ਰੋਪੜ, 29 ਜਨਵਰੀ (ਲਾਡੀ ਖਾਬੜਾ)- ਰੋਪੜ ਪੁਲੀਸ ਨੇ ਹਾਈਵੇਅ ਡਕੈਤੀ ਦੇ 5 ਕੇਸਾਂ ਵਿੱਚ ਕਥਿਤ ਤੌਰ ’ਤੇ ਸ਼ਾਮਲ ਪਹਿਲਵਾਨ ਗਰੁੱਪ ਦੇ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ 4 ਸਾਥੀ ਅਜੇ ਵੀ ਫਰਾਰ ਹਨ। ਇਹ ਪਹਿਲਵਾਨ ਗਰੁੱਪ ਫਤਿਹਗੜ੍ਹ ਸਾਹਿਬ, ਖੰਨਾ ਅਤੇ ਪਟਿਆਲਾ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਰਾਜਨੀਤੀ ਨੂੰ ਲੈ ਕੇ ਖੰਨਾ ਦੇ ਗਾਂਧੀ ਗਰੁੱਪ ਨਾਲ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਸੀ। ਦੋਸ਼ੀਆਂ ਜਿਨ੍ਹਾਂ ਵਿੱਚ ਕੌਮੀ ਪੱਧਰ ਦਾ ਵੇਟਲਿਫਟਰ ਅਤੇ ਕਾਲਜ ਦੀ ਵਿਦਿਆਰਥੀ ਯੂਨੀਅਨ ਦਾ ਸਾਬਕਾ ਪ੍ਰਧਾਨ ਸ਼ਾਮਲ ਹਨ, ਨੂੰ ਸੋਮਵਾਰ ਸ਼ਾਮ ਗੁਪਤ ਸੂਚਨਾ ਮਿਲਣ ਉਪਰੰਤ 10 ਕਿਲੋਮੀਟਰ ਦੀ ¦ਮੀ ਭੱਜ ਦੌੜ ਤੋਂ ਬਾਅਦ ਕਟਲੀ ਟੀ ਪੁਆਇੰਟ ਵਿਖੇ ਰੋਪੜ ਪੁਲੀਸ ਦੇ ਇੰਸਪੈਕਟਰ ਦੀਪਿੰਦਰ ਦੀ ਅਗਵਾਈ ਵਾਲੀ ਸੀ.ਆਈ.ਏ. 1 ਟੀਮ ਨੇ ਦਬੋਚਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਰਸੂਲੜਾ, ਖੰਨਾ ਤੋਂ ਨੀਲਾਮੱਲ ਉਰਫ ਬਿੱਲਾ; ਖੰਨਾ ਤੋਂ ਵਿਸ਼ਾਲ, ਜੋ ਆਰ.ਆਈ.ਐਮ.ਟੀ. ਕਾਲਜ ਮੰਡੀ ਗੋਬਿੰਦਗੜ੍ਹ ਦਾ ਸਾਬਕਾ ਪ੍ਰਧਾਨ ਹੈ ਅਤੇ ਰਾਜਪੁਰਾ ਤੋਂ ਗੁਰਜੋਤ, ਜਿਸ ਵਿਰੁੱਧ ਪਟਿਆਲਾ ਵਿਖੇ ਲੁੱਟ ਦੇ ਦੋ ਕੇਸ ਦਰਜ ਸਨ ਅਤੇ ਹੁਣ ਜ਼ਮਾਨਤ ’ਤੇ ਬਾਹਰ ਸੀ, ਸ਼ਾਮਲ ਹਨ। ਗ੍ਰਿਫਤਾਰ ਕੀਤੇ ਗਏ ਇਹ ਗੈਂਗਸਟਰ ਪਿਛਲੇ ਸਾਲ ਨਵੰਬਰ ਵਿੱਚ ਸਰਹਿੰਦ ਅਤੇ ਖੰਨਾ ਵਿਖੇ ਮੋਟਰਸਾਈਕਲ ਚੋਰੀ ਅਤੇ ਸ਼ਰਾਬ ਦੇ 2 ਠੇਕਿਆਂ ਦੀ ਹਥਿਆਰਬੰਦ ਲੁੱਟ ਵਿੱਚ ਸ਼ਾਮਲ ਸਨ। ਇਨ੍ਹਾਂ ਵੱਲੋਂ ਪਥਰੇੜੀ ਜੱਟਾਂ ਅਤੇ ਸੰਧੂਆਂ, ਜ਼ਿਲ੍ਹਾ ਰੋਪੜ ਵਿੱਚ ਵੀ ਸ਼ਰਾਬ ਦੇ ਠੇਕਿਆਂ ਦੀ ਲੁੱਟ ਕੀਤੀ ਗਈ ਸੀ। ਇਸ ਤਿੱਕੜੀ ਵੱਲੋਂ ਆਪਣੇ ਸਾਥੀਆਂ ਨਾਲ ਬੱਸੀ ਪਠਾਣਾ ਵਿੱਚ ਵੀ ਠੇਕੇ ਦੀ ਹਥਿਆਰਬੰਦ ਲੁੱਟ ਦੀ ਕੋਸ਼ਿਸ਼ ਕੀਤੀ ਗਈ ਸੀ, ਜਿੱਥੇ ਠੇਕੇ ਦੇ ਮਾਲਕ ’ਤੇ ਇਨ੍ਹਾਂ ਗੈਂਗਸਟਰਾਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਪੁਲੀਸ ਹੁਣ ਇਸ ਗਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਵਿੱਚ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਮਹਾਰਾਸ਼ਟਰ ਅਤੇ ਗੁਜਰਾਤ ਭੱਜ ਗਏ ਹਨ। ਮੰਨਿਆ ਜਾਂਦਾ ਹੈ ਕਿ ਇਸ ਗਰੋਹ ਦਾ ਇੱਕ ਮੈਂਬਰ ਵਿਦੇਸ਼ ਭੱਜ ਗਿਆ ਹੈ। ਇਸ ਸਾਲ ਰੂਪਨਗਰ ਪੁਲੀਸ ਦੀ ਇਹ ਦੂਜੀ ਵੱਡੀ ਸਫ਼ਲਤਾ ਹੈ, ਜਿਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਫੌਜ ਵਿੱਚ ਭਰਤੀ ਦੇ ਨਾਂ ਉੱਤੇ ਲੁੱਟ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਸੀ।