ਖੰਨਾ, 29 ਜਨਵਰੀ (ਹਰਪਾਲ ਸਲਾਣਾ/ ਬਲਜਿੰਦਰ ਪਨਾਗ)-ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜੇਰ ਸਰਕਰਦਗੀ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਹਰਸਿਮਰਤ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਮਰਾਲਾ, ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਦੇ ਸਹਾਇਕ ਥਾਣੇਦਾਰ ਸੁਖਵਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਸਮਰਾਲਾ, ਮੁਕੱਦਮਾ ਨੰਬਰ 17 ਸਮਰਾਲਾ ਦੀ ਤਫਤੀਸ਼ ਦੇ ਸਬੰਧ ਵਿੱਚ ਮੇਨ ਚੌਂਕ ਸਮਰਾਲਾ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਮੁਕੱਦਮਾ ਵਿੱਚ ਚੋਰੀ ਕੀਤੇ ਮੋਟਰਸਾਈਕਲ ਨੰਬਰ ਪੀ.ਬੀ-10-ਜੀ.ਪੀ-8442 ਮਾਰਕਾ ਪਲਟੀਨਾ, ਜਿਸ ਪਰ ਸੰਦੀਪ ਸਿੰਘ ਉਰਫ ਸੀਪਾ ਉਰਫ ਨੇਪਾਲੀ ਪੁੱਤਰ ਜਸਵੀਰ ਸਿੰਘ ਅਤੇ ਕੁਲਵੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀਆਨ ਸ਼ਾਮਗੜ ਥਾਣਾ ਸਮਰਾਲਾ, ਸਵਾਰ ਹੋ ਕੇ ਪਿੰਡ ਸ਼ਾਮਗੜ ਤੋਂ ਵਾਇਆ ਉਟਾਲਾਂ ਬਾਈਪਾਸ ਹੁੰਦੇ ਹੋਏ ਚੰਡੀਗੜ ਵਿਖੇ ਵੇਚਣ ਜਾ ਰਹੇ ਹਨ। ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਹੋਏ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਕਾਰਵਾਈ ਕਰਦਿਆ ਪੁਲਿਸ ਪਾਰਟੀ ਵੱਲੋ ਸੂਆ ਪੁਲੀ ਬੌਦਲੀ ਵਿਖੇ ਨਾਕਾਬੰਦੀ ਕਰਕੇ ਉਕਤਾਨ ਵਿਅਕਤੀਆ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ। ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾ ਦਾ ਇੱਕ ਹੋਰ ਸਾਥੀ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੁੱਲੇਵਾਲ ਥਾਣਾ ਸਮਰਾਲਾ, ਜੋ ਇਹਨਾ ਕੋਲੋ ਚੋਰੀ ਕੀਤੇ ਮੋਟਰਸਾਈਕਲ/ਸਕੂਟਰ/ਸਕੂਟਰੀਆ ਖਰੀਦਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ, ਜਿਸਨੂੰ ਪੁਲਿਸ ਪਾਰਟੀ ਵੱਲੋ ਕਾਬੂ ਕੀਤਾ ਜਾ ਚੁੱਕਾ ਹੈ। ਹੁਣ ਤੱਕ ਉਕਤ ਦੋਸ਼ੀਆਨ ਪਾਸੋਂ ਚੋਰੀ ਕੀਤੇ 2 ਪਲਟੀਨਾ ਮੋਟਰਸਾਈਕਲ, 2 ਐਕਟਿਵਾ (ਸਕੂਟਰੀਆ), 1 ਏਵੀਏਟਰ (ਸਕੂਟਰੀ), 1 ਡਿਊਟ (ਸਕੂਟਰੀ) ਅਤੇ 4 ਰੇਂਜਰ ਸਾਈਕਲ ਬ੍ਰਾਮਦ ਕੀਤੇ ਗਏ ਹਨ। ਇੱਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸੰਦੀਪ ਸਿੰਘ ਉਰਫ ਨੇਪਾਲੀ ਪਰ ਪਹਿਲਾ ਵੀ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਮਰਾਲਾ ਵਿਖੇ ਦੋ ਮੁਕੱਦਮੇ ਦਰਜ ਹਨ। ਦੋਸ਼ੀਆ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।