ਮਾਨਸਾ/ਮਲਕਪੁਰ- ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਕ ਮੀਟਿੰਗ ਕਰਕੇ ਮਾਨਸਾ ਸ਼ਹਿਰ ਵਿਚ ਸਫਾਈ ਸੰਬੰਧੀ ਲੰਬਾ ਚੌੜਾ ਪ੍ਰੈਸ ਨੋਟ ਮਾਨਸਾ ਮੀਡੀਆ ਨੂੰ ਜਾਰੀ ਕੀਤਾ ਗਿਆ । ਇਸ ਪ੍ਰੈਸ ਨੋਟ ਵਿਚ ਜਿਲਾ ਮਾਨਸਾ ਪ੍ਰਸਾਸ਼ਨ ਨੇ ਸ਼ਹਿਰ ਵਾਸੀਆਂ ਨੂੰ ਵਡੇ – ਵਡੇ ਸੁਪਨੇ ਦਿਖਾਉਂਦੇ ਹੋਏ ਸਫਾਈ ਸੰਬੰਧੀ ਦਾਅਵੇ ਕੀਤੇ ਗਏ ਜਦਕਿ ਮਾਨਸਾ ਸ਼ਹਿਰ ਦੀ ਹਕੀਕਤ ਹੋਰ ਹੀ ਤਥ ਬਿਆਨ ਕਰਦੀ ਹੈ ਇਥੇ ਇਹ ਵੀ ਵਰਣਨਯੋਗ ਹੈ ਕਿ ਜਿਲਾ ਪ੍ਰਸਾਸ਼ਨ ਵਲੋਂ 3ਡੀ ਪ੍ਰੋਗਰਾਮ ਤਹਿਤ ਸਫਾਈ ਮੁਹਿੰਮ ਪਹਿਲਾਂ ਹੀ ਬੜੇ ਜੋਰ ਸ਼ੋਰ ਨਾਲ ਸ਼ੁਰੂ ਕੀਤੀ ਗਈ ਸੀ । ਇਸ ਸੰਬੰਧੀ ਅਜ ਸਵੇਰੇ 7 ਵਜੇ ਤੋਂ 10 ਵਜੇ ਤਕ ਜਦ ਮਾਨਸਾ ਸ਼ਹਿਰ ਦੇ ਪ੍ਰਮੁਖ ਏਰੀਏ ਮਾਨਸਾ ਕਚਿਹਰੀ ਰੋਡ ਤੋਂ ਤਿੰਨਕੋਣੀ (ਡੀਸੀ ਰੈਜੀਡੈਂਸ) ਤਕ ਦਾ ਦੌਰਾ ਕੀਤਾ ਗਿਆ ਤਾਂ ਤਕਰੀਬਨ 50 ਕੁ ਗੰਦਗੀ ਦੇ ਢੇਰ ਜਿੰਨਾਂ ਨੂੰ ਗਾਵਾਂ, ਸੂਰ ਅਤੇ ਅਵਾਰਾ ਪਸ਼ੂ ਖਿੰਡਾ ਰਹੇ ਸਨ ਅਤੇ ਪਿਛਲੇ 24 ਘੰਟਿਆਂ ਤੋਂ ਇਸੇ ਤਰਾਂ ਪਏ ਹੋਣ ਬਾਰੇ ਸਥਾਨਕ ਲੋਕਾਂ ਨੇ ਦਸਿਆ । ਲੋਕਾਂ ਨੇ ਇਹ ਵੀ ਦਸਿਆ ਕਿ ਇਹ ਮਾਮਲਾ ਵਾਰ ਵਾਰ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਂਦਾ ਜਾ ਰਿਹਾ ਹੈ ਪਰ ਪ੍ਰਸਾਸ਼ਨ ਵਲੋਂ ਇਹ ਗੰਦਗੀ ਦੇ ਢੇਰ ਚੁਕਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਸਿਰਫ ਅਖਬਾਰਾਂ ਜਾਂ ਸ਼ੋਸ਼ਲ ਮੀਡੀਆਂ ‘ਤੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ ।ਇਸ ਸੰਬੰਧੀ ਸਭ ਤੋਂ ਤਰਸਯੋਗ ਹਾਲਤ ਜਿਲਾ ਪ੍ਰਸਾਸ਼ਨ ਦੇ ਮੁਖ ਦਫਤਰ ਮਿੰਨੀ ਸਕਤਰੇਤ ਦੇ ਮੇਨ ਗੇਟ (ਜਿਸ ਨੂੰ ਲਖਾਂ ਰੁਪਏ ਦੇ ਕੀਮਤੀ ਪਥਰਾਂ ਨਾਲ ਸਜਾਇਆ ਗਿਆ ਹੈ) ਦੇ ਅਗੇ ਦੋ ਦਿਨਾਂ ਤੋਂ ਗੰਦਗੀ ਦੇ ਢੇਰ ਲਗੇ ਹੋਏ ਹਨ ਜਿਸ ਦੇ ਬਿਲਕੁਲ ਕੋਲੋਂ ਦੀ ਸਾਰਾ ਪ੍ਰਸਾਸ਼ਨ ਲੰਘਦਾ ਹੈ । ਇਸ ਤੋਂ ਇਲ਼ਾਵਾ ਮਾਨਸਾ ਅੰਡਰ ਬਰਿਜ, ਜਿਸ ਨੂੰ ਲਖਾਂ ਰੁਪਏ ਖਰਚ ਕਰਕੇ ‘ਖੂਬਸੂਰਤ ਮਾਨਸਾ ਤੰਦਰੁਸਤ ਮਾਨਸਾ‘ ਦੇ ਨਾਅਰਿਆਂ ਨਾਲ ਸਜਾਇਆ ਜਾ ਰਿਹਾ ਹੈ ਉਸਦੇ ਵਿਚਕਾਰ ਅਤੇ ਆਸੇ ਪਾਸੇ ਗੰਦਗੀ ਦੇ ਢੇਰ ਲਗੇ ਹੋਏ ਹਨ ਜਿਸ ਤੋਂ ਦੋ ਹਿਸਿਆਂ ਵਿਚ ਵੰਡਿਆ ਮਾਨਸਾ ਸ਼ਹਿਰ ਇਧਰੋਂ ਉਧਰ ਜਾਂਦਾ ਹੈ । ਇਸ ਤੋਂ ਇਲਾਵਾ ਮਾਨਸਾ ਦੇ ਮਾਤਾ ਸੁੰਦਰੀ ਗਰਲਜ ਕਾਲਜ ਦੇ ਗੇਟ ਨਜਦੀਕ ਗੰਦਗੀ ਦਾ ਢੇਰ ਇਕਠਾ ਕੀਤਾ ਜਾਂਦਾ ਹੈ ਜਿਸ ਤੋਂ ਮਾਨਸਾ ਜਿਲੇ ਦੀਆਂ ਕਾਲਜ ਵਿਦਿਆਰਥਣਾ ਲੰਘ ਕੇ ਕਾਲਜ ਜਾਂਦੀਆਂ ਹਨ । ਇਸ਼ ਤੋਂ ਇਲਾਵਾ ਮਾਨਸਾ ਦੇ ਲਿੰਕ ਰੋਡ ‘ਤੇ ਬਣੇ ਪ੍ਰਮੁਖ ਪ੍ਰਾਈਵੇਟ ਹਸਪਤਾਲਾ ਦੇ ਨਾਲ ਵੀ ਗੰਦਗੀ ਅਤੇ ਕੂੜੇ ਦੇ ਢੇਰ ਮਿਲਦੇ ਹਨ ਜਿਸ ‘ਤੇ ਸੂਰ, ਗਊਆਂ ਅਤੇ ਹੋਰ ਅਵਾਰਾ ਪਸ਼ੂ ਮੂੰਹ ਮਾਰ ਕੇ ਹੋਰ ਵੀ ਖਿੰਡਾ ਦਿੰਦੇ ਹਨ । ਇਸ ਤੋਂ ਇਲਾਵਾ ਮਾਨਸਾ ਦੇ ਰਾਮਬਾਗ ਰੋਡ ਅਤੇ ਰਾਮਬਾਗ ਦੇ ਆਸੇ ਪਾਸੇ ਇਸ ਤੋਂ ਵੀ ਗੰਦਗੀ ਦਾ ਬੁਰਾ ਹਾਲ ਹੈ ਜਿਥੇ ਰੋਜਾਨਾ ਮਾਨਸਾ ਤੋਂ ਇਲਾਵਾ ਦੂਰੋਂ ਨੇੜੋਂ ਹੋਰ ਵੀ ਲੋਕ ਮਾਨਸਾ ਆਉਂਦੇ ਹਨ ਇਥੋਂ ਦੀ ਸਫਾਈ ਵਿਵਸਥਾ ਦਾ ਭੈੜਾ ਐਕਸ ਲੈ ਕੇ ਜਾਂਦੇ ਹਨ ਅਤੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ । ਇਸੇ ਤਰਾਂ ਨਵੀਂ ਕੋਰਟ ਦੀ ਗਲੀ ਨੰ. 4 ਦੇ ਮੋੜ ‘ਤੇ ਗੰਦਗੀ ਦੇ ਢੇਰ ਲਗੇ ਹੋਏ ਹਨ । ਇਸੇ ਤਰਾਂ ਮਾਨਸਾ ਦੇ ਸ਼ਹਿਰ ਦੇ ਰੇਲਵੇ ਫਾਟਕ ਤੋਂ ਮੇਨ ਬਜਾਰ ਨੂੰ ਜਾਣ ਵਾਲੀ ਸੜਕ ਦੇ ਆਸੇ ਪਾਸੇ ਵੀ ਲਗੇ ਗੰਦਗੀ ਦੇ ਢੇਰਾਂ ਨੂੰ ਅਵਾਰਾ ਪਸ਼ੂ ਖਿੰਡਾਉਂਦੇ ਨਜਰ ਆਉਂਦ ਰਹਿੰਦੇ ਹਨ । ਇੰਨਾਂ ਹਾਲਾਤਾਂ ਨੂੰ ਦੇਖਦੇ ਹੋਏ ਮਾਨਸਾ ਵਾਸੀ ਅਨੁਭਵ ਕਰ ਰਹੇ ਹਨ ਕਿ ਪਿਛਲੇ ਤਿੰਨ ਮਹੀਨੇ ਪਹਿਲਾਂ ਜੋ ਮਾਨਸਾ ਸ਼ਹਿਰ ਦੀ ਸਫਾਈ ਦਾ 3ਡੀ ਪ੍ਰਜੈਕਟ ਚਲਾਇਆ ਗਿਆ ਸੀ, ਉਹ ਬਿਲਕੁਲ ਫਲਾਪ ਹੋ ਚੁਕਾ ਹੈ ਅਤੇ ਰਾਜਨੀਤਿਕ ਨੇਤਾਵਾਂ ਦੀ ਤਰਾਂ ਜਿਲਾ ਪ੍ਰਸਾਸ਼ਨਿਕ ਅਧਿਕਾਰੀਆਂ ਦੁਆਰਾ ਹੁਣ ਮਾਨਸਾ ਸ਼ਹਿਰ ਵਾਸੀਆਂ ਨੂੰ ਝੂਠੇ ਸੁਪਨੇ ਦਿਖਾ ਕੇ ਆਪਣੀ ਸ਼ੁਹਰਤ ਪ੍ਰੈਸ ਅਤੇ ਸ਼ੋਸ਼ਲ ਮੀਡੀਆ ਰਾਹੀਂ ਚਮਕਾਈ ਜਾ ਰਹੀ ਹੈ ਜਦੋਂ ਕਿ ਹਕੀਕਤ ਇਸਦੇ ਉਲਟ ਹੈ ਜਿਸ ਦੇ ਮਦੇਨਜਰ ਜਿਲਾ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਅਜਿਹੀ ਸ਼ੋਸ਼ੇਬਾਜੀ ਤੋਂ ਬਾਜ ਰਹਿਣਾ ਚਾਹੀਦਾ ਹੈ । ਚਾਹੀਦਾ ਤਾਂ ਇਹ ਹੈ ਕਿ ਪਹਿਲਾਂ ਗਰਾਉਂਡ ਪਧਰ ‘ਤੇ ਕੋਈ ਕੰਮ ਸਿਰੇ ਲਾ ਕੇ ਫਿਰ ਮੀਡੀਆ ਅਤੇ ਸ਼ੋਸ਼ਲ ਮੀਡੀਆ ‘ਤੇ ਲੋਕਾਂ ਦੀ ਜਾਣਕਾਰੀ ਲਈ ਆਇਆ ਜਾਵੇ ਕਿਉਂ ਕਿ ਕਿਸੇ ਵੀ ਆਈ. ਏ. ਐਸ. ਅਤੇ ਪੀ. ਸੀ. ਐਸ. ਅਫਸਰ ਨੂੰ ਉਨਾਂ ਦੀ ਟਰੇਨਿੰਗ ਵਿਚ ਪਹਿਲਾ ਪਾਠ ਇਹ ਹੀ ਪੜਾਇਆ ਜਾਂਦਾ ਹੈ ਕਿ ਪ੍ਰਸਾਸ਼ਨ ਵਿਚ ਮੀਡੀਆ ਵਿਚ ਸ਼ੋਸ਼ੇਬਾਜੀ ਦੀ ਬਜਾਏ ਲੋਕਾਂ ਦੀ ਅਸਲ ਰੂਪ ਵਿਚ ਸੇਵਾ ਕਰਨੀ ਹੁੰਦੀ ਹੈ ਜਦਕਿ ਮਾਨਸਾ ਪ੍ਰਸਾਸ਼ਨ ਇਸਦੇ ਬਿਲਕੁਲ ਉਲਟ ਚਲ ਰਿਹਾ ਹੈ ਜਿਸ ਨੇ ਰਾਜਨੇਤਾਵਾਂ ਦੀ ਤਰਾਂ ਜੁਮਲੇਬਾਜੀ ਦਾ ਰਾਹ ਫੜਿਆ ਹੋਇਆ ਹੈ । ਇਸ ਤੋਂ ਇਲਾਵਾ 33 ਫੁਟ ਸੜਕ ਦੇ ਵਾਰਡ ਨੰ. 6 ਅਤੇ 7 ਵਿਚ ਪਿਛਲੇ 6 ਮਹੀਨਿਆਂ ਤੋਂ ਸੀਵਰੇਜ ਦਾ ਪਾਣੀ ਸੜਕਾਂ ਅਤੇ ਲੋਕਾਂ ਦੇ ਘਰਾਂ ਅਗੇ ਖੜਾ ਹੈ ਜਿਸਦੇ ਨਤੀਜੇ ਵਜੋਂ ਪਿਛਲੇ ਸਮੇਂ 90 ਪ੍ਰਤੀਸ਼ਤ ਲੋਕ ਇਸੇ ਇਲਾਕੇ ਦੇ ਡੇਂਗੂ ਤੋਂ ਪੀੜਿਤ ਹੋਏ ਹਨ ਪਰ ਵਾਰ ਵਾਰ ਬੇਨਤੀਆ ਕਰਨ ਦੇ ਬਾਵਜੂਦ ਅਜ ਤਕ ਪ੍ਰਸਾਸ਼ਨ ਨੇ ਉਨਾਂ ਦੀ ਸਾਰ ਨਹੀਂ ਲਈ ਜੋ ਜਿਲਾ ਪ੍ਰਸਾਸ਼ਨ ਦੀ ਸਫਾਈ ਵਿਵਸਥਾ ਦਾ ਮੂੰਹ ਬੋਲਦਾ ਸਬੂਤ ਹੈ ।
– ਰਵਿੰਦਰ ਸਿੰਘ ਖਿਆਲਾ
ਪੱਤਰਕਾਰ ‘ਪੰਜਾਬ ਟਾਇਮਜ਼’ ਖਿਆਲਾ ਕਲਾਂ
ਸੰਪਰਕ: 99152-99946