May 14, 2026 10:07 pm

ਕੈਪਟਨ ਅਮਰਿੰਦਰ ਸਿੰਘ ਦੀ ਜਨਤਕ ਸਰਗਰਮੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕੰਮਕਾਜ ਅਤੇ ਫਰਜ਼ਾਂ ਪ੍ਰਤੀ ਹਮੇਸ਼ਾ ਕਾਰਜਸ਼ੀਲ ਅਤੇ ਚੌਕਸ ਰਹਿੰਦੇ ਹਨ। ਉਹ ਜਿੱਥੇ ਆਪਣੇ ਦਫਤਰੀ ਰੁਝੇਵਿਆਂ ਨੂੰ ਪਹਿਲੀ ਤਰਜ਼ੀਹ ਦਿੰਦੇ ਹਨ ਉਥੇ ਉਹ ਆਮ ਲੋਕਾਂ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਵੱਲੋਂ ਵਿੱਢੀ ਗਈ ਜਨਤਕ ਸਰਗਰਮੀ ਬੇਹਦ ਉਮੀਦਾਂ ਵਾਲੀ ਹੈ। ਜਲੰਧਰ ਵਿੱਚ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸ਼੍ਰੀ ਬੀ.ਆਰ.ਅੰਬੇਦਕਰ ਦੀ ਯਾਦ ਵਿੱਚ ਕੁੜੀਆਂ ਦੇ ਕਾਲਜ ਦਾ ਨੀਂਹ ਪੱਥਰ ਰੱਖਿਆ ਹੈ। ਇਹ ਕਾਲਜ 13 ਕਰੋੜ ਦੀ ਲਾਗਤ ਨਾਲ ਡੇਢ ਸਾਲ ਵਿੱਚ ਬਣ ਕੇ ਤਿਆਰ ਹੋਵੇਗਾ। ਇਸ ਕਾਲਜ ਦੀ ਮੰਗ 27 ਸਾਲਾਂ ਬਾਅਦ ਪੂਰੀ ਹੋਈ ਹੈ। ਇਸ ਖੇਤਰ ਦਾ ਦਲਿਤ ਭਾਈਚਾਰਾ ਖਾਸ ਤੌਰ ’ਤੇ ਇਸ ਕਾਲਜ ਦੀ ਸਥਾਪਨਾ ਲਈ ਸੰਘਰਸ਼ ਕਰ ਰਿਹਾ ਸੀ। ਮੁੱਖ ਮੰਤਰੀ ਨੇ ਇਕ ਵੱਡਾ ਅਤੇ ਹਾਂ ਪੱਖੀ ਕਦਮ ਚੁੱਕੇ ਕੇ ਇਸ ਕਾਲਜ ਦੀ ਉਸਾਰੀ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਇਸ ਕਾਰਜ ਲਈ ਉਨ੍ਹਾਂ ਦੀ ਸਭ ਪਾਸੇ ਤੋਂ ਪ੍ਰਸੰਸਾ ਹੋ ਰਹੀ ਹੈ। ਬਾਅਦ ਵਿੱਚ ਜਲੰਧਰ ਵਿਖੇ ਹੀ ਉਨ੍ਹਾਂ ਨੇ ਸਿਵਲ ਪ੍ਰਸ਼ਾਸਨ, ਪੁਲਿਸ ਅਤੇ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਪਾਕਿਸਤਾਨ ਨਾਲ ਪੈਦਾ ਹੋਏ ਤਣਾਅ ਕਾਰਨ ਹਾਲਾਤ ਕਾਫੀ ਸੰਵੇਦਨਸ਼ੀਲ ਹਨ। ਅਜਿਹੇ ਮੌਕੇ ’ਤੇ ਮੁੱਖ ਮੰਤਰੀ ਵੱਲੋਂ ਨਿੱਜੀ ਤੌਰ ’ਤੇ ਸਥਿਤੀ ਵੱਲ ਧਿਆਨ ਦੇਣਾ ਬੇਹਦ ਸ਼ਲਾਘਾਯੋਗ ਹੈ। ਉਨ੍ਹਾਂ ਨੇ ਇਸ ਮਕਸਦ ਲਈ ਸਰਹੱਦੀ ਖੇਤਰ ਵਿੱਚ ਕਾਫੀ ਸਮਾਂ ਵੀ ਬਿਤਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਆਮ ਲੋਕਾਂ, ਸਿਵਲ ਪ੍ਰਸ਼ਾਸਨ ਅਤੇ ਫੌਜੀ ਜਵਾਨਾਂ ਨਾਲ ਵੀ ਸੰਵਾਦ ਰਚਾਇਆ ਹੈ। ਮੁੱਖ ਮੰਤਰੀ ਦੀ ਇਹ ਸਰਗਰਮੀ ਕਾਫੀ ਹੌਂਸਲਾ ਵਧਾਊ ਅਤੇ ਉਸਾਰੂ ਹੈ। ਸਿਆਸੀ ਵਿਰੋਧੀ ਹਮੇਸ਼ਾ ਉਨ੍ਹਾਂ ’ਤੇ ਇਹ ਦੋਸ਼ ਲਗਾਉਂਦੇ ਰਹੇ ਹਨ ਕਿ ਉਹ ਆਮ ਲੋਕਾਂ ਨਾਲ ਮਿਲਦੇ-ਜੁਲਦੇ ਨਹੀਂ ਹਨ। ਨਵੀਂ ਜਨਤਕ ਸਰਗਰਮੀ ਨਾਲ ਉਨ੍ਹਾਂ ਨੇ ਵਿਰੋਧੀਆਂ ਨੂੰ ਇਸ ਮੁੱਦੇ ’ਤੇ ਲਾਜਵਾਬ ਕਰ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਨਾ ਕੇਵਲ ਆਮ ਲੋਕਾਂ ਅਤੇ ਪ੍ਰਸ਼ਾਸਨ ਨਾਲ ਮੇਲ-ਜੋਲ ਵਧਾਇਆ ਗਿਆ ਹੈ ਸਗੋਂ ਉਹ ਮੌਕੇ ’ਤੇ ਹੀ ਅਹਿਮ ਫੈਸਲੇ ਲੈ ਰਹੇ ਹਨ। ਪੰਜਾਬ ਨੂੰ ਇਸ ਸਮੇਂ ਇਸ ਤਰ੍ਹਾਂ ਦੀ ਜਨਤਕ ਸਰਗਰਮੀ ਦੀ ਬੇਹਦ ਜ਼ਰੂਰਤ ਸੀ। ਜੰਗ ਦੇ ਡਰ ਕਾਰਨ ਭੈਅ-ਭੀਤ ਹੋਏ ਲੋਕਾਂ ਨੂੰ ਹੌਂਸਲਾ ਦੇਣਾ ਅਤੇ ਇਸ ਮਕਸਦ ਲਈ ਜ਼ਰੂਰੀ ਕਦਮ ਚੁੱਕਣਾ ਆਪਣੇ ਆਪ ’ਚ ਅਹਿਮ ਕਦਮ ਆਖਿਆ ਜਾ ਸਕਦਾ ਹੈ। ਇਹ ਵੀ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜੰਗ ਵਾਲੇ ਹਾਲਾਤਾਂ ਦਾ ਟਾਕਰਾ ਕਰਨ ਲਈ ਮੌਕੇ ਸਿਰ ਤਿਆਰੀਆਂ ਕੀਤੀਆਂ ਗਈਆਂ ਹਨ। ਇਹ ਵੱਖਰੀ ਗੱਲ ਹੈ ਕਿ ਫਿਲਹਾਲ ਜੰਗ ਦਾ ਖਤਰਾ ਟਲ ਗਿਆ ਹੈ। ਮੁੱਖ ਮੰਤਰੀ ਦੀ ਜਨਤਕ ਸਰਗਰਮੀ ਦਾ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਵੱਡਾ ਲਾਭ ਹੋਵੇਗਾ। ਉਨ੍ਹਾਂ ਦਾ ਆਮ ਲੋਕਾਂ ਨਾਲ ਮੇਲ-ਜੋਲ ਕਾਂਗਰਸ ਦੇ ਸਿਆਸੀ ਪੱਖ ਨੂੰ ਹੋਰ ਮਜ਼ਬੂਤ ਕਰਦਾ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਜਿਸ ਤਰ੍ਹਾਂ ਆਪਣੇ ਦਫਤਰੀ ਰੁਝੇਵਿਆਂ ਨੂੰ ਬਾਖੂਬੀ ਨਿਪਟਾਉਂਦੇ ਹਨ ਉਸੇ ਤਰ੍ਹਾਂ ਉਹ ਜਨਤਕ ਮੇਲ-ਜੋਲ ਨੂੰ ਵੀ ਇਸੇ ਤਰ੍ਹਾਂ ਜਾਰੀ ਰੱਖਣਗੇ।
– ਬਲਜੀਤ ਸਿੰਘ ਬਰਾੜ

Send this to a friend