May 12, 2026 1:41 am

ਸਰਕਾਰ ਨੂੰ ਮੁੜ ਪ੍ਰਭਾਸ਼ਿਤ ਕਰਨ ਦਾ ਯਤਨ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅੰਤਲੇ ਦਿਨਾਂ ਵਿੱਚ ਦਾਖਲ ਹੋ ਗਈ ਹੈ। ਛੇਤੀ ਹੀ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਦੇ ਮੱਦੇਨਜ਼ਰ ਸਰਕਾਰ ਦਾ ਸਾਰਾ ਜ਼ੋਰ ਆਪਣੇ ਅਕਸ਼ ਨੂੰ ਸੁਧਾਰਨ ’ਤੇ ਲੱਗਾ ਹੋਇਆ ਹੈ। ਇਸ ਲਈ ਕਈ ਪੱਧਰਾਂ ’ਤੇ ਯਤਨ ਹੋ ਰਹੇ ਹਨ। ਵਿਰੋਧੀ ਧਿਰ ਵੱਲੋਂ ਲਗਾਤਾਰ ਹਮਲਿਆਂ ਨਾਲ ਸਰਕਾਰ ਦੀ ਕਾਰਗੁਜ਼ਾਰੀ ਉਪਰ ਪ੍ਰਸ਼ਨ ਚਿੰਨ੍ਹ ਉਠਾਏ ਜਾ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਵੋਟਰਾਂ ਦਾ ਸਾਹਮਣਾ ਕਰਨ ਲਈ ਸਰਕਾਰ ਨੂੰ ਮੁੜ ਤੋਂ ਪ੍ਰਭਾਸ਼ਿਤ ਕਰਨ ਦਾ ਯਤਨ ਵੀ ਹੋ ਰਿਹਾ ਹੈ। ਰਾਸ਼ਟਰਪਤੀ ਮਾਣਯੋਗ ਸ਼੍ਰੀ ਰਾਮ ਨਾਥ ਕੋਵਿੰਦ ਵੱਲੋਂ ਸੰਸਦ ਦੇ ਬਜਟ ਸਮਾਗਮ ਦੀ ਸ਼ੁਰੂਆਤ ਮੌਕੇ ਦਿੱਤਾ ਗਿਆ ਭਾਸ਼ਣ ਵੀ ਇਸ ਦਿਸ਼ਾ ਵਿੱਚ ਇਕ ਕਦਮ ਆਖਿਆ ਜਾ ਸਕਦਾ ਹੈ। ਰਾਸ਼ਟਰਪਤੀ ਦੇ ਭਾਸ਼ਣ ਰਾਹੀਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਇਕ ਵੱਖਰੇ ਅੰਦਾਜ ਵਿੱਚ ਕੀਤਾ ਗਿਆ ਹੈ। ਭਾਸ਼ਣ ਇਹ ਬਿਆਨ ਕਰਦਾ ਹੈ ਕਿ 2014 ਵਿਚ ਸੱਤਾ ਸੰਭਾਲਣ ਤੋਂ ਬਾਅਦ ਇਹ ਸਰਕਾਰ ‘ਨਵੇਂ ਭਾਰਤ’ ਦੇ ਨਿਰਮਾਣ ਲਈ ਕੰਮ ਕਰ ਰਹੀ ਹੈ ਅਤੇ ਦੇਸ਼ ਜਦੋਂ ਡਾਵਾਂਡੋਲ ਹਾਲਾਤ ‘ਚੋਂ ਲੰਘ ਰਿਹਾ ਸੀ ਤਾਂ ਇਸ ਨੇ ਨਵੀਂ ਆਸ ਜਗਾਈ ਹੈ। ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਥਾਈ ਹਲ ਲਭਣ ਦੀ ਕੋਸ਼ਿਸ਼ ਕਰ ਰਹੀ ਹੈ।ਰਾਸ਼ਟਰਪਤੀ ਵੱਲੋਂ ਇਸ ਭਾਸ਼ਣ ਰਾਹੀਂ ਰਾਫ਼ਾਲ ਜਹਾਜ਼ ਸੌਦੇ, ਆਮ ਵਰਗਾਂ ਦੇ ਗਰੀਬ ਤਬਕਿਆਂ ਲਈ ਦਸ ਫ਼ੀਸਦੀ ਰਾਖਵਾਂਕਰਨ, ਤਿੰਨ ਤਲਾਕ ਅਤੇ ਨਾਗਰਿਕਤਾ ਬਿੱਲ ਤੇ ਆਰਥਿਕਤਾ ਦੀ ਸਥਿਤੀ ਜਿਹੇ ਵੱਖ-ਵੱਖ ਮੁਦਿਆਂ ’ਤੇ ਸਰਕਾਰ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਸ਼ਣ ਰਾਹੀਂ ਲੋਕਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਵਿੱਚ ਵੱਡੇ ਬਦਲਾਅ ਲਿਆਂਦੇ ਹਨ ਅਤੇ ਦੇਸ਼ ਦੀ ਆਰਥਿਕ ਸਥਿਤੀ ਪਹਿਲਾਂ ਦੇ ਮੁਕਾਬਲੇ ਬਹੁਤ ਮਜ਼ਬੂਤ ਹੈ। ਇਸ ਭਾਸ਼ਣ ਵਿੱਚ ਸਰਕਾਰ ਦੀਆਂ ਨਕਾਮੀਆਂ ਦਾ ਜ਼ਿਕਰ ਨਹੀਂ ਹੈ। ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਭਾਰਤ ਦੀ ਦਿੱਖ ਸੁਧਾਰੀ ਹੈ ਤੇ ਕਾਰਗਰ ਢੰਗ ਨਾਲ ਸਮਾਜਕ ਤੇ ਆਰਥਿਕ ਤਬਦੀਲੀ ਲਿਆਂਦੀ ਹੈ।ਸੁਭਾਵਿਕ ਤੌਰ ’ਤੇ ਸੰਸਦ ਵਿੱਚ ਕੀਤੇ ਗਏ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਨੂੰ ਅੰਤਿਮ ਤੌਰ ’ਤੇ ਦੇਸ਼ ਦੇ ਵੋਟਰਾਂ ਨੇ ਪਰਖਣਾ ਹੈ।
– ਬਲਜੀਤ ਸਿੰਘ ਬਰਾੜ

Send this to a friend