ਹਲਕਾ ਖ਼ਡੂਰ ਸਾਹਿਬ ਦੇ ਅਣਖੀਲੇ ਵੋਟਰੋ ਆਪਣਾ ਕੌਮੀ ਫਰਜ਼ ਸਮਝ ਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਓ : ਭਾਈ ਭੁਪਿੰਦਰ ਸਿੰਘ ਚੀਮਾ

ਮਾਨਹਾਈਮ/ਜਰਮਨੀ, 29 ਮਾਰਚ (ਰ)- ਜਰਮਨ ਦੇ ਪ੍ਰਸਿੱਧ ਗੁਰੂਘਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਹਾਈਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਖ਼ਡੂਰ ਸਾਹਿਬ ਹਲਕੇ ਤੋਂ ਬੀਬੀ ਪਰਮਜੀਤ ਕੌਰ ਖਾਲਸਾ ਨੂੰ ਹਰ ਹਾਲਤ ਜੇਤੂ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ 25 ਹਜ਼ਾਰ ਬੇਪਛਾਣ ਕਰਾਰ ਦਿੱਤੀਆਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਅਤੇ ਜ਼ਾਲਮ ਪੁਲਿਸ ਅਫਸਰਾਂ ਨੂੰ ਬੇਪਰਦ ਕਰਦਿਆਂ ਸਿਰ ਤਲੀ ’ਤੇ ਧਰ ਕੇ ਬੇਖੌਫ, ਅਡੋਲ ਸੰਘਰਸ਼ ਕਰਦਿਆਂ ਆਪਣੀ ਜਾਨ ਵੀ ਕੁਰਬਾਨ ਕਰ ਗਏ ਸਨ। ਭਾਈ ਚੀਮਾ ਨੇ ਕਿਹਾ ਕਿ ਭਾਈ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਜਿਸ ਸਿਦਕ ਦਿਲੀ ਨਾਲ ਆਪਣੇ ਸ਼ਹੀਦ ਪਤੀ ਦੇ ਕਾਰਜ਼ ਨੂੰ ਸਰਕਾਰੀ ਭੈਅ ਦੀ ਪ੍ਰਵਾਹ ਨਾ ਕਰਦਿਆਂ, ਮੁਸੀਬਤਾਂ ਝਲਦਿਆਂ ਜ਼ਾਲਮ ਕਾਤਲ ਪੁਲਿਸ ਅਫ਼ਸਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਸਫ਼ਲਤਾ ਪ੍ਰਾਪਤ ਕੀਤੀ ਉਹ ਬੇਮਿਸਾਲ ਪੰਥਕ ਸੇਵਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਖਡੂਰ ਸਾਹਿਬ ਲੋਕਸਭਾ ਹਲਕੇ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸ਼ਾਨਦਾਰ ਜਿੱਤ ਦਿਵਾ ਕੇ ਲੋਕਸਭਾ ਵਿੱਚ ਭੇਜਣ ਤਾਂ ਜੋ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਹੋਰ ਜ਼ੋਰਦਾਰ ਤਰੀਕੇ ਨਾਲ ਉਠਾ ਸਕੇ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਦੇ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲੇ ਅਖੌਤੀ ਬਾਦਲ ਦਲੀਆਂ ਨੂੰ ਪੁੱਛਣ ਕਿ ਉਹ ਉਸ ਵੇਲੇ ਕਿਥੇ ਸਨ ਜਦ ਸਿਖ ਬਚੇ ਕੋਹ ਕੋਹ ਕੇ ਸ਼ਹੀਦ ਕੀਤੇ ਜਾ ਰਹੇ ਸਨ।

Send this to a friend