ਅਮਰਗੜ੍ਹ, 24 ਮਾਰਚ (ਸੁਖਵਿੰਦਰ ਸਿੰਘ ਅਟਵਾਲ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਜੀਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸ਼ਰਾਂ ’ਤੇ ਸਿਕੰਜ਼ਾ ਕਸਦੇ ਹੋਏ ਅਮਰਗੜ੍ਹ ਪੁਲਿਸ ਵੱਲੋਂ ਨਸ਼ਿਆਂ ਦੀ ਤਸ਼ਕਰੀ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੁੱਖ ਥਾਣਾ ਅਫ਼ਸਰ ਹਰਮਨਪ੍ਰੀਤ ਸਿੰਘ ਚੀਮਾਂ ਨੇ ਦੱਸਿਆ ਕਿ ਥਾਣੇਦਾਰ ਮੋਹਣ ਸਿੰਘ ਅਤੇ ਕ੍ਰਿਪਾਲ ਸਿੰਘ ਵੱਲੋਂ ਪਿੰਡ ਬਾਗੜੀਆਂ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਜਿਸ ਦੌਰਾਨ ਇੱਕ ਔਰਤ ਜਿਸਨੇ ਬੱਚਾ ਕੁੱਛੜ ਚੁੱਕਿਆ ਹੋਇਆ ਸੀ ਨੂੰ ਸ਼ੱਕ ਦੇ ਅਧਾਰ ’ਤੇ ਜਦ ਪੁੱਛ-ਗਿੱਛ ਕੀਤੀ ਤਾਂ ਉਸ ਕੋਲੋਂ 950 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਏਸੇ ਤਰ੍ਹਾਂ ਰਾਹੀਆਂ ਤੋਂ ਰਾਹ ਪੁੱਛਣ ਦਾ ਬਹਾਨਾ ਲਗਾਕੇ ਅੱਖਾਂ ’ਚ ਮਿਰਚਾਂ ਪਾਕੇ ਲੁੱਟਣ ਵਾਲੇ ਇੱਕ ਗ੍ਰੋਹ ਦੇ ਮੈਂਬਰਾਂ ਨੂੰ ਵੀ ਕਾਬੂ ਕੀਤਾ ਹੈ, ਜਿੰਨ੍ਹਾਂ ਵੱਲੋਂ ਪਿਛਲੇ ਦਿਨੀਂ ਪਿੰਡ ਬਡਲਾ ਤੋਂ ਸਲਾਰ ਦੇ ਰਸ਼ਤੇ ਅਮਸ਼ਦ ਖਾ ਵਾਸੀ ਮਾਲੇਰਕੋਟਲਾ ਨੂੰ ਅੱਖਾਂ ’ਚ ਮਿਰਚਾਂ ਪਾਕੇ ਲੁੱਟਿਆ ਗਿਆ ਸੀ।ਉਨ੍ਹਾਂ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਪੰਮੀ ਪਤਨੀ ਲਖਵਿੰਦਰ ਸਿੰਘ ਟਿੱਡਾ ਵਾਸੀ ਬਾਗੜੀਆਂ ਅਤੇ ਲੁੱਟਾਂ ਕਰਨ ਵਾਲੇ ਗ੍ਰੋਹ ਦੇ ਮੈਂਬਰ ਗੁਰਮਨ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਹਾੜਪੁਰ ਨੂੰ ਸਪਲੈਂਡਰ ਮੋਟਰਸਾਇਕਲ ਸਮੇਤ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਕਿਸੇ ਹੋਰ ਸੁਰਾਗ ਲਈ ਪੁੱਛ-ਗਿੱਛ ਕੀਤੀ ਜਾ ਰਹੀ ਹੈ।