ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲੱਗਣ ਕਾਰਨ ਦੋ ਮਹੀਨੇ ਹੋਰ ਕਰਨਗੀ ਪਵੇਗੀ ਉਡੀਕ
ਐਸ ਏ ਐਸ ਨਗਰ- ਪੰਜਾਬ ਸਰਕਾਰ ਦੀ ਕਥਿਤ ਢਿਲ ਮਠ ਕਾਰਨ ਸੂਬੇ ਦੇ ਵਖ ਵਖ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਸਹੂਲਤ ਲਈ ਮੁਹਈਆ ਕਰਵਾਈਆਂ ਜਾਣ ਵਾਲੀਆਂ ਐਂਬੂਲੈਂਸ ਗਡੀਆਂ ‘ਤੇ ਮਿਟੀ ਦੀ ਪਰਤ ਜਮ ਗਈ ਹੈ। ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਦਰਜਨਾਂ ਐਂਬੂਲੈਂਸਾਂ ਗਡੀਆਂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਇਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਦੇ ਵਿਹੜੇ ਵਿਚ ਖੜ੍ਹੀਆਂ ਹਨ। ਲੇਕਿਨ ਹੁਣ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸਰਕਾਰੀ ਹਸਪਤਾਲਾਂ ਨੂੰ ਇਨ੍ਹਾਂ ਐਂਬੂਲੈਂਸਾਂ ਲਈ ਦੋ ਮਹੀਨੇ ਹੋਰ ਉਡੀਕ ਕਰਨੀ ਪਵੇਗੀ। ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਕਿਹਾ ਕਿ ਜੇਕਰ ਇਹ ਐਂਬੂਲੈਂਸ ਗਡੀਆਂ ਤੁਰੰਤ ਨਹੀਂ ਵੰਡੀਆਂ ਗਈਆਂ ਤਾਂ ਇਨ੍ਹਾਂ ਦੇ ਟਾਇਰ ਅਤੇ ਹੋਰ ਸਾਜੋ ਸਾਮਾਨ ਖਰਾਬ ਹੋਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਲੋਕ ਹਿਤ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈ ਕੇ ਐਂਬੂਲੈਂਸ ਗਡੀਆਂ ਤੁਰੰਤ ਸਬੰਧਤ ਹਸਪਤਾਲਾਂ ਨੂੰ ਸੌਂਪੀਆਂ ਜਾਣ। ਬਸ਼ਰਤੇ ਹੁਕਮਰਾਨ ਪਾਰਟੀ ਲੋਕ ਸਭਾ ਚੋਣਾਂ ਵਿਚ ਐਂਬੂਲੈਂਸ ਸਬੰਧੀ ਕੋਈ ਸਿਆਸੀ ਲਾਹਾ ਨਾ ਲੈ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਐਂਬੂਲੈਂਸ ਗਡੀਆਂ ਖਰੀਦੀਆਂ ਗਈਆਂ ਸਨ, ਜੋ ਫਰਵਰੀ ਮਹੀਨੇ ਪੰਜਾਬ ਦੇ ਵਖ ਵਖ ਸਰਕਾਰੀ ਹਸਪਤਾਲਾਂ ਵਿਚ ਭੇਜੀਆਂ ਜਾਣੀਆਂ ਸਨ ਪ੍ਰੰਤੂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਇਨ੍ਹਾਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਉਣ ਦਾ ਪ੍ਰੋਗਰਾਮ ਨਾ ਉਲੀਕੇ ਜਾਣ ਕਾਰਨ ਇਹ ਮਾਮਲਾ ਲਮਕਦਾ ਚਲਾ ਗਿਆ ਅਤੇ ਹੁਣ ਚੋਣ ਜ਼ਾਬਤਾ ਲਾਗੂ ਹੋ ਜਾਣ ਕਾਰਨ ਇਹ ਪ੍ਰੋਗਰਾਮ ਠੰਡੇ ਬਸਤੇ ਵਿਚ ਪੈ ਗਿਆ ਹੈ।
ਉਧਰ, ਕਈ ਹਸਪਤਾਲਾਂ ਵਿਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਐਂਬੂਲੈਂਸ ਗਡੀਆਂ ਨਾ ਹੋਣ ਕਾਰਨ ਜਿਥੇ ਮਰੀਜ਼ਾਂ ਨੂੰ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਮੁਹਾਲੀ ਵਿਚ ਖੜੀਆਂ ਇਹ ਐਂਬੂਲੈਂਸ ਗਡੀਆਂ ਨੂੰ ਜੰਗ ਲਗਣ ਦਾ ਖਦਸ਼ਾ ਹੈ। ਇਹ ਵੀ ਪਤਾ ਲਗਾ ਹੈ ਕਿ ਸਿਹਤ ਵਿਭਾਗ ਵਲੋਂ ਸਬੰਧਤ ਹਸਪਤਾਲਾਂ ਲਈ ਐਂਬੂਲੈਂਸ ਗਡੀਆਂ ਰਵਾਨਾ ਕਰਨ ਸਬੰਧੀ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਦੀ ਪੈਰਵੀ ਕੀਤੀ ਜਾ ਰਹੀ ਹੈ ਲੇਕਿਨ ਗਲ ਬਣਦੀ ਨਜ਼ਰ ਨਹੀਂ ਆ ਰਹੀ ਹੈ।
– ਗੁਰਵਿੰਦਰ ਸਿੰਘ ਰਾਣਾ
ਪੱਤਰਕਾਰ ‘ਪੰਜਾਬ ਟਾਇਮਜ਼’