ਅਧਿਆਪਕ ਗੁਰਨੈਬ ਸਿੰਘ ਦਾ ਗਣਤੰਤਰ ਦਿਵਸ ਮੌਕੇ ਰਾਜ ਪੱਧਰੀ ਸਨਮਾਨ

ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਰੋਹ ਵਿਚ ਇਸ ਸਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਵਿਖੇ ਵਿਦਿਅਕ ਖੇਤਰ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਵੱਖ-ਵੱਖ ਜ਼ਿਲ੍ਹਿਆਂ ਤੋਂ 22 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਮਾਨਸਾ ਜ਼ਿਲ੍ਹੇ ਤੋਂ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਦੇ ਅਹੁਦੇ ਤੇ ਕੰਮ ਕਰਦੇ ਗੁਰਨੈਬ ਸਿੰਘ ਮਘਾਣੀਆਂ ਦੀ ਚੋਣ ਕੀਤੀ ਗਈ। ਜਿਕਰਯੋਗ ਹੈ ਕਿ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵਲੋਂ ਪੰਜਾਬ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿਚ ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਮਾਨਸਾ ਜ਼ਿਲ੍ਹੇ ਵਿਚ ਜਿਸ ਦੀ ਕਮਾਂਡ ਅਧਿਆਪਕ ਗੁਰਨੈਬ ਸਿੰਘ ਮਘਾਣੀਆਂ ਦੇ ਹੱਥ ਵਿਚ। ਪਿਛਲੇ ਦੋ ਸਾਲਾਂ ਦੌਰਾਨ ਜ਼ਿਲ੍ਹਾ ਮਾਨਸਾ ਦੇ ਪ੍ਰਾਇਮਰੀ ਸਕੂਲਾਂ ਨੇ ਵਿੱਦਿਅਕ ਖੇਤਰ ਵਿਚ ਬੜੀ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਤੇ ਪ੍ਰਾਇਮਰੀ ਪੱਧਰ ਸਿੱਖਿਆ ਵਿਚ ਵੱਡਾ ਸੁਧਾਰ ਆਇਆ ਹੈ ।ਅਧਿਆਪਕ ਗੁਰਨੈਬ ਸਿੰਘ ਇੱਕ ਅਜਿਹੀ ਸਖਸ਼ੀਅਤ ਹਨ ਜੋ ਆਪਣੇ ਸਕੂਲ ਦੀ ਟੀਮ ਨਾਲ ਮਿਲ ਕੇ ਸਭ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ਵਿਚ ਮਾਡਲ ਸਕੂਲ ਬਣਾਉਣ ਦਾ ਵਿਚਾਰ ਲੈ ਕੇ ਆਏ ਤੇ ਇਸ ਨੂੰ ਸਭ ਤੋਂ ਪਹਿਲਾਂ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਮਘਾਣੀਆਂ ਤੇ ਲਾਗੂ ਕਰਕੇ ਇਸ ਨੂੰ ਨੇਪਰੇ ਚੜ੍ਹਾਕੇ ਪੰਜਾਬ ਜਾ ਭਾਰਤ ਵਾਸੀਆਂ ਤੋਂ ਹੀ ਨਹੀ ਸਗੋਂ ਵਿਦੇਸ਼ੀ ਵਿਅਕਤੀਆਂ ਤੋਂ ਪ੍ਰਸੰਸਾਂ ਖੱਟੀ ।ਅੱਜ ਜਿੱਥੇ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿਚ ਉਹ ਆਪਣਾ ਕੰਮ ਕਰ ਰਹੇ ਹਨ ਉਥੇ ਹੀ ਉਹਨਾਂ ਦੇ ਆਪਣੇ ਸਕੂਲ ਦਾ ਨਾਂ ਵੀ ਮੂਹਰਲੀਆਂ ਸਫਾਂ ਵਿਚ ਆਉਂਦਾ ਹੈ ਜਿਸ ਦਾ ਸਿਹਰਾ ਉਹ ਆਪਣੇ ਸਕੂਲ ਦੇ ਸਮੂਹ ਸਟਾਫ ਦੇ ਸਿਰ ਤੇ ਬੰਨਦੇ ਹਨ ।ਗੁਰਨੈਬ ਸਿੰਘ ਮਘਾਣੀਆਂ ਸਿਰਫ ਅਧਿਆਪਕ ਹੀ ਨਹੀਂ ਸਗੋਂ ਉਹ ਬਹੁਪੱਖੀ ਸਖਸ਼ੀਅਤ ਦੇ ਮਾਲਕ ਹਨ ਜਿੰਨਾਂ ਨੇ ਵੱਖਰੇ ਵੱਖਰੇ ਖੇਤਰਾਂ ਵਿਚ ਨਾਮਣਾ ਖੱਟਿਆ ਹੈ । ਆਪਣੇ ਵਿਦਿਆਰਥੀ ਜੀਵਨ ਤੋਂ ਹੀ ਉਹ ਡਾ. ਕੁਲਦੀਪ ਸਿੰਘ ਦੀਪ ਦੀ ਅਗਵਾਈ ਵਿਚ ਥੀਏਟਰ ਨਾਲ ਜੁੜੇ ਹੋਏ ਹਨ ।ਥੀਏਟਰ ਦੇ ਖੇਤਰ ਵਿਚ 20 ਸਾਲਾਂ ਦੇ ਸਫਰ ਦੌਰਾਨ ਜਿੱਥੇ ਉਹਨਾਂ ਨੇ ਸਮਾਜ ਦੀ ਜਾਗ੍ਰਿਤੀ ਲਈ ਅਨੇਕਾਂ ਹੀ ਪਿੰਡਾਂ ਵਿਚ ਨਾਟਕ ਖੇਡੇ ਹਨ ਉਥੇ ਹੀ ਪੰਜਾਬੀ ਯੁੂਨੀਵਰਸਿਟੀ ਪਟਿਆਲਾ , ਸਾਹਿਤ ਅਕਦਾਮੀ ਚੰਡੀਗੜ੍ਹ ਅਤੇ ਦਿੱਲੀ ਦੇ ਸ੍ਰੀ ਰਾਮ ਆਰਟ ਸੈਂਟਰ ਦੀਆਂ ਵੱਡੀਆਂ ਸਟੇਜਾਂ ਉਪਰ ਵੀ ਅਨੇਕਾਂ ਸ਼ੋਅ ਕੀਤੇ ਹਨ ।ਗੁਰਨੈਬ ਸਿੰਘ ਡਰਾਮਾ ਕਲਾਕਾਰ ਦੇ ਨਾਲ ਇੱਕ ਲੇਖਕ ਵੀ ਹਨ ਜਿੰਨਾਂ ਦੀਆਂ ਤਿੰਨ ਮੌਲਿਕ ਪੁਸਤਕਾਂ ‘ਬਾਕੀ ਫੇਰ ਦੇਖਾਂਗੇ’ ‘ਵੰਨ ਸੁਵੰਨਾਂ ਬਾਂਗਲਾ’ ਨਾਵਲ ‘ਵਾਰਾਂ ਤੁਰੀਆਂ ਜਾਂ3’ ਅਤੇ ਇੱਕ ਸੰਪਾਦਿਤ ਪੁਸਤਕ ‘ਔਰਤ ਤੇਰੇ ਰੂਪ ਅਨੇਕ’ ਛਪ ਚੁੱਕੀ ਹੈ ।ਅਖਬਾਰਾਂ ਮੈਗਜ਼ੀਨਾ ਵਿਚ ਹੁਣ ਤੱਕ ਉਹਨਾਂ ਦੇ ਸੈਂਕੜੇ ਲੇਖ ਛਪ ਚੁੱਕੇ ਹਨ ਅਤੇ ਉਹਨਾਂ ਦਾ ਸਫਰਨਾਮਾ ‘ਵੰਨ ਸੁਵੰਨਾਂ ਬਾਂਗਲਾ’ ਲੜੀਵਾਰ ਪੰਜਾਬ ਟਾਈਮਜ਼ ਅਖਬਾਰ ਵਿਚ ਵੀ ਛਪ ਚੁੱਕਾ ਹੈ ।ਬੱਚਿਆਂ ਦੀ ਪ੍ਰਤਿਭਾ ਨੂੰ ਖੋਜਣ ਲਈ ਉਹ ਲੰਬੇ ਸਮੇਂ ਤੋਂ ਆਪਣੇ ਅਧਿਆਪਕ ਸਾਥੀਆਂ ਨਾਲ ਮਿਲਕੇ ‘ਸ਼ਹੀਦ ਭਗਤ ਸਿੰਘ ਕਲਾ ਮੰਚ,ਪੰਜਾਬ’ ਦੇ ਬੈਨਰ ਹੇਠ ਕਾਰਜ਼ਸ਼ੀਲ ਹਨ ।ਇਸ ਬੈਨਰ ਹੇਠ ਉਹਨਾਂ ਦੀ ਟੀਮ 20 ਦੇ ਲਗਭਗ ਮੇਲੇ ਕਰਵਾ ਚੁੱਕੀ ਹੈ ਜਿੰਨਾਂ ਨੇ ਬਹੁਤ ਸਾਰੇ ਬੱਚਿਆਂ ਦੀ ਪ੍ਰਤਿਭਾ ਨੂੰ ਪਲੇਟਫਾਰਮ ਦਿੱਤਾ ਹੈ ।ਆਪਣੇ ਅਧਿਆਪਕ ਅਤੇ ਥੀਏਟਰ ਦੇ ਸਫਰ ਦੌਰਾਨ ਉਹਨਾਂ ਨੂੰ ਅਨੇਕਾਂ ਮਾਨ ਸਨਮਾਨ ਮਿਲ ਚੁੱਕੇ ਹਨ ।ਇਸ ਵਾਰ ਗਣਤੰਤਰ ਦਿਵਸ਼ ਉਪਰ ਪਟਿਆਲਾ ਵਿਖੇ ਰਾਜ ਸਮਾਰੋਹ ਦੌਰਾਨ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੇੈ । ਗੁਰਨੈਬ ਸਿੰਘ ਮਘਾਣੀਆਂ ਇਸ ਸਨਮਾਨ ਦਾ ਸਿਹਰਾ ਮਾਨਸਾ ਜ਼ਿਲ੍ਹੇ ਦੇ ਸਮੂਹ ਅਧਿਆਪਕ ਸਹਿਬਾਨ ਅਤੇ ਆਪਣੀ ‘ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ’ ਦੀ ਸਮੁੱਚੀ ਟੀਮ ਸਿਰ ਬੰਨਦੇ ਹਨ ।ਉਹਨਾਂ ਦਾ ਕਹਿਣਾ ਹੈ ਕਿ ਇਹ ਅਸਲ ਵਿਚ ਅਧਿਆਪਕਾਂ ਦੀ ਮਿਹਨਤ ਦਾ ਹੀ ਸਨਮਾਨ ਹੈ ।ਜ਼ਿਲ੍ਹਾ ਮਾਨਸਾ ਦੇ ਸਮੁੱਚੇ ਅਧਿਆਪਕ ਵਰਗ ਨੇ ਉਹਨਾਂ ਨੂੰ ਇਸ ਸਨਮਾਨ ਲਈ ਮੁਬਾਰਕਬਾਦ ਦਿੱਤੀ ਹੈ।

Send this to a friend