕੰਡੇ ਸ਼ੁਰੂ ਕੀਤੇ ਹਨ ਇਸ ਸਭ ਨੇ ਸੂਝਵਾਨ ਲੋਕਾਂ ਨੂੰ ਬੜਾ ਚਿੰਤਤ ਕਰ ਦਿਤਾ ਹੈ ਅਤੇ ਸੋਚਣ ’ਤੇ ਲਾ ਦਿਤਾ ਹੈ ਕਿ ਆਖਰ ਇਸ ਦਾ ਹੱਲ ਕੀ ਹੋਵੇਗਾ? ਸੋਸ਼ਲ ਮੀਡੀਆ ’ਤੇ ਜਿਸ ਤਰ੍ਹਾਂ ਕੂੜ ਕਬਾੜ ਅਤੇ ਇਕ ਹੱਦ ਨੰਗੇਜ਼ ਤੇ ਝੂਠ ਸੱਚ ਨੂੰ ਪੇਸ਼ ਕੀਤਾ ਜਾ ਰਿਹਾ ਹੈ ਇਸ ਨਾਲ ਚੰਗੇ ਭਲੇ ਪਰਵਾਰ ਵੀ ਇਸ ਤੋਂ ਤ੍ਰਭਕਣ ਲੱਗੇ ਹਨ। ਕੋਈ ਪਤਾ ਨਹੀਂ ਕਦੋਂ ਕਿਸ ਨੇ ਕਿਸੇ ਚੰਗੇ ਭਲੇ ਆਦਮੀ ਦੀ ਪੱਤ ਮਿੱਟੀ ਵਿਚ ਰੋਲ ਛਡਣੀ ਹੈ। ਦੂਜੇ ਪਾਸੇ ਟੀ ਵੀ ਚੈਨਲਾਂ ਨੇ ਸਮਾਜ ਨੂੰ ਕੋਈ ਨਵੀਂ ਸੇਧ ਦੇਣ ਵਾਲੇ ਲੜੀਵਾਰ ਤਾਂ ਘੱਟ ਵੱਧ ਹੀ ਪੇਸ਼ ਕੀਤੇ ਹੋਣਗੇ ਸਗੋਂ ਨੰਗੇਜ਼ ਅਤੇ ਅੰਧਵਿਸ਼ਵਾਸੀ ਸੀਰੀਅਲਾਂ ਨੂੰ ਪੇਸ਼ ਕਰਕੇ ਪਰਵਾਰਾਂ ਨੂੰ ਚੈਨਲ ਬੰਦ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਖਬਰਾਂ ਪੱਖੋਂ ਤਾਂ ਇਨ੍ਹਾਂ ਚੈਨਲਾਂ ਨੇ ਮਹਿਜ਼ ਦੌੜ ਵਿਚ ਅਵੱਲ ਰਹਿਣ ਦੀ ਖਾਤਰ ਹੋਲੀ ਹੋਲੀ ਆਪਣੀ ਭਰੋਸੇਯੋਗਤਾ ਹੀ ਗੁਆ ਲਈ ਹੈ। ਇਸ ਦੇ ਟਾਕਰੇ ਤੇ ਪ੍ਰਿੰਟ ਮੀਡੀਆ ਦੀ ਭਰੋਸੇਯੋਗਤਾ ਅਜੇ ਵੀ ਬਣੀ ਹੋਈ ਹੈ ਕਿਉਂਕਿ ਇਸ ਨੇ ਸਵੇਰੇ ਲੋਕਾਂ ਦੇ ਹੱਥਾਂ ਵਿਚ ਪਹੁੰਚਣਾ ਹੈ ਅਤੇ ਇਸ ਲਈ ਜਵਾਬਦੇਹੀ ਵੀ ਹੈ। ਟੀ ਵੀ ਚੈਨਲਾਂ ਲਈ ਤਾਂ ਲਗਦੈਂ ਕਿਸੇ ਦੀ ਜਵਾਬਦੇਹੀ ਹੈ ਹੀ ਨਹੀਂ ਜੋ ਸਿਰੇ ਦਾ ਨੰਗੇਜ਼, ਅੰਧ ਵਿਸ਼ਵਾਸ ਅਤੇ ਅੱਖਾਂ ਵਿਚ ਘੱਟਾ ਪਾਉਣ ਵਾਲੇ ਦ੍ਰਿਸ਼ ਬਿਨਾ ਹਿਚਕਚਾਹਟ ਪੇਸ਼ ਕਰ ਰਹੇ ਹਨ। ਲਗਦਾ ਕਿ ਸਰਕਾਰ ਨੂੰ ਵੀ ਇਸ ਦੀ ਕੋਈ ਪ੍ਰਵਾਹ ਨਹੀਂ ਜਾਂ ਸਰਕਾਰ ਜਾਣਬੂਝ ਕੇ ਇਸ ’ਤੇ ਕੰਟਰੋਲ ਹੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਅੱਗੋਂ ਇਸ਼ਤਿਹਾਰਾਂ ਰਾਹੀਂ ਇਨ੍ਹਾਂ ਦਾ ਮੂੰਹ ਬੰਦ ਕਰਕੇ ਆਪਣੀ ਮਨਮਰਜ਼ੀ ਦਾ ਰਜੱਵਾਂ ਪਰਚਾਰ ਕਰਵਾ ਰਹੀ ਹੈ। ਨਿੱਜੀ ਚੈਨਲ ਤਾਂ ਗਏ ਗੁਜ਼ਰੇ ਹਨ ਹੀ ਸਰਕਾਰੀ ਚੈਨਲ ਇਨ੍ਹਾਂ ਨਾਲੋਂ ਵੀ ਵੱਧ ਨਿਵਾਣਾਂ ਛੋਹ ਚੁੱਕੇ ਹਨ। ਕਿਸੇ ਥਾਂ ’ਤੇ ਵੀ 135 ਕਰੋੜ ਭਾਰਤੀਆਂ ਦੇ ਪ੍ਰਜਵ¦ਤ ਮੁੱਦਿਆਂ ਦੀ ਗੱਲ ਨਹੀਂ ਛੇੜੀ ਜਾ ਰਹੀ। ਲਗਦਾ ਸਿਆਸਤਦਾਨ ਅਤੇ ਚੈਨਲ ਵੀ ਲੋਕ ਮੁੱਦਿਆਂ ਨੂੰ ਭੁਲ ਭੁਲਾ ਗਏ ਹਨ ਅਤੇ ਉਹ ਆਪਣੀ ਕੁਰਸੀ ਸਹੀ ਸਲਾਮਤ ਰੱਖਣ ਲਈ ਇਨ੍ਹਾਂ ਦੀ ਪੂਰੀ ਓਟ ਲੈਂਦੇ ਹਨ।
ਇਹ ਅੰਨਾ ਮੋੜ ਏਨੀ ਛੇਤੀ ਕਿਉਂ ਆਇਆ ਹੈ? ਆਓ ਇਸ ’ਤੇ ਚਰਚਾ ਕਰਦੇ ਹਾਂ। ਮਹਿਜ਼ ਸੱਤਰਵਿਆਂ ਵਿਚ ਦਿੱਲੀ ਦੂਰਦਰਸ਼ਨ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਹੋਲੀ ਹੋਲੀ ਦੇਸ਼ ਦੇ ਦੂਜੇ ਸੂਬਿਆਂ ’ਚ ਇਸ ਦੀਆਂ ਸ਼ਾਖਾਵਾਂ ਖੁੱਲੀਆਂ। ਭਾਰਤ ਲਈ ਇਹ ਨਵਾਂ ਤਜਰਬਾ ਸੀ ਇਸ ਲਈ ਇਸ ਨੂੰ ਵਿਸ਼ਾਲ ਬੁਨਿਆਦੀ ਢਾਂਚੇ ਦੀ ਜ਼ਰੂਰਤ ਸੀ। ਇਸ ਨੂੰ ਉਸਾਰਨ ਵਿਚ ਸਮਾਂ ਲਗਣਾ ਹੀ ਸੀ। ਲੋਕਾਂ ਕੋਲ ਮਨੋਰੰਜਨ ਦਾ ਸਾਧਨ ਕੇਵਲ ਰੇਡਿਓ ਹੀ ਸੀ ਅਤੇ ਬਹੁਤੀ ਥਾਈਂ ਉਹ ਵੀ ਉਪਲਬੱਧ ਨਹੀਂ ਸੀ। ਫਿਰ ਵੀ ਵਿਕਾਸ ਦੀ ਦੌੜ ਵਿਚ ਪੈਰ ਰੱਖ ਕੇ ਇਹ ਸਾਧਨ ਪੈਦਾ ਕਰਨੇ ਜ਼ਰੂਰੀ ਸਨ। ਜਦੋਂ ਦਿੱਲੀ ਦੂਰਦਰਸ਼ਨ ਸ਼ੁਰੂ ਹੋਇਆ ਇਕ ਤਾਂ ਇਹ 24 ਘੰਟੇ ਨਹੀਂ ਸੀ ਚਲਦਾ ਦੂਜਾ ਖਬਰਾਂ ਅਤੇ ਛੋਟੀਆਂ ਮੋਟੀਆਂ ਕੁਝ ਬਹਿਸਾਂ ਤੇ ਸਾਹਿਤਕ ਪ੍ਰੋਗਰਾਮਾਂ ਤੋਂ ਬਿਨਾਂ ਮਹਾਂਭਾਰਤ ਅਤੇ ਰਮਾਇਣ, ਹਮ ਲੋਗ ਵਰਗੇ ਸੀਰੀਅਲ ਸ਼ੁਰੂ ਹੋਏ। ਟੀ ਵੀ ਖਰੀਦਣਾ ਵੀ ਹਰ ਘਰ ਦੀ ਪੁੱਜਤ ਨਹੀਂ ਸੀ। ਉਪਰੋਕਤ ਸੀਰੀਅਲਾਂ ਦੇ ਸ਼ੁਰੂ ਹੋਣ ਵੇਲੇ ਜਿਸ ਘਰ ਟੀ ਵੀ ਹੁੰਦਾ ਦੇ ਨੇੜੇ ਤੇੜੇ ਦੇ ਲੋਕ ਉਥੇ ਵੱਡੀ ਗਿਣਤੀ ਵਿਚ ਪਹੁੰਚ ਜਾਂਦੇ। ਸ਼ਹਿਰਾਂ ਦੇ ਕੁਝ ਰਜਦੇ ਪੁੱਜਦੇ ਪਰਵਾਰਾਂ ਨੂੰ ਲਲਕ ਹੋਣ ਲੱਗੀ ਕਿ ਜਿਵੇਂ ਬਾਹਰਲੇ ਮੁਲਕਾਂ ਵਿਚ ਟੀ ਵੀ ਚੈਨਲ 24 ਘੰਟੇ ਚਲਦੇ ਹਨ ਅਤੇ ਵੱਖ ਵੱਖ ਪ੍ਰੋਗਰਾਮ ਪੇਸ਼ ਹੁੰਦੇ ਹਨ ਇਸੇ ਤਰ੍ਹਾਂ ਦੇ ਹਿੰਦੋਸਤਾਨ ਵਿਚ ਕਿਉਂ ਨਹੀਂ? ਅਸਲ ਵਿਚ ਉਹ 24 ਘੰਟਿਆਂ ਨੂੰ ਆਪਣੇ ਹੱਥ ਵਿਚ ਫੜੇ ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦੇ ਸਨ। ਉਹ ਸਮਾਂ ਆਉਂਦਿਆਂ ਬਹੁਤ ਵਕਤ ਨਹੀਂ ਲੱਗਾ ਹਾਲਾਂਕਿ ਇਹ ਉਹ ਸਮਾਂ ਸੀ ਜਦੋਂ ਜਰਮਨੀ ਵਰਗੇ ਵਿਕਸਤ ਦੇਸ਼ ਦੇ ਲੋਕਾਂ ਵਲੋਂ 24 ਘੰਟੇ ਚਲਣ ਵਾਲੇ ਟੀ ਵੀ ਪ੍ਰੋਗਰਾਮ ਉਤੇ ਪਾਬੰਦੀ ਲਾਉਣ ਦੀ ਜ਼ੋਰਦਾਰ ਮੰਗ ਆਰੰਭੀ ਗਈ ਅਤੇ ਇਸ ਵਿਚ ਉਹ ਕਾਮਯਾਬ ਵੀ ਹੋਏ। ਇਨ੍ਹਾਂ ਲੋਕਾਂ ਦੀ ਦਲੀਲ ਇਹ ਸੀ ਕਿ ਇਕ ਤਾਂ ਚੌਵੀ ਘੰਟੇ ਚਲਣ ਵਾਲੇ ਪ੍ਰੋਗਰਾਮ ਖਾਸ ਕਰਕੇ ਬੱਚਿਆਂ ਉਤੇ ਮਾੜਾ ਅਸਰ ਪਾਉਣ ਵਾਲੇ ਪ੍ਰੋਗਰਾਮ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਹਨ। ਉਹ ਪੜ੍ਹਾਈ ਵਲ ਧਿਆਨ ਹੀ ਨਹੀਂ ਦਿੰਦੇ ਅਤੇ ਵੱਧ ਤੋਂ ਵੱਧ ਸਮਾਂ ਟੀ ਵੀ ਵਿਚ ਸਿਰ ਦੇਈ ਰਖਦੇ ਹਨ। ਜਾਪਦੈ ਉਹ ਸਮਾਂ ਹੁਣ ਭਾਰਤ ਵਿਚ ਵੀ ਆ ਗਿਆ ਹੈ। ਬੱਚਿਆਂ ਦੇ ਇਸ ਵਤੀਰੇ ਤੋਂ ਮਾਪੇ ਬਹੁਤ ਦੁੱਖੀ ਹਨ। ਦੋ ਸਾਲ ਦਾ ਬੱਚਾ ਰਿਮੋਟ ਲੈ ਕੇ ਟੀ ਵੀ ਅੱਗੇ ਬੈਠ ਬਟਨ ਬਦਲਣ ਲਗਦਾ ਹੈ। ਰਹਿੰਦੀ ਖੂੰਹਦੀ ਕਸਰ ਸੋਸ਼ਲ ਮੀਡੀਆ ਨੇ ਪੂਰੀ ਕਰ ਦਿਤੀ ਹੈ। ਭਲੇ ਹੀ ਇਸ ਵਿਚ ਕੁਝ ਕੰਮ ਦੀਆਂ ਗੱਲਾਂ ਵੀ ਹੁੰਦੀਆਂ ਹਨ ਬਹੁਤੀਆਂ ਗੱਲਾਂ ਆਪਣੇ ਮਤਲਬ ਦੀਆਂ ਨਹੀਂ ਹੁੰਦੀਆਂ। ਇਸ ਵਿਚਲੀਆਂ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਅਤੇ ਕਈ ਵਾਰ ਇਬਾਰਤਾਂ ਵੀ ਬੱਚਿਆਂ ਅਤੇ ਯੁਵਕ ਪੀੜੀ ਖਾਸ ਕਰਕੇ ਲੜਕੀਆਂ ਉਤੇ ਬਹੁਤ ਬੁਰਾ ਪ੍ਰਭਾਵ ਪਾਉਂਦੀਆਂ ਹਨ।
ਮੋਟੇ ਤੌਰ ’ਤੇ ਭਾਰਤ ਦੇ ਹਰ ਘਰ ਵਿਚ ਮੋਬਾਈਲ ਵਖਰੇਂਵੇ ਦਾ ਕਾਰਨ ਬਣਨ ਲੱਗੇ ਹਨ। ਕੀ ਛੋਟਾ ਕੀ ਵੱਡਾ ਕੀ ਬੱਚਾ ਕੀ ਬਜ਼ੁਰਗ ਅਤੇ ਕੀ ਔਰਤ ਅਤੇ ਲੜਕਾ ਲੜਕੀ ਹਰੇਕ ਦੇ ਹੱਥ ਵਿਚ ਮੋਬਾਈਲ ਹੈ। ਘਰਾਂ ਵਿਚ ਕੰਮ ਕਰਨ ਵਾਲੀਆਂ ਨੌਕਰਾਣੀਆਂ ਕੋਲ ਵੀ ਮਹਿੰਗੇ ਤੋਂ ਮਹਿੰਗੇ ਮੋਬਾਈਲ ਫੋਨ ਹਨ। ਰਿਕਸ਼ਾ ਚਲਾਉਣ ਅਤੇ ਰੇਹੜੀ ਤੇ ਸਬਜ਼ੀਆਂ ਫਲ ਵੇਚਣ ਵਾਲੇ ਦੁਕਾਨਦਾਰਾਂ ਕੋਲ ਵੀ। ਇਕ ਰਿਪੋਰਟ ਮੁਤਾਬਕ ਭਾਰਤ ਦੀ ਜਿੰਨੀ ਆਬਾਦੀ ਹੈ ਉਸ ਤੋਂ ਵੱਧ ਇਥੇ ਲੋਕਾਂ ਕੋਲ ਮੋਬਾਈਲ ਫੋਨ ਹਨ। ਕਈਆਂ ਕੋਲ ਦੋ-ਦੋ ਤਿੰਨ-ਤਿੰਨ ਵੀ। ਕੌੜਾ ਸੱਚ ਇਹ ਵੀ ਕਿ ਅੱਸੀਵਿਆਂ ਨੱਬੇਵਿਆਂ ਤਕ ਘਰ ਵਿਚ ਟੈਲੀਫੋਨ ਹੋਣਾ ਇਕ ਸਟੇਟਸ ਸੀ। ਮੋਬਾਈਲ ਤਾਂ ਨਬੇਵਿਆਂ ਤੋਂ ਰਤਾ ਪਿਛੇ ਸ਼ੁਰੂ ਹੋਇਆ। ਇਸ ਮੋਬਾਈਲ ਨੇ ਹਰ ਵੱਡੇ ਛੋਟੇ ਨੂੰ ਆਪਣੇ ਕੰਮ ਲਾ ਦਿਤਾ ਹੈ ਅਤੇ ਉਸ ਨੂੰ ਨਾਲ ਬੈਠੇ ਮਾਂ ਪਿਓ, ਭੈਣ ਭਰਾ ਜਾਂ ਹੋਰ ਕਿਸੇ ਰਿਸ਼ਤੇਦਾਰ ਦਾ ਵੀ ਅਹਿਸਾਸ ਨਹੀਂ ਰਹਿਣ ਦਿਤਾ। ਕੀ ਘਰ ਕੀ ਬਾਹਰ, ਰੇਲ ਗੱਡੀਆਂ, ਬੱਸਾਂ, ਹਵਾਈ ਜਹਾਜ਼, ਸਿਨੇਮਾਂ ਜਾਂ ਹੋਰ ਥਾਂਵਾਂ ’ਤੇ ਹਰ ਕੋਈ ਮੋਬਾਈਲ ਵਿਚ ਸਿਰ ਦੇਈ ਬੈਠਾ ਹੈ। ਚਿੱਠੀਆਂ ਦਾ ਯੁੱਗ ਤਾਂ ਪਹਿਲਾਂ ਹੀ ਸਮਾਪਤ ਹੋ ਗਿਆ ਸੀ ਹੁਣ ਟੈਲੀਫੋਨ ’ਤੇ ਗੱਲ ਕਰਨਾ ਵੀ ਲਗਭਗ ਖਤਮ; ਸਭ ਕੁਝ ਵਟਸਅਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ ਟਿਊਬ ’ਤੇ। ਜੋ ਕੁਝ ਇਨ੍ਹਾਂ ਸਭ ਤੇ ਪਰੋਸਿਆ ਜਾ ਰਿਹਾ ਹੈ ਉਸਨੂੰ ਵੇਖਕੇ ਕਈ ਵਾਰੀ ਬੜੀ ਕੋਫ਼ਤ ਹੁੰਦੀ ਹੈ। ਕੋਈ ਨਵੀਂ ਕਾਢ, ਖੋਜ ਹੁੰਦੀ ਤਾਂ ਸਮਾਜ ਦੇ ਭਲੇ ਲਈ ਹੈ ਅਤੇ ਇਨ੍ਹਾਂ ਟੀ ਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਨੇ ਸਾਡਾ ਸਵਾਰਿਆ ਘੱਟ ਹੈ ਵਿਗਾੜ ਜ਼ਿਆਦਾ ਰਿਹਾ ਹੈ। ਜਿਸ ਤਰ੍ਹਾਂ ਦੀ ਖੁੱਲ ਟੀ ਵੀ. ਚੈਨਲਾਂ ਤੇ ਦਿਖਾਈ ਜਾ ਰਹੀ ਹੈ ਉਸ ਨੂੰ ਨਵੀਂ ਪੀੜੀ ਅਪਨਾ ਰਹੀ ਹੈ ਜਿਸਨੇ ਸਮਾਜ ਵਿਚ ਕਈ ਵੱਡੀਆਂ ਸਮੱਸਿਆਵਾਂ ਖੜੀਆਂ ਕਰ ਦਿਤੀਆਂ ਹਨ। ਆਪਸੀ ਰਿਸ਼ਤਿਆਂ ਦੀ ਪੀੜੀ ਤੰਦ ਨੂੰ ਇਹ ਗਲੋਟੇ ਵਾਂਗ ਉਧੇੜ ਉਧੇੜ ਕੇ ਸੁੱਟ ਰਿਹਾ ਹੈ। ਚੰਗੇ ਭਲੇ ਸੁੱਖੀ ਸਾਂਦੀ ਵਸਦੇ ਪਰਵਾਰ ਵੇਖਦਿਆਂ ਵੇਖਦਿਆਂ ਕਲ੍ਹਾ ਕਲੇਸ਼ ਵਲ ਧੱਕਣੇ ਸ਼ੁਰੂ ਹੋ ਜਾਂਦੇ ਹਨ। ਸਾਡੇ ਵਡੇ ਵਡੇਰਿਆਂ, ਗੁਰੂਆਂ ਪੀਰਾਂ ਫਕੀਰਾਂ ਨੇ ਅੰਧਵਿਸ਼ਵਾਸਾਂ ਨੂੰ ਵੱਡੇ ਯਤਨਾਂ ਨਾਲ ਲੋਕਾਂ ਦੇ ਮਨਾਂ ਵਿਚੋਂ ਦੂਰ ਕੀਤਾ ਸੀ। ਅੱਜ ਤੇਜ਼ੀ ਅਤੇ ਪੜ੍ਹਾਈ ਦੇ ਦੌਰ ਵਿਚ ਵੀ ਅਸੀਂ ਮੁੜ ਇਨ੍ਹਾਂ ਅੰਧਵਿਸ਼ਵਾਸਾਂ ਵਿਚ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਨ। ਸੀਰੀਅਲਾਂ ਵਿਚ ਜਿਵੇਂ ਦੋ ਦੋ ਤਿੰਨ ਤਿੰਨ ਵਿਆਹ ਹੋ ਰਹੇ ਹਨ, ਵਿਆਹ ਦੇ ਪਵਿੱਤਰ ਬੰਧਨ ਕੱਚ ਦੇ ਧਾਗੇ ਵਾਂਗ ਤੋੜ ਦਿੱਤੇ ਜਾਂਦੇ ਹਨ ਅਤੇ ਔਰਤ ਨੂੰ ਅੱਜ ਵੀ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ ਇਹ ਸਭ ਕੀ ਹੈ? ਕਿਥੇ ਹਨ ਸਾਡੇ ਗੁਰੂਆਂ ਦੀਆਂ ਸਿਖਿਆਵਾਂ ਕਿ ਔਰਤ ਜੋ ਜੱਗ ਜਨਨੀ ਹੈ, ਬੜੀ ਮਹਾਨ ਹੈ। ਔਰਤ ਨੂੰ ਭੋਗ ਦੀ ਵਸਤੂ ਬਣਾ ਕੇ ਮੰਡੀ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਉਂਜ ਉਹ ਆਰਥਿਕ ਪਾੜੇ ਦੀ ਪੂਰਤੀ ਅਤੇ ਸ਼ੁਹਰਤ ਲਈ ਖੁਦ ਵਿਕ ਵੀ ਰਹੀ ਹੈ। ਕੀ ਸਾਡੇ ਚੈਨਲਾਂ ਨੇ ਸਾਡੇ ਲਈ ਸਿਰਫ਼ ਇਹੀਓ ਕੁਝ ਪੇਸ਼ ਕਰਨਾ ਹੈ? ਇਸ ਦੇਸ਼ ਦੇ ਬੁ¦ਦ ਸਭਿਆਚਾਰ ਨੂੰ ਕਦੋਂ ਪੇਸ਼ ਕਰਨਾ ਹੈ? ਘਰ ਦੇ ਹਰ ਜੀਆਂ ਲਈ ਕਦੋਂ ਉਹਦੀ ਲੋੜ ਮੁਤਾਬਕ ਪ੍ਰੋਗਰਾਮ ਦੇਣੇ ਹਨ ਜਿਸ ਨਾਲ ਸਮਾਜ ਦਾ ਸੁਧਾਰ ਹੋਵੇ। ਸਭ ਮਾਇਆ ਦੀ ਦੌੜ ਵਿਚ ਲੱਗੇ ਹੋਏ ਹਨ। ਇਹ ਅਸਲੋਂ ਬੜਾ ਖਤਰਨਾਕ ਮੋੜ ਹੈ। ਸਰਕਾਰਾਂ ਨੂੰ ਤਾਂ ਚਿੰਤਤ ਹੋਣਾ ਹੀ ਪਵੇਗਾ ਲੋਕਾਂ ਨੂੰ ਵੀ ਖਾਸ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹੁਣ ਤੋਂ ਨਵੇਂ ਤੇ ਸਿੱਧੇ ਰਾਹ ਪਾਉਣ ਲਈ ਚੈਨਲਾਂ ਦੇ ਸੀਰੀਅਲਾਂ ਦਾ ਸੈਂਸਰ ਸਖਤ ਹੋਣਾ ਚਾਹੀਦਾ ਹੈ। ਸੋਸ਼ਲ ਮੀਡੀਆ ਉਤੇ ਵੀ ਲਗਾਮ ਕੱਸਣ ਦੀ ਜ਼ਰੂਰਤ ਹੈ।

Send this to a friend