ਅੰਮ੍ਰਿਤਸਰ, 24 ਮਾਰਚ (ਰਾਜੇਸ਼ ਡੈਨੀ)- ਮੁਰਾਦ ਬਖਸ਼ ਪੁੱਤਰ ਜਮਾਤ ਅਲੀ ਵਾਸੀ ਮਲੀਆਂ ਨੇ ਪੁਲਿਸ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ 122 ਮੱਝਾਂ ਅਤੇ 14 ਸਾਲਾਂ ਨਬਾਲਗ ਲੜਕੇ ਨੂੰ ਲੈਜਾਣ ਦੇ ਦੋਸ਼ ਲਗਾਏ ਹਨ। ਜਾਣਕਾਰੀ ਦਿੰਦੇ ਹੋਏ ਮੁਰਾਦ ਬਖਸ਼ ਨੇ ਦੱਸਿਆ ਕਿ 22 ਮਾਰਚ ਨੂੰ 9 ਦੇ ਕਰੀਬ ਗੱਡੀਆਂ ਤੇ ਸਵਾਰ ਹੋਕੇ ਜਿਲ੍ਹਾ ਕਪੂਰਥਲਾ ਦੀ ਪੁਲਿਸ ਆਈ ਅਤੇ ਮੱਝਾਂ ਚੋਰੀ ਕਰਨ ਦੇ ਦੋਸ਼ ਲਗਾਕੇ ਔਰਤਾਂ ਸਮੇਤ ਉਨ੍ਹਾਂ ਸਾਰਿਆਂ ਦੀ ਕੁੱਟਮਾਰ ਕਰਨ ਤੋਂ ਬਾਅਦ ਇਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਢਾਰੇ ਵਿੱਚ ਬੰਨੇ 152 ਪਸ਼ੂਆਂ ਵਿੱਚੋਂ ਨਾਲ ਲਿਆਂਦੀਆਂ ਗੱਡੀਆਂ ਵਿੱਚ ਕੁਝ ਮੱਝਾਂ ਭਰ ਲਈਆਂ ਅਤੇ ਬਾਕੀ ਮੱਝਾਂ ਨੂੰ ਖੋਲ ਕੇ ਖਦੇੜਣ ਤੋਂ ਬਾਅਦ ਜਾਂਦੇ ਹੋਏ ਉਨ੍ਹਾਂ ਦੇ 14 ਸਾਲਾਂ ਬਾਗਾ ਹੂਸੇਨ ਨਬਾਲਗ ਲੜਕੇ ਨੂੰ ਵੀ ਨਾਲ ਕੇ ਲੈ ਗਏ। ਗੁੱਜਰਾਂ ਨੇ ਦੋਸ਼ ਲਗਾਏ ਕਿ ਪੁਲਿਸ ਦੇ ਨਾਲ ਆਏ ਆਦਮੀਆਂ ਵੱਲੋਂ ਜਾਂਦੇ ਹੋਏ ਪੁਲਿਸ ਦੇ ਸਾਮ੍ਹਣੇ ਹੀ ਉਨ੍ਹਾਂ ਦੇ ਢਾਰੇ ਨੂੰ ਅੱਗ ਲਗਾ ਦਿੱਤੀ ਗਈ ਜੋ ਕਿ ਅੱਗ ਨਾਲ ਸੜ੍ਹਕੇ ਸੁਆਹ ਹੋ ਗਿਆ।ਖਦੇੜਿਆਂ ਗਈਆਂ ਮੱਝਾਂ ਨੂੰ ਆਸ ਪਾਸ ਦੇ ਪਿੰਡਾ ਦੇ ਲੋਕਾਂ ਵੱਲੋਂ ਬੰਨ ਲਿਆ ਗਿਆ ਹੈ। ਇਸ ਬਾਰੇ ਪੁਲਿਸ ਥਾਣਾ ਜੰਡਿਆਲਾ ਦੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀ ਕੀਤੀ ਜਾ ਰਹੀ ਹੈ। ਮੁਰਾਦ ਬਖਸ਼ ਨੇ ਕਿਹਾ ਕਿ ਕਰੀਬ 9 ਮਹੀਨੇ ਪਹਿਲਾਂ ਉਨ੍ਹਾਂ ਦੇ ਜਵਾਈ ਦਾ ਥਾਣਾ ਖਿਲਚੀਆਂ ਦੇ ਪਿੰਡ ਧਿਆਨਪੁਰ ਵਿਖੇ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਤਹਿਤ ਥਾਣਾ ਖਿਲਚੀਆਂ ਵਿੱਚ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਨੂੰ ਲੈਕੇ ਰਾਜੀਨਾਮਾ ਕਰਨ ਲਈ ਉਨ੍ਹਾਂ ਤੇ ਦਬਾਅ ਵੀ ਪਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਪੂਰਾਂ ਸ਼ਕ ਹੈ ਕਿ ਇਹ ਸਭ ਉਸੇ ਰੰਜਿਸ਼ ਦੇ ਤਹਿਤ ਕੀਤਾ ਗਿਆ ਹੈ। ਪੀੜਤ ਨੇ ਮੰਗ ਕੀਤੀ ਹੈ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਦੀਆਂ ਮੱਝਾਂ ਵਾਪਸ ਦਿਵਾਉਣ ਵਿੱਚ ਸਹਾਇਤ ਕੀਤੀ ਜਾਵੇ। ਥਾਣਾ ਜੰਡਿਆਲਾ ਦੇ ਮੁਖੀ ਕਪਿਲ ਕੋਸ਼ਲ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀਆਂ ਮੱਝਾਂ ਵੀ ਚੋਰੀ ਹੋਈਆਂ ਹਨ ਜਿਸ ਕਰਕੇ ਲੋਕਾਂ ਵੱਲੋਂ ਮੱਝਾਂ ਬੰਨੀਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਨਤੀਜੇ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਥਾਣਾ ਕਪੂਰਥਲਾ ਦੇ ਐਸ.ਆਈ ਬਲਵਿੰਦਰਪਾਲ ਨੇ ਕਿਹਾ ਕਿ ਮੱਝਾਂ ਚੋਰੀ ਦੇ ਮਾਮਲੇ ਵਿੱਚ ਕਾਬੂ ਕੀਤੇ ਗਏ ਦੋ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਹੀ ਪੁਲਿਸ ਵੱਲੋਂ ਸਿਰਫ 18 ਮੱਝਾਂ ਹੀ ਲਿਆਂਦੀਆਂ ਗਈਆਂ ਹਨ ਉਨ੍ਹਾਂ ਕਿਸੇ ਵੀ ਨਬਾਲਗ ਲੜਕੇ ਨੂੰ ਨਾਲ ਨਹੀ ਲਿਆਂਦਾ ਹੈ। ਢਾਰੇ ਨੂੰ ਅੱਗ ਉਨ੍ਹਾਂ ਦੇ ਪਿੱਛੋਂ ਇੱਕਠੇ ਹੋਏ ਲੋਕਾਂ ਨੇ ਲਗਾਈ ਹੋਵੇਗੀ।