May 12, 2026 10:40 pm

ਸੂਰਬੀਰ ਸਿੱਖ ਜਰਨੈਲ ਸ. ਸ਼ਾਮ ਸਿੰਘ ਅਟਾਰੀਵਾਲਾ

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਈ ਸੂਰਬੀਰ ਜਰਨੈਲ ਯੋਧੇ ਐਸੇ ਸਨ, ਜਿੰਨ੍ਹਾਂ ਦਾ ਨਾਮ ਸੁਣ ਕੇ ਦੁਸ਼ਮਣ ਕੰਬਣ ਲੱਗ ਜਾਦਾਂ ਸੀ। ਉਨ੍ਹਾਂ ਵਿੱਚੋਂ ਸ੍ਰ.ਸ਼ਾਮ ਸਿੰਘ ਅਟਾਰੀਵਾਲਾ, ਸ੍ਰ.ਚਤਰ ਸਿੰਘ ਤੇ ਸ੍ਰ. ਸ਼ੇਰ ਸਿੰਘ ਅਟਾਰੀਵਾਲਾ ਪ੍ਰਮੁੱਖ ਨਾਂ ਸਨ। ਸ੍ਰ. ਸ਼ਾਮ ਸਿੰਘ ਅਟਾਰੀ ਦਾ ਜਨਮ ਪਿਤਾ ਸ੍ਰ. ਨਿਹਾਲ ਸਿੰਘ ਅਤੇ ਮਾਤਾ ਬੀਬੀ ਸ਼ਮਸ਼ੇਰ ਕੌਰ ਦੇ ਘਰ ਹੋਇਆ। ਆਪ ਦੇ ਪਿਤਾ ਸ੍ਰ. ਨਿਹਾਲ ਸਿੰਘ ਪਹਿਲਾਂ ਸਾਹਿਬ ਸਿੰਘ ਭੰਗੀ ਗੁਜਰਾਤੀਏ ਦੇ ਨੌਕਰੀ ਕਰਦੇ ਸਨ। ਥੋੜ੍ਹੇ ਸਮੇ ਬਾਅਦ ਹੀ ਆਪ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ ਸਨ। ਇਤਹਾਸ ਵਿੱਚ ਆਉਦਾ ਹੈ ਕਿ ਇੱਕ ਵਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਹੁਤ ਸਖਤ ਬੀਮਾਰ ਪੈ ਗਏ। ਕੋਈ ਦਵਾਈ ਦਾਰੂ ਕੰਮ ਨਹੀ ਸੀ ਕਰ ਰਿਹਾ। ਸ੍ਰ. ਨਿਹਾਲ ਸਿੰਘ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬੀਮਾਰੀ ਮੈਨੂੰ ਲੱਗ ਜਾਵੇ ਤੇ ਮਹਾਰਾਜਾ ਸਾਹਬ ਠੀਕ ਹੋ ਜਾਣ। ਸ੍ਰ. ਨਿਹਾਲ ਸਿੰਘ ਦੀ ਅਰਦਾਸ ਪੂਰੀ ਹੋਈ ਮਹਾਰਾਜਾ ਰਣਜੀਤ ਸਿੰਘ ਸਿਹਤਯਾਬ ਹੋ ਗਏੇ। ਸ੍ਰ.ਨਿਹਾਲ ਸਿੰਘ ਬੀਮਾਰ ਹੋ ਗਏ ਤੇ ਕੁੱਝ ਹੀ ਦਿਨਾਂ ਮਗਰੋਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਫੌਜ ਦਾ ਸਰਦਾਰ ਬਣਾ ਦਿੱਤਾ। ਸ੍ਰ.ਸ਼ਾਮ ਸਿੰਘ ਅਟਾਰੀ ਵਾਲਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਕਈ ਲੜਾਈਆਂ ਲੜੀਆਂ ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ।ਸ੍ਰ. ਸ਼ਾਮ ਸਿੰਘ ਅਟਾਰੀ ਵਾਲਾ ਤੇ ਮਿਸਰ ਦੀਵਾਨ ਚੰਦ ਨੇ ਕਸ਼ਮੀਰ ਜਿੱਤ ਕੇ ਖਾਲਸਾ ਰਾਜ ਵਿੱਚ ਸ਼ਾਮਿਲ ਕਰ ਦਿੱਤਾ ਤੇ ਕਈ ਹੋਰ ਅਹਿਮ ਜੰਗਾਂ ਵੀ ਜਿੱਤੀਆਂ। ਜਿਸ ਲਈ ਸ਼ਾਮ ਸਿੰਘ ਅਟਾਰੀ ਵਾਲਾ, ਜੈ ਸਿੰਘ ਤੇ ਕੰਵਰ ਸ਼ੇਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਈ ਅਹਿਮ ਮਾਨ-ਸਨਮਾਨ ਦਿੱਤੇ ਗਏ। ਪਿਸ਼ਾਵਰ ਤੋਂ ਵਾਪਸ ਆ ਕੇ ਸ਼ਾਮ ਸਿੰਘ ਅਟਾਰੀ ਵਾਲਾ ਨੇ ਆਪਣੀ ਲੜਕੀ ਨਾਨਕੀ ਦਾ ਰਿਸ਼ਤਾ ਕੰਵਰ ਨੌਨਿਹਾਲ ਸਿੰਘ ਨਾਲ ਪੱਕਾ ਕਰ ਦਿੱਤਾ। ਕੰਵਰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਸੀ। ਸ਼ਾਮ ਸਿੰਘ ਅਟਾਰੀ ਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਆਪਸ ਵਿੱਚ ਰਿਸ਼ਤੇਦਾਰ ਹੋ ਗਏ। ਕੁੱਝ ਸਮਾਂ ਪਾ ਕੇ ਮਹਾਰਾਜਾ ਰਣਜੀਤ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਇਸ ਉਪਰੰਤ ਸਿੱਖ ਰਾਜ ਵਿੱਚ ਹੋ ਰਹੇ ਰੋਲ ਘਚੋਲੇ ਕਾਰਨ ਆਪ ਆਪਣੇ ਪਿੰਡ ਅਟਾਰੀ ਵਾਪਸ ਆ ਕੇ ਰਹਿਣ ਲੱਗ ਪਏ। ਆਪ ਨੇ ਲਾਲਚ ਲੋਭ ਨੂੰ ਇੱਕ ਪਾਸੇ ਰੱਖ ਕੇ ਸਿੱਖ ਰਾਜ ਦੀ ਵਾਗਡੋਰ ਕਿਸੇ ਮਹਾਨ ਵਿਆਕਤੀ ਦੇ ਹੱਥ ਦੇਣ ਦੀ ਗੱਲ ਕਹੀ। ਅੰਗਰੇਜਾਂ ਨੇ ਤੇਜਾਂ ਸਿੰਘ ਅਤੇ ਵਜੀਰ ਲਾਲ ਸਿੰਘ ਨੂੰ ਲਾਲਚ ਵਿੱਚ ਫਸਾ ਕੇ ਆਪਣੇ ਨਾਲ ਮਿਲਾ ਲਿਆ। ਜਦ ਸਿੱਖ ਫੋਜਾਂ ਮੁੱਦਕੀ ਅਤੇ ਫੇਰੂ ਦੀਆਂ ਲੜਾਈਆਂ ਹਾਰ ਗਈ ਤਾਂ ਮਹਾਰਾਣੀ ਜਿੰਦਾਂ ਨੇ ਆਪ ਨੂੰ ਚਿੱਠੀ ਲਿੱਖ ਕੇ ਸਿੱਖ ਰਾਜ ਦੀ ਵਾਗਡੋਰ ਸੰਭਾਲਣ ਦੀ ਗੱਲ ਕਹੀ ਤਾਂ ਆਪ ਨੇ ਵਾਪਸ ਆ ਕੇ ਸਿੱਖ ਫੋਜਾਂ ਨੂੰ ਅੰਗਰੇਜਾਂ ਨਾਲ ਆਰ-ਪਾਰ ਦੀ ਲੜਾਈ ਕਰਨ ਲਈ ਪ੍ਰੇਰਿਆ। ਸਭਰਾਵਾਂ ਦੀ ਲੜਾਈ ਵਿੱਚ ਅੰਗਰੇਜਾਂ ਨਾਲ ਆਰ-ਪਾਰ ਦੀ ਲੜਾਈ ਹੋਈ। ਸ਼੍ਰ. ਸ਼ਾਮ ਸਿੰਘ ਅਟਾਰੀ ਵਾਲਾ ਜਾਨ ਹੀਲ ਕੇ ਇਸ ਲੜਾਈ ਵਿੱਚ ਅੱਗੇ ਹੋ ਕੇ ਲੜੇ। ਅੰਗਰੇਜਾਂ ਦੇ ਹੌਸਲੇ ਪਸਤ ਹੋ ਰਹੇ ਸਨ, ਪਰ ਤੇਜਾ ਸਿੰਘ ਤੇ ਲਾਲ ਸਿੰਘ ਨੇ ਸਿੱਖ ਫੌਜਾਂ ਨਾਲ ਗਦਾਰੀ ਕਰਕੇ ਸਿੱਖਾਂ ਨੂੰ ਅਸਲੇ ਦੀ ਸਪਲਾਈ ਬੰਦ ਕਰਨ ਲਈ ਸਤਲੁਜ ਦਰਿਆ ਦਾ ਪੁਲ ਤੋੜ ਦਿੱਤਾ। ਨਿਹੱਥੇ ਸਿੱਖਾਂ ਦਾ ਅੰਗਰੇਜਾਂ ਨੇ ਭਾਰੀ ਨੁਕਸਾਨ ਕੀਤਾ। ਅੰਤ 10 ਫਰਵਰੀ 1846 ਨੂੰ ਅੰਗਰੇਜਾਂ ਨੇ ਸ੍ਰ.ਸ਼ਾਮ ਸਿੰਘ ਅਟਾਰੀਵਾਲਾ ਨੂੰ ਗੋਲੀਆਂ ਨਾਲ ਛੱਲਣੀ ਕਰਕੇ ਸ਼ਹੀਦ ਕਰ ਦਿੱਤਾ। ਸ਼ਹੀਦੀ ਤੋਂ ਦੋ ਦਿਨ ਬਾਅਦ 12 ਫਰਵਰੀ ਨੂੰ ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਦੀ ਮ੍ਰਿਤਕ ਦੇਹ ਅਟਾਰੀ ਪਹੁੰਚਣ ਤੇ ਸਸਕਾਰ ਕੀਤਾ ਗਿਆ। ਪਿੰਡ ਅਟਾਰੀ ਵਿੱਚ ਸ੍ਰ.ਨਿਹਾਲ ਸਿੰਘ, ਸ੍ਰ.ਸ਼ਾਮ ਸਿੰਘ ਅਟਾਰੀਵਾਲਾ, ਸ੍ਰ. ਕਾਹਨ ਸਿੰਘ, ਸ੍ਰ. ਚੰਦ ਸਿੰਘ ਤੇ ਰਾਣੀ ਕਿਸ਼ਨ ਕੌਰ ਦੀਆਂ ਸਮਾਧਾਂ ਤੇ ਤਲਾਬ ਵੀ ਹੈ। ਪੰਜਾਬ ਸਰਕਾਰ ਵੱਲੋਂ ਅਟਾਰੀ ਮਾਰਗ ਤੇ ਛੇਹਰਟਾ ਲਾਗੇ ਚੌਂਕ ਵਿੱਚ ‘ਗੇਟ ਵੇ ਆਫ ਇੰਡੀਆ’ ਦੇ ਨਾਂ ਤੇ ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਦਾ ਬੁੱਤ ਲਗਾਇਆ ਗਿਆ ਹੈ ਤੇ ਮਈ 2015 ਵਿੱਚ ਪੰਜਾਬ ਸਰਕਾਰ ਨੇ ਅਟਾਰੀ ਰੇਲਵੇ ਸਟੇਸ਼ਨ ਦਾ ਨਾਂਅ ਅਟਾਰੀ ਸ਼ਾਮ ਸਿੰਘ ਰੇਲਵੇ ਸਟੇਸ਼ਨ ਰੱਖਣ ਦਾ ਐਲਾਨ ਕੀਤਾ ਸੀ ਜੋ ਸਾਨੂੰ ਸਦਾ ਇਸ ਮਹਾਨ ਸਿੱਖ ਜਰਨੈਲ ਦੀ ਯਾਦ ਦਿਵਾਉਂਦਾ ਰਹੇਗਾ। ਇਸ 10 ਫਰਵਰੀ ਨੂੰ ਪਿੰਡ ਅਟਾਰੀ ਵਿੱਚ ਸ੍ਰ. ਸ਼ਾਮ ਸਿੰਘ ਅਟਾਰੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।ਐਸੇ ਮਹਾਨ ਸੂਰਬੀਰ ਯੋਧਿਆਂ ਨੂੰ ਕੋਟਿਨ ਕੋਟਿ ਪ੍ਰਣਾਮ।

Send this to a friend