ਫਰੀਦਕੋਟ, 28 ਜਨਵਰੀ, 2019 (ਗੁਰਜੀਤ ਰੋਮਾਣਾ, ਪਰਮਿੰਦਰ ਕੰਧਾਰੀ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਰੀਦਕੋਟ ਵਿਖੇ ਅਜ ਪੰਜਾਬ ਰਾਜ ਖੇਡਾਂ-ਲੜਕੀਆਂ (ਅੰਡਰ-18) ਦਾ ਸ਼ਾਨਦਾਰ ਆਗਾਜ ਹੋ ਗਿਆ, ਪੰਜਾਬ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਇਨਾਂ ਖੇਡਾਂ ਵਿਚ ਬਤੋਰ ਮੁਖ ਮਹਿਮਾਨ ਪਹੁੰਚੇ ਸ੍ਰੀ ਰਾਜੀਵ ਪਰਾਸਰ, ਆਈ ਏ ਐਸ ਡਿਪਟੀ ਕਮਿਸਨਰ ਫਰੀਦਕੋਟ ਨੇ ਪੰਜਾਬ ਰਾਜ ਖੇਡਾਂ ਦੀ ਸੁਰੂਆਤ ਖੇਡ ਵਿਭਾਗ ਦਾ ਝੰਡਾ ਲਹਿਰਾਕੇ ਅਤੇ ਸਮੂਹ ਜਿਲਿਆਂ ਤੋਂ ਪਹੁੰਚੀਆਂ ਖਿਡਾਰਨਾਂ ਦੇ ਮਾਰਚ ਪਾਸਟ ਨੂੰ ਸਲਾਮੀ ਦੇ ਕੇ ਕੀਤੀ।ਮੁਖ ਮਹਿਮਾਨ ਨੇ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਸੂਬੇ ਦੀਆਂ ਖਿਡਾਰਨਾਂ ਨੂੰ ਖੇਡ ਭਾਵਨਾਂ ਨਾਲ ਖੇਡਣ ਦੀ ਸਹੁੰ ਚੁਕਾਈ। ਉਨ੍ਹਾਂ ਦਸਿਆ ਕਿ ਖੇਡਾਂ ਨੂੰ ਕਰਵਾਉਣ ਦਾ ਮੁਖ ਉਦੇਸ਼ ਕੇਂਦਰੀ ਸਕੀਮ ਖੇਲੋ ਇੰਡੀਆ ਅਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਨੌਜਵਾਨਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਵਖ-ਵਖ ਖੇਡ ਅਕੈਡਮੀਆਂ / ਸਪੋਰਟਸ ਵਿੰਗਾਂ ਲਈ ਤਰਾਸ਼ਨਾ ਅਤੇ ਵਖ ਵਖ ਪਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਹੈ। ਉਨ੍ਹਾਂ ਦਸਿਆ ਕਿ ਨਹਿਰੂ ਸਟੇਡੀਅਮ ਵਿਚ 28 ਤੋਂ 30 ਜਨਵਰੀ ਤਕ ਹੋਣ ਵਾਲੀਆਂ ਖੇਡਾਂ ਵਿਚ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਅਰਾਮਦਾਇਕ ਰਿਹਾਇਸ਼, ਸਿਹਤਮੰਦ ਭੋਜਨ ਅਤੇ ਸਕਿਊਰਟੀ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ।ਇਸ ਮੌਕੇ ਸ੍ਰੀ ਪ੍ਰਦੀਪ ਦਿਉੜਾ ਉਪ ਜਿਲ੍ਹਾ ਸਿਖਿਆ ਅਫਸਰ, ਬਲਵੰਤ ਸਿੰਘ ਜਿਲ੍ਹਾ ਖੇਡ ਅਫਸਰ, ਮੋਗਾ, ਰਣਜੀਤ ਸਿੰਘ ਬੋਲੇਵਾਲਾ ਪ੍ਰਧਾਨ ਬਾਬਾ ਫਰੀਦ ਕੁਸਤੀ ਅਖਾੜਾ, ਰਿਟਾ ਜਿਲ੍ਹਾ ਖੇਡ ਅਫਸਰ ਗੁਰਭਗਤ ਸਿੰਘ, ਰਿਟਾ ਜਿਲ੍ਹਾ ਖੇਡ ਅਫਸਰ ਹਰਬੰਸ ਸਿੰਘ, ਸਤਵਿੰਦਰ ਸਿੰਘ ਸੰਧੂ, ਜਤਿੰਦਰ ਸਿੰਘ ਰੋਮਾਣਾ ਸਮੇਤ ਵਡੀ ਗਿਣਤੀ ਵਿਚ ਅਧਿਕਾਰੀ ਅਤੇ ਕਰਮਚਾਰੀ ਮੋਜੂਦ ਸਨ।