May 13, 2026 10:07 pm

ਮਨਪ੍ਰੀਤ ਸਿੰਘ ਬਾਦਲ ਦੀ ਵਿੱਤੀ ਸਿਆਣਪ

ਆਰਥਿਕ ਮੁਸ਼ਕਿਲਾਂ ਵਿੱਚ ਘਿਰੇ ਪੰਜਾਬ ਲਈ ਇਸ ਵਾਰ ਇਕ ਸੰਤੁਲਿਤ ਸਾਲਾਨਾ ਬਜਟ ਬਨਾਉਣਾ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਲਈ ਇਕ ਚੁਣੌਤੀ ਪੂਰਨ ਕਾਰਜ ਸੀ। ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਉਨ੍ਹਾਂ ਉਪਰ ਸਾਰੇ ਵਰਗਾਂ ਦੇ ਹਿੱਤਾਂ ਦਾ ਖਿਆਲ ਕਰਨ ਅਤੇ ਕੋਈ ਨਵਾਂ ਟੈਕਸ ਨਾ ਲਗਾਉਣ ਦਾ ਬੋਝ ਸੀ। ਅਜਿਹੇ ਮੁਸ਼ਕਿਲ ਹਾਲਾਤਾਂ ਵਿੱਚ ਵਿੱਤ ਮੰਤਰੀ ਨੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਦੀ ਇਸ ਗੱਲੋਂ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਕਿ ਪੰਜਾਬ ਬਜਟ ਕਿਸੇ ਵੀ ਵਰਗ ਨੂੰ ਨਿਰਾਸ਼ ਨਹੀਂ ਕਰਦਾ। ਉਨ੍ਹਾਂ ਵੱਲੋਂ ਸਾਲ 2019-20 ਦੇ ਪੰਜਾਬ ਬਜਟ ਰਾਹੀਂ ਸੂਬੇ ਦੀ ਆਰਥਿਕਤਾ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਯਤਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਖੇਤੀ ਖੇਤਰ ਅਤੇ ਉਦਯੋਗ ਨੂੰ ਰਾਹਤ ਦੇਣ ਦਾ ਵੱਡਾ ਉਪਰਾਲਾ ਕੀਤਾ ਹੈ। ਪੈਟਰੋਲ ਅਤੇ ਡੀਜ਼ਲ ਦੀ ਪ੍ਰਤੀ ਲੀਟਰ ਕੀਮਤ ਵਿੱਚ ਵੱਡੀ ਕਮੀ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਵੀ ਰਾਹਤ ਦਿੱਤੀ ਹੋਈ ਹੈ। ਵਿੱਤ ਮੰਤਰੀ ਨੇ ਸਿਹਤ ਅਤੇ ਸਿੱਖਿਆ ਸੇਵਾਵਾਂ ਵੱਲ ਵੀ ਬਰਾਬਰ ਧਿਆਨ ਦਿੱਤਾ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵੱਡੇ ਫੰਡ ਰੱਖੇ ਗਏ ਹਨ। ਇਹ ਵੀ ਰਾਹਤ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਕਿਸੇ ਵੀ ਵਰਗ ਉਪਰ ਟੈਕਸਾਂ ਦਾ ਨਵਾਂ ਬੋਝ ਨਹੀਂ ਪਾਇਆ। ਕੁੱਲ 158493 ਕਰੋੜ ਰੁਪਏ ਦੇ ਇਸ ਬਜਟ ਦਾ ਘਾਟਾ 11,687 ਕਰੋੜ ਰੁਪਏ ਹੈ। ਵਿੱਤ ਮੰਤਰੀ ਨੇ ਬਜਟ ਘਾਟਾ ਘਟਾਉਣ ਅਤੇ ਕਰਜ਼ੇ ਨੂੰ ਕਾਬੂ ਹੇਠ ਰਖਣ ਲਈ ਸ਼ਲਾਘਾਯੋਗ ਯਤਨ ਕੀਤੇ ਹਨ। ਉਨ੍ਹਾਂ ਵੱਲੋਂ ਇਹ ਯਤਨ ਲਗਾਤਾਰ ਦੋ ਸਾਲ ਤੋਂ ਹੋ ਰਹੇ ਹਨ ਅਤੇ ਇਸ ਦਾ ਪ੍ਰਭਾਵ ਵੀ ਬਜਟ ਵਿੱਚ ਦਿਸ ਰਿਹਾ ਹੈ। ਬਜਟ ਪ੍ਰਸਤਾਵ ਮੁਤਾਬਿਕ ਨਵੇਂ ਵਿੱਤੀ ਸਾਲ ਦੌਰਾਨ ਪੰਜਾਬ ਸਿਰ ਪੁਰਾਣਾ ਕਰਜ਼ਾ ਵੱਧ ਕੇ 229612 ਕਰੋੜ ਰੁਪਏ ਹੋ ਜਾਵੇਗਾ ਜੋ 2018-19 ਵਿਚ 212276 ਕਰੋੜ ਰੁਪਏ ਸੀ।ਬਿਨਾਂ ਸ਼ੱਕ ਪੰਜਾਬ ਦੀ ਆਰਥਿਕਤਾ ਨੂੰ ਮੁੜ ਪੈਰਾਂ ’ਤੇ ਖੜ੍ਹੇ ਕਰਨ ਲਈ ਹਾਲੇ ਹੋਰ ਸਮਾਂ ਲੱਗੇਗਾ। ਇਹ ਚੰਗੀ ਗੱਲ ਹੈ ਕਿ ਵਿੱਤ ਮੰਤਰੀ ਵੱਲੋਂ ਇਸ ਦਿਸ਼ਾ ਵੱਲ ਵੱਡੇ ਅਤੇ ਪ੍ਰਭਾਵੀ ਕਦਮ ਪੁੱਟੇ ਗਏ ਹਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾ ਕਾਰਜਕਾਲ ਦੌਰਾਨ ਪੰਜਾਬ ਦੀ ਆਰਥਿਕਤਾ ਦਾ ਭਾਰੀ ਨੁਕਸਾਨ ਹੋਇਆ ਹੈ। ਦੂਸਰੇ ਪਾਸੇ ਨਵੀਆਂ ਕੇਂਦਰੀ ਨੀਤੀਆਂ ਕਾਰਨ ਪੰਜਾਬ ਨੂੰ ਜੀਐਸਟੀ ਟੈਕਸ ਤੋਂ ਕਾਫੀ ਘੱਟ ਹਿੱਸਾ ਮਿਲ ਰਿਹਾ ਹੈ। ਮੁਸ਼ਕਿਲ ਵਾਲੇ ਇਨ੍ਹਾਂ ਹਾਲਾਤਾਂ ਵਿੱਚ ਵੀ ਵਿੱਤ ਮੰਤਰੀ ਨੇ ਸੂਬੇ ਦੀ ਖੇਤੀ ਆਰਥਿਕਤਾ ਨੂੰ ਬਚਾਉਣ ਲਈ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਹਿੱਤ 8969 ਕਰੋੜ ਰੁਪਏ ਦੀ ਸਬਸਿਡੀ ਅਤੇ ਕਰਜ਼ਾ ਰਾਹਤ ਸਕੀਮ ਲਈ 3,000 ਕਰੋੜ ਰੁਪਏ ਰਖੇ ਹਨ।ਗੰਨਾ ਉਤਪਾਦਕਾਂ ਨੂੰ ਬਕਾਇਆ ਦੇਣ ਲਈ 355 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਦੀ ਮਦਦ ਵਾਸਤੇ 375 ਕਰੋੜ ਰੁਪਏ ਹੋਰ ਰਖੇ ਗਏ ਹਨ।ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਖੁਦਕੁਸ਼ੀਆਂ ਤੋਂ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।ਬਜਟ ਦੇ ਇਹ ਪ੍ਰਸਤਾਵ ਖੇਤੀ ਖੇਤਰ ਲਈ ਰਾਹਤ ਵਾਲੇ ਆਖੇ ਜਾ ਸਕਦੇ ਹਨ। ਇਸੇ ਤਰ੍ਹਾਂ ਉਦਯੋਗ ਨੂੰ ਸਸਤੀ ਬਿਜਲੀ ਦੇਣ ਲਈ 1513 ਕਰੋੜ ਰੁਪਏ ਦੀ ਸਬਸਿਡੀ ਦੇਣ ਦੀ ਵਿਵਸਥਾ ਕੀਤੀ ਹੈ। ਗਰੀਬ ਬਿਜਲੀ ਖਪਤਕਾਰਾਂ ਨੂੰ ਬਿੱਲਾਂ ’ਤੇ ਸਬਸਿਡੀ ਦੇਣ ਲਈ ਵੱਖਰੇ 1916 ਕਰੋੜ ਰੁਪਏ ਰੱਖੇ ਗਏ ਹਨ। ਕੁੱਲ ਮਿਲਾ ਕੇ ਇਹ ਬਜਟ ਕਾਫੀ ਸੰਤੁਸ਼ਟੀ ਦੇਣ ਵਾਲਾ ਹੈ। ਬਜਟ ਉਪਰ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਪ੍ਰਤਿਭਾ ਦੀ ਛਾਪ ਸਾਫ ਨਜ਼ਰ ਆਉਂਦੀ ਹੈ। ਵਿੱਤ ਮੰਤਰੀ ਆਪਣੇ ਹਰ ਕਾਰਜ ਨੂੰ ਬਹੁਤ ਹੀ ਪ੍ਰਤੀਬੱਧਤਾ ਅਤੇ ਦੂਰਦਰਸ਼ੀ ਸੋਚ ਨਾਲ ਨੇਪਰੇ ਚਾੜ੍ਹਨ ਲਈ ਜਾਣੇ ਜਾਂਦੇ ਹਨ।
– ਬਲਜੀਤ ਸਿੰਘ ਬਰਾੜ

Send this to a friend