May 13, 2026 4:37 am

ਹਾਲੇ ਰਾਤ ਬਾਕੀ ਹੈ

ਪੰਜਾਬ ਵਿੱਚ ਹਾਲੇ ਹਨੇਰਾ ਪਸਰਿਆ ਹੋਇਆ ਹੈ। ਇਹ ਰਾਤ ਹਾਲੇ ਮੁੱਕੀ ਨਹੀਂ ਹੈ। ਇਸ ਹਨੇਰੇ ਵਿੱਚ ਹੀ ਪੰਜਾਬ ਦੇ ਲੋਕ ਜ਼ੁਲਮ ਅਤੇ ਤਸ਼ੱਦਦ ਸਹਿ ਰਹੇ ਹਨ। ਇਹ ਹਨੇਰਾ ਮਨਾਂ ਵਿੱਚ ਵੀ ਵਸਿਆ ਹੋਇਆ ਹੈ। ਇਸ ਕਾਰਨ ਹੀ ਹਰ ਰੋਜ਼ ਮਾਨਵਤਾ ਕਲੰਕਿਤ ਹੋ ਰਹੀ ਹੈ। ਅਪਰਾਧ ਵੱਧ ਰਹੇ ਹਨ। ਸਰਕਾਰਾਂ ਦੀ ਸੰਵੇਦਨਸ਼ੀਲਤਾ ਕਿੱਧਰੇ ਨਜ਼ਰ ਨਹੀਂ ਆ ਰਹੀ। ਘਿਨੌਣੇ ਅਪਰਾਧਾਂ ਨੇ ਲੋਕਾਂ ਦਾ ਜੀਉਣਾ ਦੁੱਭਰ ਕਰ ਦਿੱਤਾ ਹੈ। ਸਿਆਸੀ ਨੇਤਾਵਾਂ ਅਤੇ ਪੁਲਿਸ ਦੇ ਪਾਲੇ ਅਪਰਾਧੀ ਖੁੱਲ੍ਹੇਆਮ ਮਾਸੂਮ ਨਾਗਰਿਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਪੰਜਾਬ ਦੇ ਹਰ ਖੇਤਰ ’ਚ ਇਸ ਤਰ੍ਹਾਂ ਦੇ ਅਪਰਾਧੀ ਮਾਨਸਕਿਤਾ ਵਾਲੇ ਅਨਸਰ ਘੁੰਮ ਰਹੇ ਹਨ। ਇਨ੍ਹਾਂ ਅਪਰਾਧੀ ਅਨਸਰਾਂ ਨੂੰ ਮਾਨਵਤਾ ਵੀ ਭੁੱਲ ਗਈ ਹੈ। ਲੁਧਿਆਣਾ ਦੇ ਦਾਖਾ ਖੇਤਰ ਵਿੱਚ ਸ਼ਨਿੱਚਰਵਾਰ ਦੀ ਰਾਤ ਨੂੰ ਵਾਪਰੀ ਘਟਨਾ ਪੰਜਾਬ ਹੀ ਨਹੀਂ ਸਮੁੱਚੀ ਮਾਨਵਤਾ ਦੇ ਮੱਥੇ ਉਪਰ ਕਾਲਾ ਕਲੰਕ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਇਸ ਬਹੁਤ ਹੀ ਦਰਦਨਾਕ ਘਟਨਾ ਉਪਰ ਸਰਕਾਰ, ਸਿਆਸੀ ਨੇਤਾ ਅਤੇ ਗੱਲ ਗੱਲ ’ਤੇ ਬਿਆਨ ਦਾਗਣ ਵਾਲੀਆਂ ਜਥੇਬੰਦੀਆਂ ਚੁੱਪ ਹਨ। ਦਿੱਲੀ ’ਚ ਕੁੱਝ ਸਾਲ ਪਹਿਲਾਂ ਵਾਪਰੀ ਅਜਿਹੀ ਘਟਨਾ ਤੋਂ ਬਾਅਦ ਮੋਮਬੱਤੀਆਂ ਬਾਲਣ ਵਾਲੇ ਵੀ ਕਿੱਧਰੇ ਲੱਭਦੇ ਨਹੀਂ ਹਨ। ਹੋਰ ਮਸਲਿਆਂ ਦੇ ਰੌਲੇ ਕਾਰਨ ਔਰਤਾਂ ਦੀਆਂ ਜਥੇਬੰਦੀਆਂ ਨੂੰ ਸ਼ਾਇਦ ਇਸ ਘਟਨਾ ਦਾ ਤਾਂ ਹਾਲੇ ਪਤਾ ਹੀ ਨਹੀਂ ਲੱਗਾ। ਉਂਝ ਵੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪੰਜਾਬ ਵਿੱਚ ਹਰ ਦੂਜੇ-ਤੀਜੇ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਕਿਸੇ ਨਾ ਕਿਸੇ ਮਾਂ ਜਾਈ ਨੂੰ ਵਹਿਸ਼ੀ ਮਰਦਾਂ ਦੀ ਜ਼ਿਆਦਤੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਅਪਰਾਧੀ ਪਤਾ ਨਹੀਂ ਕਿਹਨਾਂ ਪਰਿਵਾਰਾਂ ਵਿੱਚੋਂ ਆਉਂਦੇ ਹਨ ਜਿਨ੍ਹਾਂ ਨੂੰ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਦਾ ਵੀ ਇਲਮ ਨਹੀਂ? ਸ਼ਾਇਦ ਉਨ੍ਹਾਂ ਦੇ ਕੋਈ ਪਰਿਵਾਰ ਹੀ ਨਹੀਂ ਹਨ? ਇਸ ਕਾਰਨ ਹੀ ਉਹ ਜੰਗਲੀ ਬਣ ਗਏ ਹਨ। ਦੁੱਖ ਤਾਂ ਇਸ ਗੱਲ ਦਾ ਹੈ ਕਿ ਜਦੋਂ ਕੋਈ ਅਜਿਹਾ ਅਪਰਾਧੀ ਪੁਲਿਸ ਦੀ ਗ੍ਰਿਫਤ ਵਿੱਚ ਆਉਂਦਾ ਹੈ ਤਾਂ ਕਿਧਰੋਂ ਆ ਕੇ ਉਨ੍ਹਾਂ ਦੇ ਪਰਿਵਾਰ ਬੇਸ਼ਰਮੀ ਨਾਲ ਉਠ ਕੇ ‘ਇਨਸਾਫ਼’ ਮੰਗਣ ਤੁਰ ਪੈਂਦੇ ਹਨ। ਹੋਰ ਤਾਂ ਹੋਰ ਪੰਚਾਇਤੀ ਬਣੇ ਨੇਤਾ ਵੀ ਅਜਿਹੀਆਂ ਘਟਨਾਵਾਂ ਵਿੱਚ ਸ਼ਾਮਿਲ ਦੋਸ਼ੀਆਂ ਦੀ ਬੇਸ਼ਰਮੀ ਨਾਲ ਪੈਰਵਾਈ ਕਰਦੇ ਹਨ। ਪੁਲਿਸ ਦਾ ਵਤੀਰਾ ਤਾਂ ਹੋਰ ਵੀ ਅਫਸੋਸਨਾਕ ਹੈ। ਅਜਿਹੀਆਂ ਹਿਰਦੇਵੇਦਿਕ ਘਟਨਾਵਾਂ ਪ੍ਰਤੀ ਵੀ ਪੁਲਿਸ ਦੇ ਮਨ ਵਿੱਚ ਕੋਈ ਰਹਿਮ ਨਹੀਂ ਹੈ। ਆਮ ਲੋਕਾਂ ਦੀ ਸੁਣਵਾਈ ਕਰਨ ਵੇਲੇ ਪੁਲਿਸ ਲੱਭਦੀ ਹੀ ਨਹੀਂ। ਨਿਰਦੋਸ਼ ਮੁਲਾਜ਼ਮਾਂ ’ਤੇ ਤਸ਼ੱਦਦ ਕਰਨ ਵਾਲੇ ਪੁਲਸੀਏ ਵੀ ਅਪਰਾਧੀਆਂ ਖਿਲਾਫ ਕਾਰਵਾਈ ਕਰਨ ਲਈ ਅੱਗੇ ਨਹੀਂ ਆਉਂਦੇ। ਪੁਲਿਸ ਦੀ ਇਸ ਪਹੁੰਚ ਕਾਰਨ ਹੀ ਅਪਰਾਧੀਆਂ ਦੇ ਹੌਂਸਲੇ ਵਧੇ ਹੋਏ ਹਨ। ਉਨ੍ਹਾਂ ਨੇ ਸੰਗਠਨ ਬਣਾ ਲਏ ਹਨ। ਹੁਣ ਪੰਜਾਬ ਦਾ ਕੋਈ ਵੀ ਸ਼ਹਿਰ ਜਾਂ ਪਿੰਡ ਅਪਰਾਧੀਆਂ ਤੋਂ ਸੁਰੱਖਿਅਤ ਨਹੀਂ ਹੈ। ਅਪਰਾਧੀਆਂ ਕੋਲ ਮਾਰੂ ਹਥਿਆਰ ਹਨ। ਪੁਲਿਸ ਵੀ ਇਹ ਜਾਣਦੀ ਹੈ ਪ੍ਰੰਤੂ ਪੁਲਿਸ ਦਾ ਕੰਮ ਹੁਣ ਲੋਕਾਂ ਦੀ ਸੁਰੱਖਿਆ ਕਰਨਾ ਨਹੀਂ ਹੈ। ਉਸ ਨੂੰ ਤਾਂ ਨੇਤਾਵਾਂ ਦੀ ਸੁਰੱਖਿਆ ਦਾ ਫਿਕਰ ਹੈ। ਇਸ ਫਿਕਰ ਵਿੱਚ ਹੀ ਉਸ ਨੂੰ ਪੰਜਾਬ ਭੁੱਲ ਗਿਆ ਹੈ। ਇਸੇ ਕਾਰਨ ਪੰਜਾਬ ’ਚ ਹਾਲੇ ਰਾਤ ਬਾਕੀ ਹੈ। ਲੋਕਾਂ ਨੂੰ ਸਵੇਰੇ ਲਈ ਖੁਦ ਉਠਣਾ ਹੋਵੇਗਾ।
– ਬਲਜੀਤ ਸਿੰਘ ਬਰਾੜ

Send this to a friend