Skip to content
Independent perspectives. Global stories.
BREAKING

ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਾਉਣ ਲਈ ਰੈਲੀ ਕੱਢੀ

Share this story

ਚੰਡੀਗੜ੍ਹ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ ‘ਥੰਪਰਜ਼ ਕੈਫੇ’ ਕਲੱਬ ਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਵੱਲੋਂ ਸਾਂਝੇ ਤੌਰ ’ਤੇ ਮੋਹਾਲੀ ਤੋਂ ਚੰਡੀਗੜ੍ਹ ਤੱਕ ਇੱਕ ਬਾਈਕ ਰਾਈਡ ਆਯੋਜਿਤ ਕਰਵਾਈ ਗਈ। ਇਸ ਰਾਈਡ ਨੂੰ ਐਸ.ਟੀ.ਐਫ ਦੇ ਮੁੱਖੀ ਗੁਰਪ੍ਰੀਤ ਕੌਰ ਦਿਉ, ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ) ਨੇ ਝੰਡੀ ਦੇ ਕੇ ਸ਼ੁਰੂ ਕੀਤਾ ਅਤੇ ਇਹ ਰਾਈਡ ਟੈਗੋਰ ਥੀਏਟਰ ਵਿਖੇ ਆ ਕੇ ਸਮਾਪਤ ਹੋਈ। ਇਸ ਮੌਕੇ ਐਸ.ਟੀ.ਐਫ ਮੁੱਖੀ ਨੇ ਐਸ.ਟੀ.ਐਫ ਵੱਲੋਂ ਕੀਤੇ ਕਾਰਜਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾ-ਮੁਕਤ, ਸਿਹਤਮੰਦ ਤੇ ਖੁਸ਼ਹਾਲ ਜੀਵਨ ਜਿਉਣ ਦੀ ਸਲਾਹ ਵੀ ਦਿੱਤੀ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਬੁਲਾਰੇ ਨੇ ਦੱਸਿਆ ਕਿ ਰੰਗ ਦੇ ਬਸੰਤੀ-‘ ਏ ਰਾਈਡ ਫਾਰ ਡਰੱਗ ਫ੍ਰੀ ਇੰਡੀਆ ’ ਦੇ ਸਲੋਗਨ ਵਾਲੀ ਇਸ ਬਾਈਕ ਰੈਲੀ ਦਾ ਮੰਤਵ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਕੇ ਸਮਾਜ ਵਿੱਚੋਂ ਨਸ਼ਾਖ਼ੋਰੀ ਦੀ ਲਾਹਣਤ ਨੂੰ ਜੜ੍ਹੋਂ ਪੁੱਟਣਾ ਸੀ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਥੰਪਰਜ਼ ਕੈਫੇ ਦੇ 500 ਮੋਟਰਸਾਈਕਲ ਚਾਲਕ, ਪੰਜਾਬ ਪੁਲਿਸ ਦੇ 20, ਐਸ.ਟੀ.ਐਫ ਦੇ 20 ਅਤੇ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਦੇ 4 ਚਾਲਕਾਂ ਨੇ ਭਾਗ ਲਿਆ। ਅੰਮ੍ਰਿਤਸਰ, ਜ¦ਧਰ,ਪਟਿਆਲਾ, ਮੋਗਾ ਅਤੇ ਨਵਾਂਸ਼ਹਿਰ ਵਰਗੇ ਸ਼ਹਿਰਾਂ ਵਿੱਚ ਵੀ ਨਾਲੋ-ਨਾਲ ਅਜਿਹੀਆਂ ਬਾਈਕ ਰੈਲੀਆਂ ਕੱਢੀਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਲਾਸਾਨੀ ਸ਼ਹਾਦਤਾਂ, ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਕੱਢਣ ਲਈ ਇੱਕ ਵੱਡੀ ਪ੍ਰੇਰਣਾ ਦਾ ਸੋਮਾ ਹਨ। ਪੂਰੀ ਰੈਲੀ ਦੌਰਾਨ ਲੋਕਾਂ ਵੱਲੋਂ ਭਰਪੂਰ ਹੰਘਾਰਾ ਦੇਖਣ ਨੂੰ ਮਿਲਿਆ ਅਤੇ ਨੌਜਵਾਨਾਂ ਤੇ ਸਮਾਜ ਨੂੰ ਨਸ਼ਿਆਂ ਵਿਰੁੱਧ ਚੇਤੰਨਤਾ ਦਾ ਸੁਨੇਹਾ ਦੇਣ ਵਾਲੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ।

WRITTEN BY