ਲੋਕ ਸਭਾ ਦੀਆਂ ਆਮ ਚੋਣਾਂ ਬਰੂਹਾਂ ’ਤੇ ਆ ਚੁੱਕੀਆਂ ਹਨ, ਪ੍ਰੰਤੂ ਪੰਜਾਬ ਵਿੱਚ ਹਾਲੇ ਤੱਕ ਤੀਸਰੇ ਸਿਆਸੀ ਬਦਲ ਦਾ ਕੋਈ ਮੂੰਹ ਮੱਥਾ ਬਣਦਾ ਨਜ਼ਰ ਨਹੀਂ ਆ ਰਿਹਾ। ਹੁਕਮਰਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਦੂਸਰੀਆਂ ਸਿਆਸੀ ਧਿਰਾਂ ਕਈ ਗੁੱਟਾਂ ਵਿੱਚ ਵੰਡੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਦੀ ਸਿਆਸੀ ਸਮਰੱਥਾ ਬਾਰੇ ਹਾਲੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਆਮ ਆਦਮੀ ਪਾਰਟੀ ਤੋਂ ਟੁੱਟਿਆ ਸਿਆਸੀ ਧੜਾ ਸ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਹਮਖਿਆਲ ਧਿਰਾਂ ਨੂੰ ਨਾਲ ਜੋੜਨ ਲਈ ਯਤਨ ਕਰ ਰਿਹਾ ਹੈ। ਇਸ ਵਿੱਚ ਅੱਗੋਂ ਕਈ ਤਰ੍ਹਾਂ ਦੇ ਅੜਿੱਕੇ ਹਨ। ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਬਰਗਾੜੀ ਮੋਰਚਾ ਆਪਣੀ ਵੱਖਰੀ ਹੋਂਦ ਦਰਸਾਉਂਦਾ ਦਿਸ ਰਿਹਾ ਹੈ। ਸ. ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠਲਾ ਅਕਾਲੀ ਦਲ ਟਕਸਾਲੀ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ। ਬਹੁਜਨ ਸਮਾਜ ਪਾਰਟੀ ਵੱਡੇ ਸਿਆਸੀ ਵਿਸ਼ਵਾਸ ਵਿੱਚ ਵਿਚਰ ਰਹੀ ਹੈ। ਇਸੇ ਤਰ੍ਹਾਂ ਸ. ਸਿਮਰਨਜੀਤ ਸਿੰਘ ਬੈਂਸ ਦੀ ਅਗਵਾਈ ਹੇਠਲੀ ਲੋਕ ਇਨਸਾਫ ਪਾਰਟੀ ਦੀਆਂ ਸਿਆਸੀ ਉਮੀਦਾਂ ਵੀ ਬਹੁਤ ਵੱਡੀਆਂ ਹਨ। ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਦਾ ਪੰਜਾਬ ਮੰਚ ਵੀ ਗਠਜੋੜ ਵਿੱਚ ਵੱਡਾ ਹਿੱਸਾ ਚਾਹੁੰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਇਹ ਸਾਰੀਆਂ ਤੀਸਰੀਆਂ ਧਿਰਾਂ ਆਪਣੇ-ਆਪਣੇ ਭਰਮ ਜਾਲ ਵਿੱਚੋਂ ਗੁਜ਼ਰ ਰਹੀਆਂ ਹਨ। ਇਸ ਕਾਰਨ ਹੀ ਉਨ੍ਹਾਂ ਵੱਲੋਂ ਇਕੱਠੇ ਹੋ ਕੇ ਲੋਕ ਸਭਾ ਚੋਣਾਂ ਲੜਨ ਹਿੱਤ ਗਠਜੋੜ ਹਾਲੇ ਤੱਕ ਨੇਪਰੇ ਨਹੀਂ ਚੜ੍ਹ ਸਕਿਆ। ਹਾਲਾਤ ਇਸ ਤਰ੍ਹਾਂ ਲੱਗ ਰਹੇ ਹਨ ਕਿ ਤੀਸਰੀ ਧਿਰ ਦੀ ਦਾਅਵੇਦਾਰੀ ਲਈ ਵੀ ਕਈ ਧਿਰਾਂ ਮੈਦਾਨ ਵਿੱਚ ਨਿੱਤਰ ਸਕਦੀਆਂ ਹਨ। ਇਸ ਨਾਲ ਇਕ ਵਾਰ ਫਿਰ ਸਿਆਸੀ ਗੇਂਦ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਪਾਲੇ ਵਿੱਚ ਹੀ ਵਾਪਿਸ ਚਲੀ ਜਾਵੇਗੀ। ਪੰਜਾਬ ਨੂੰ ਇਸ ਸਮੇਂ ਇਕ ਮਜ਼ਬੂਤ ਅਤੇ ਸਿਆਸੀ ਤੌਰ ’ਤੇ ਇਮਾਨਦਾਰ ਤੀਸਰੀ ਧਿਰ ਦੀ ਜ਼ਰੂਰਤ ਹੈ। ਇਸ ਧਿਰ ਦੀ ਕਾਇਮੀ ਲਈ ਸੁਹਿਰਦ ਯਤਨ ਹੋਣੇ ਚਾਹੀਦੇ ਹਨ। ਤੀਸਰੀ ਧਿਰ ਨਾਲ ਜੁੜੀਆਂ ਸਾਰੀਆਂ ਜਮਾਤਾਂ ਨੂੰ ਆਪੋ-ਆਪਣੇ ਭਰਮ ਤਿਆਗ ਕੇ ਇਕਮੁੱਠ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਇਕ ਨਵਾਂ ਨਕੋਰ ਸਿਆਸੀ ਬਦਲ ਦਿੱਤਾ ਜਾ ਸਕੇ। ਰਾਜਸੀ ਨੇਤਾਵਾਂ ਦੀ ਹਊਮੈ ਕਾਰਨ ਇਕ ਮਜ਼ਬੂਤ ਤੀਸਰਾ ਬਦਲ ਸਾਹਮਣੇ ਨਹੀਂ ਆ ਰਿਹਾ। ਅਸਲ ਵਿੱਚ ਨੇਤਾਵਾਂ ਦੇ ਨਿੱਜੀ ਏਜੰਡੇ ਹਨ। ਉਹ ਪੰਜਾਬ ਲਈ ਚਿੰਤਤ ਨਹੀਂ ਹਨ। ਆਪੋ-ਆਪਣੀ ਰਾਜਨੀਤੀ ਨੂੰ ਅੱਗੇ ਤੋਰਨ ਲਈ ਸਿਰਫ ਦੋ-ਚਾਰ ਨਾਅਰੇ ਘੜ ਲਏ ਜਾਂਦੇ ਹਨ। ਫਿਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਲੋਕ ਉਨ੍ਹਾਂ ਨਾਲ ਜੁੜਨਗੇ। ਇਹੋ ਕਾਰਨ ਹੈ ਕਿ ਪੰਜਾਬ ਵਿੱਚ ਬਦਲਵੀਂ ਰਾਜਨੀਤੀ ਮਜ਼ਬੂਤ ਨਹੀਂ ਹੋ ਰਹੀ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸੂਬੇ ਵਿੱਚ ਕੋਈ ਨਵੀਂ ਧਿਰ ਉਭਰੇ ਜੋ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ ਉਪਰ ਲਿਜਾ ਸਕੇ। ਪੰਜਾਬ ਦੀਆਂ ਮੌਜੂਦਾ ਮੁਸ਼ਕਿਲਾਂ ਦਾ ਹੱਲ ਸਥਾਪਿਤ ਪਾਰਟੀਆਂ ਕੋਲ ਨਹੀਂ ਹੈ। ਸਥਾਪਿਤ ਪਾਰਟੀਆਂ ਪੈਸੇ ਅਤੇ ਡੰਡੇ ਦੇ ਜ਼ੋਰ ’ਤੇ ਤਾਕਤ ਹਾਸਿਲ ਕਰਦੀਆਂ ਹਨ। ਵੋਟਾਂ ਖਰੀਦਣ ਵਾਲੀਆਂ ਅਤੇ ਵੋਟਾਂ ਦੌਰਾਨ ਨਸ਼ੇ ਵੰਡਣ ਵਾਲੀਆਂ ਪਾਰਟੀਆਂ ਤੋਂ ਕਿਸੇ ਵੀ ਤਰ੍ਹਾਂ ਪੰਜਾਬ ਦੇ ਭਲੇ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਪੰਜਾਬ ਪੱਖੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਿੱਜੀ ਹਿੱਤਾਂ ਦੀ ਕੁਰਬਾਨੀ ਕਰਕੇ ਇਕ ਤੀਸਰੀ ਮਜ਼ਬੂਤ ਧਿਰ ਦੀ ਉਸਾਰੀ ਕਰਨ ਲਈ ਅੱਗੇ ਆਉਣ।
– ਬਲਜੀਤ ਸਿੰਘ ਬਰਾੜ