ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੇ ਬੀ.ਟੀ. ਨਰਮੇ ਦੀਆਂ ਕਿਸਮਾਂ ਬੀਜਣ ਦੀ ਸਲਾਹ

ਗੁਜਰਾਤੀ ਬੀਜ ਅਤੇ ਗੈਰ-ਸਿਫ਼ਰਿਸ਼ਾਂ ਕਿਸਮਾਂ ਦੇ ਬੀਜ ਨੂੰ ਕੰਟਰੋਲ ਕਰਨ ਲਈ ਬਲਾਕ ਵਾਰ ਟੀਮਾਂ ਗਠਿਤ ‘

ਬਠਿੰਡਾ, 29 ਮਾਰਚ (ਗੁਰਮੀਤ ਸੇਮਾ)- ਸਾਉਣੀ 2019 ਦੌਰਾਨ ਨਰਮੇ ਦੀ ਕੀਤੀ ਜਾਣ ਵਾਲੀ ਕਾਸ਼ਤ ਸਬੰਧੀ ਖੇਤੀਬਾੜੀ ਡਾਇਰੈਕਟਰ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦਿੱਤਾ ਸਿੰਘ ਸਿੱਧੂ ਬਠਿੰਡਾ ਦੀ ਅਗਵਾਈ ਹੇਠ ਖੇਤੀ ਭਵਨ ਵਿਖੇ ਜ਼ਿਲ੍ਹੇ ਦੇ ਸਮੂਹ ਖਾਦ, ਪੈਸਟੀਸਾਇਡ ਅਤੇ ਬੀਜ ਡੀਲਰਾਂ ਨੂੰ 26 ਮਾਰਚ ਤੋਂ 27 ਮਾਰਚ 2019 ਤੱਕ 2 ਦਿਨ ਬਲਾਕ ਵਾਰ ਖੇਤੀ ਇੰਨਪੁੱਟਸ ਡੀਲਰਾਂ ਨੂੰ ਸਿਖਲਾਈ ਦਿੱਤੀ ਗਈ। ਡਾ. ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਾਲ ਸਾਉਣੀ ਦੇ ਸੀਜ਼ਨ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸ਼ਿਫ਼ਾਰਸ ਕੀਤੇ ਬੀ.ਟੀ ਨਰਮੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਹੋਰ ਗੈਰ-ਕਿਸਮਾਂ ਦੀ ਨਰਮੇ ਦੀ ਬਿਜਾਈ ਨਾ ਕਰਨ। ਸ਼ਿਫ਼ਾਰਸ਼ ਕੀਤੀਆਂ ਕਿਸਮਾਂ ’ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਬਾਕੀ ਕਿਸਮਾਂ ਦੇ ਮੁਕਾਬਲੇ ਘੱਟ ਹੁੰਦਾ ਹੈ। ਕਿਉਂਕਿ ਗੈਰ-ਸ਼ਿਫ਼ਰਿਸ਼ਾਂ ਕਿਸਮਾਂ ’ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿਣ ਦਾ ਡਰ ਰਹੇਗਾ। ਇਸ ਸਬੰਧੀ ਵਿਭਾਗ ਵਲੋਂ ਪੈਫ਼ਲਟਾ, ਫਲੈਕਸਾਂ, ਕਿਸਾਨ ਸਿਖਲਾਈ ਕੈਂਪਾਂ, ਰੇਡੀਓ ਅਤੇ ਪ੍ਰਿੰਟ ਮੀਡਿਆ ਰਾਹੀ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਹੈ। ਡਾ. ਸਿੱਧੂ ਨੇ ਅੱਗੇ ਦੱਸਿਆ ਕਿ ਉਨ੍ਹਾਂ ਵਲੋਂ ਗੁਜਰਾਤੀ ਬੀਜ ਅਤੇ ਗੈਰ-ਸ਼ਿਫ਼ਰਿਸ਼ਾਂ ਕਿਸਮਾਂ ਦੇ ਬੀਜ ਨੂੰ ਕੰਟਰੋਲ ਕਰਨ ਸਬੰਧੀ ਬਲਾਕ ਵਾਰ ਟੀਮਾਂ ਵੀ ਗਠਿਤ ਕੀਤੀਆ ਗਈਆ ਹਨ, ਜਿੰਨਾ ਵਲੋਂ ਲਗਾਤਾਰ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਹੋਰ ਥਾਵਾ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਡਾ. ਗੁਰਦਿੱਤਾ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਅਪੀਲ ਕੀਤੀ ਕਿ ਸਾਉਣੀ ਦੇ ਸੀਜ਼ਨ ਦੌਰਾਨ ਨਰਮੇ ਅਤੇ ਕਪਾਹ ਦੀ ਬਿਜਾਈ ਦਾ ਕੰਮ ਸ਼ੁਰੂ ਹੋ’ਣ ਵਾਲਾ ਹੈ। ਪੰਜਾਬ ਸਰਕਾਰ ਵਲੋਂ ਨਰਮੇ ਦੀ ਫ਼ਸਲ ਨੂੰ ਪਿਛਲੇ ਸਾਲ ਦੀ ਤਰ੍ਹਾ ਕਾਮਯਾਬ ਕਰਨ ਲਈ ਅਤੇ ਕਿਸਾਨਾਂ ’ਚ ਆਤਮ-ਵਿਸ਼ਵਾਸ ਪੈਦਾ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਅਧਾਰ ’ਤੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਮਾਹਿਰਾਂ ਵਲੋ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਚਿੱਟੇ-ਮੱਛਰ ਨੂੰ ਕੰਟਰੋਲ ਕਰਨ ਹਿੱਤ ਪਹਿਲਾਂ ਹੀ ਤਿਆਰ ਕੀਤੇ ਐਕਸਨ ਪਲਾਨ ਤਹਿਤ ਪੁਰਜ਼ੋਰ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ। ਉਨ੍ਹਾਂ ਅਗਾਹ ਵਧੂ ਕਿਸਾਨਾਂ ਅਤੇ ਕਲੱਬਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਅਪਣੇ ਪਿੰਡ ਦੇ ਕਿਸਾਨਾਂ ਨੂੰ ਮਾੜੇ ਅਨਸਰਾਂ ਤੋਂ ਬਚਣ ਬਾਰੇ ਸੁਚੇਤ ਕਰਨ ਅਤੇ ਕਿਹਾ ਕਿ ਅਜੇ ਤੱਕ ਨਰਮੇ ਦੀ ਕੋਈ ਵੀ ਅਜਿਹੀ ਕਿਸਮ ਵਿਕਸਿਤ ਨਹੀਂ ਹੋਈ ਜਿਸ ਤੇ ਚਿੱਟੇ-ਮੱਛਰ ਦਾ ਹਮਲਾ ਨਾ ਹੁੰਦਾ ਹੋਵੇ।

Send this to a friend