ਚੰਡੀਗੜ੍ਹ, 24 ਮਾਰਚ- ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁਧ ਰਾਮ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ 2019 ਦੀਆਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ।ਮੀਟਿੰਗ ਉਪਰੰਤ ਪ੍ਰਿੰ. ਬੁਧ ਰਾਮ ਨੇ ਦਸਿਆ ਕਿ ਮੀਟਿੰਗ ਵਿਚ ਸ੍ਰੀ ਫ਼ਤਿਹਗੜ ਸਾਹਿਬ, ਜਲੰਧਰ ਅਤੇ ਗੁਰਦਾਸਪੁਰ ਲਈ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ। ਉਨਾਂ ਦਸਿਆ ਕਿ ਸ੍ਰੀ ਫਤਿਗਹੜ ਸਾਹਿਬ ਤੋਂ ਬਲਜਿੰਦਰ ਸਿੰਘ ਚੌਦਾਂ, ਜਲੰਧਰ ਤੋਂ ਜਸਟਿਸ ਜੋਰਾ ਸਿੰਘ ਅਤੇ ਗੁਰਦਾਸਪੁਰ ਤੋਂ ਪੀਟਰ ਮਸੀਹ ਚੀਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ।ਸ੍ਰੀ ਫ਼ਤਿਹਗੜ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਬਲਜਿੰਦਰ ਸਿੰਘ ਚੌਦਾਂ ਆਮ ਆਦਮੀ ਪਾਰਟੀ ਦੇ 2014 ਤੋਂ ਇਕ ਸਰਗਰਮ ਵਲੰਟੀਅਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੇ ਦਾਦਾ ਜੀ ਨੇ ਧਰਮ ਸੁਧਾਰ ਅੰਦੋਲਨ ਦੇ ਦੌਰਾਨ ਜੈਤੋ ਦੇ ਮੋਰਚੇ ਵਿਚ ਆਪਣੇ ਸਾਥੀਆਂ ਸਮੇਤ ਜੇਲ੍ਹ ਕਟੀ ਸੀ। ਉਹ ਐਸ.ਸੀ/ਐਸਟੀ ਵਿੰਗ ਦੇ ਉਪ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।ਜਲੰਧਰ ਤੋਂ ਐਲਾਨੇ ਗਏ ਉਮੀਦਵਾਰ ਜਸਟਿਸ ਜੋਰਾ ਸਿੰਘ ਪਿਛਲੇ ਸਮੇਂ ਦੌਰਾਨ ਨਿਆਂ ਪਾਲਿਕਾ ਵਿਚ ਵਖ-ਵਖ ਅਹੁਦਿਆਂ ‘ਤੇ ਕੰਮ ਕਰ ਚੁਕੇ ਹਨ। ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਜ ਵਜੋਂ ਵੀ ਆਪਣੀ ਸੇਵਾ ਨਿਭਾ ਚੁਕੇ ਹਨ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਸਨ। ਗੁਰਦਾਸਪੁਰ ਤੋਂ ਉਮੀਦਵਾਰ ਪੀਟਰ ਮਸੀਹ ਚੀਦਾ ਇਸ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਫ਼ਤਿਹਗੜ ਚੂੜੀਆਂ ਦੇ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਹਨ।ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿਲ ਨੂੰ ਆਪਣੇ ਉਮੀਦਵਾਰ ਐਲਾਨ ਚੁਕੀ ਹੈ।ਹੁਣ ਤਕ ਪਾਰਟੀ ਕੁਲ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁਕੀ ਹੈ।