ਜਲੰਧਰ – ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਕਿਸਾਨਾਂ ਨੂੰ ਹੁਕਮ ਕਰਦੀਆਂ ਹਨ ਕਿ ਉਹ ਝੋਨੇ ਅਤੇ ਕਣਕ ਦੀ ਫਸਲ ਪੈਦਾ ਕਰਨੀ ਬੰਦ ਕਰਕੇ ਹੋਰ ਫਸਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਕਰਨ ਪਰ ਜਦੋਂ ਕਿਸਾਨ ਸਰਕਾਰੀ ਪਾਲਸੀਆਂ ਨੂੰ ਮੰਨਦੇ ਹੋਏ ਗੰਨੇ ਦੀ ਫਸਲ ਪੈਦਾ ਕਰਦਾ ਹੈ ਤਾਂ ਉਸ ਨੂੰ ਇਕ ਤਾਂ ਗੰਨਾ ਮਿੱਲ੍ਹਾਂ ਗੰਨੇ ਦੀ ਸਹੀ ਕੀਮਤ ਅਦਾ ਨਹੀਂ ਕਰਦੀਆਂ। ਫਿਰ ਗੰਨੇ ਦੀ ਫਸਲ ਦਾ ਕਰੋੜਾਂ ਰੁਪਏ ਦਾ ਬਕਾਇਆ ਜੋ ਕਿਸਾਨਾਂ ਨੂੰ ਦੇਣਾ ਹੈ, ਉਹ ਲੰਮੇ ਸਮੇਂ ਤੋਂ ਖੜ੍ਹਾ ਹੈ। ਫਿਰ ਕਿਸਾਨੀ ਪੈਦਾਵਾਰ ਦੀ ਕੌਮਾਂਤਰੀ ਮੰਡੀਕਰਨ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਨਾ ਨਿਭਾਉਣ ਦੀ ਬਦੌਲਤ ਕਿਸਾਨੀ ਕਿੱਤਾ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕਿਸਾਨ ਦੀ ਫਸਲ ਦੀ ਲਾਗਤ ਵੀ ਪੂਰੀ ਨਾ ਹੋਣ ਦੀ ਬਦੌਲਤ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮੰਗ ਕਰਦਾ ਹੈ ਕਿ ਗੰਨੇ ਦੀ ਫਸਲ ਦਾ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਅਤੇ ਗੰਨਾ ਮਿੱਲ੍ਹਾਂ ਤੁਰੰਤ ਵਿਆਜ ਸਹਿਤ ਭੁਗਤਾਨ ਕਰਨ ਦਾ ਪ੍ਰਬੰਧ ਕਰਨ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਵੀ ਗਰੀਬ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੇ ਹੋ ਰਹੇ ਦੁਖਦਾਇਕ ਅਮਲ, ਖੰਡ ਮਿੱਲ੍ਹਾਂ ਅਤੇ ਸਰਕਾਰ ਵੱਲੋਂ ਗੰਨੇ ਦੇ ਬਕਾਏ ਦਾ ਲੰਮੇ ਸਮੇਂ ਤੋਂ ਭੁਗਤਾਨ ਨਾ ਕੀਤੇ ਜਾਣ ਦੇ ਬੇਇਨਸਾਫੀ ਵਾਲੇ ਅਮਲਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਅਤੇ ਇਹ ਬਕਾਇਆ ਤੁਰੰਤ ਵਿਆਜ ਸਹਿਤ ਕਿਸਾਨਾਂ ਦੇ ਖਾਤੇ ਵਿੱਚ ਭੁਗਤਾਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਦੋਆਬੇ ਦੇ ਜ਼ਿੰਮੀਦਾਰਾਂ ਨਾਲ ਤਾਲਮੇਲ ਰੱਖਣ ਵਾਲੇ ਸਿਰਕੱਢ ਜ਼ਿੰਮੀਦਾਰ ਸ. ਸੁਖਜੀਤ ਸਿੰਘ ਡਰੋਲੀ ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਵੀ ਹਨ ਨੇ ਅੱਜ ਸਾਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਜ਼ਿੰਮੀਦਾਰ ਆਲੂ, ਗੰਨਾ ਮਟਰ, ਭਿੰਡੀ, ਗੋਭੀ ਆਦਿ ਦੀ ਪੈਦਾਵਾਰ ਕਰਦਾ ਹੈ ਤਾਂ ਉਸ ਦੀ ਸਹੀ ਕੀਮਤ ਤੇ ਇਕ ਤਾਂ ਖਰੀਦ ਨਾ ਹੋਣ ਕਾਰਨ, ਦੂਸਰਾ ਦੋਆਬੇ ਵਿੱਚ ਜੰਗਲੀ ਸੂਰ ਅਤੇ ਅਵਾਰਾ ਡੰਗਰਾਂ ਦੀ ਬਦੌਲਤ ਇਹ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਵਿਸ਼ੇ ਤੇ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ ਅਤੇ ਜ਼ਿੰਮੀਦਾਰ ਅੱਜ ਵੱਡੇ ਭੰਬਲਭੂਸੇ ਵਿੱਚ ਅਤੇ ਮਾੜੀ ਮਾਲੀ ਹਾਲਤ ਵਿੱਚ ਗੁਜਰ ਰਿਹਾ ਹੈ। ਸ. ਮਾਨ ਨੇ ਕਿਹਾ ਕਿ ਪਹਿਲੀ ਕਾਂਗਰਸ ਸਰਕਾਰ ਇੰਦਰਾ ਗਾਂਧੀ ਵੇਲੇ ਗਰੀਬੀ ਬਟਾਓ ਦਾ ਨਾਅਰਾ ਦਿੱਤਾ ਸੀ ਅਤੇ ਹੁਣ ਇਨ੍ਹਾਂ ਨੇ ਹਰ ਨਾਗਰਿਕ ਦੇ ਖਾਤੇ ਵਿੱਚ ਸਾਲ ਵਿੱਚ 72 ਹਜ਼ਾਰ ਰੁਪਏ ਜਮ੍ਹਾਂ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਮੋਦੀ ਹਕੂਮਤ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ ਅਤੇ ਹਰ ਨਾਗਰਿਕ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਨ ਦੇ ਝੂਠੇ ਸੁਪਨੇ ਦਿਖਾਏ ਸਨ।
ਜਦੋਂਕਿ ਰੰਘਰੇਟਿਆਂ, ਖੇਤ-ਮਜ਼ਦੂਰਾਂ ਅਤੇ ਕਿਸਾਨਾਂ ਦੀ ਦਿਨ ਪਰ ਦਿਨ ਅਤਿ ਬਦੱਤਰ ਹਾਲਤ ਹੁੰਦੀ ਜਾ ਰਹੀ ਹੈ। ਰੰਘਰੇਟਿਆਂ ਦੇ ਘਰਾਂ ਵਿੱਚ ਨਾ ਤਾਂ ਗੈਸ ਹੈ ਨਾ ਉਨ੍ਹਾਂ ਦੇ ਡੰਗਰ ਵੱਡਾ ਬੰਨ੍ਹਣ ਲਈ ਸਥਾਨ ਹਨ। ਅਵਾਰਾ ਗਊਆਂ ਜਿਥੇ ਫਸਲਾਂ ਉਜਾੜ ਰਹੀਆਂ ਹਨ ਉਥੇ ਨਿੱਦ ਦਿਹਾੜੇ ਵੱਡੇ ਹਾਦਸਿਆਂ ਦਾ ਕਾਰਨ ਵੀ ਬਣ ਰਹੀਆਂ ਹਨ। ਰੰਘਰੇਟਿਆਂ ਅਤੇ ਜ਼ਿੰਮੀਦਾਰਾਂ ਦੇ ਬੱਚਿਆਂ ਦੇ ਰੁਜ਼ਗਾਰ ਲਈ ਕੋਈ ਯੋਜਨਾ ਨਹੀਂ ਅਤੇ ਨਾ ਹੀ ਸਰਕਾਰਾਂ ਇਸ ਗੰਭੀਰ ਵਿਸ਼ੇ ਤੇ ਸੰਜੀਦਾ ਹਨ। ਦੋਆਬੇ ਦੇ ਗੁੱਜਰਾਂ ਦੇ ਵੱਡੀ ਗਿਣਤੀ ਵਿੱਚ ਡੰਗਰ ਵੀ ਸੜਕਾਂ, ਨਹਿਰਾਂ ਖਾਈਆਂ ਉਤੇ ਲੱਗੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਫਸਲਾਂ ਦਾ ਵੀ ਨੁਕਸਾਨ ਕਰ ਰਹੇ ਹਨ। ਸਰਕਾਰ ਵੱਲੋਂ ਇਸ ਦੀ ਰੋਕਥਾਮ ਲਈ ਕੁਝ ਨਹੀਂ ਕੀਤਾ ਜਾ ਰਿਹਾ। ਮਾਨਸਾ ਜ਼ਿਲ੍ਹੇ ਵਿੱਚ 10 ਕਰੋੜ ਦਾ ਟਿਊਬਵੈਲ ਕਾਰਪੋਰੇਸ਼ਨ ਨੇ ਵੱਡਾ ਘਪਲਾ ਕੀਤਾ ਹੈ ਪਰ ਅਜੇ ਤੱਕ ਦੋਸ਼ੀ ਐਸ.ਈ. ਅਤੇ ਐਕਸੀਅਨ ਗ੍ਰਿਫਤਾਰ ਹੀ ਨਹੀਂ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਪ੍ਰੋਕਤ ਕਾਂਗਰਸ, ਬੀਜੇਪੀ ਬਾਦਲ ਦਲੀਆਂ ਦੀਆਂ ਕਿਸਾਨ, ਖੇਤ-ਮਜ਼ਦੂਰ ਰੰਘਰੇਟਿਆਂ, ਦਲਿਤਾਂ ਆਦਿ ਮਾਰੂ ਨੀਤੀਆਂ ਦੀ ਜਿਥੇ ਪੁਰਜ਼ੋਰ ਨਿਖੇਧੀ ਕਰਦਾ ਹੈ ਉਥੇ ਇਨ੍ਹਾਂ ਸਬੰਧਤ ਸਭ ਵਰਗਾਂ ਨੂੰ ਆਉਣ ਵਾਲੀਆਂ 19 ਮਈ ਦੀਆਂ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਦੇਣ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪੱਖੀ ਸੋਚ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜਿਤਾਉਣ ਦੀ ਜ਼ੋਰਦਾਰ ਅਪੀਲ ਕਰਦਾ ਹੈ।
– ਪੰਜਾਬ ਟਾਇਮਜ਼ ਬਿਊਰੋ