ਭਾਰਤ-ਪਾਕਿ ’ਚ ਅਰਥ ਭਰਪੂਰ ਗੱਲਬਾਤ ਹੋਵੇ

ਭਾਰਤ ਅਤੇ ਪਾਕਿਸਤਾਨ ਦਰਮਿਆਨ ਲੰਬੇ ਸਮੇਂ ਤੋਂ ਦੁਵੱਲੀ ਗੱਲਬਾਤ ਟੁੱਟੀ ਹੋਈ ਹੈ। ਦੋਵੇਂ ਦੇਸ਼ ਗੁਆਂਢੀ ਹੋਣ ਦੇ ਬਾਵਜੂਦ ਇਕ ਦੂਜੇ ਨਾਲ ਦੁਵੱਲੇ ਮਾਮਲਿਆਂ ’ਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਹਨ। ਆਨੇ-ਬਹਾਨੇ ਦੋਵੇਂ ਦੇਸ਼ ਵੱਖ-ਵੱਖ ਮੁੱਦਿਆਂ ’ਤੇ ਇਕ ਦੂਜੇ ਨਾਲ ਟਕਰਾਅ ਵਿੱਚ ਹਨ। ਜੰਮੂ-ਕਸ਼ਮੀਰ ਵਿੱਚ ਦੋਵੇਂ ਦੇਸ਼ਾਂ ਦਰਮਿਆਨ ਇਕ ਤਰ੍ਹਾਂ ਨਾਲ ਜੰਗ ਹੀ ਚੱਲ ਰਹੀ ਹੈ। ਜੰਮੂ-ਕਸ਼ਮੀਰ ਦੇ ਦੋਵੇਂ ਪਾਸੇ ਸਰਹੱਦ ਉਪਰ ਹਰ ਰੋਜ਼ ਗੋਲੀਬਾਰੀ ਹੋ ਰਹੀ ਹੈ। ਇਸ ਗੋਲੀਬਾਰੀ ਵਿੱਚ ਦੋਵੇਂ ਦੇਸ਼ਾਂ ਦੇ ਫੌਜੀ ਜਵਾਨ ਅਤੇ ਅਧਿਕਾਰੀ ਜਾਨਾਂ ਗਵਾ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਦੋਵੇਂ ਦੇਸ਼ ਮਰਨ ਵਾਲੇ ਫੌਜੀਆਂ ਨੂੰ ਸ਼ਹੀਦ ਦਾ ਦਰਜਾ ਦੇ ਰਹੇ ਹਨ। ਆਪਸੀ ਟਕਰਾਅ ਦਿਨੋ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਦੋਵਾਂ ਵਿੱਚੋਂ ਕੋਈ ਵੀ ਦੇਸ਼ ਝੁਕਣ ਲਈ ਤਿਆਰ ਨਹੀਂ ਦਿਸਦਾ। ਬੇਸ਼ਕ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਕਾਰਨ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹਨ ਕਿ ਦੋਵੇਂ ਦੇਸ਼ ਦੁਵੱਲੇ ਮੁੱਦਿਆਂ ’ਤੇ ਮੁੜ ਗੱਲਬਾਤ ਸ਼ੁਰੂ ਕਰ ਸਕਦੇ ਹਨ। ਭਾਰਤ ਵਿੱਚ ਲੋਕ ਸਭਾ ਚੋਣਾਂ ਸਿਰ ’ਤੇ ਹਨ, ਇਸ ਲਈ ਲੱਗਦਾ ਨਹੀਂ ਹੈ ਕਿ ਹੁਕਮਰਾਨ ਭਾਰਤੀ ਜਨਤਾ ਪਾਰਟੀ ਪਾਕਿਸਤਾਨ ਨਾਲ ਇਸ ਸਮੇਂ ਕੋਈ ਗੱਲਬਾਤ ਲਈ ਤਿਆਰ ਹੋਵੇਗੀ। ਅਸਲ ਵਿੱਚ ਜੇਕਰ ਭਾਰਤ ਸਰਕਾਰ ਪਾਕਿਸਤਾਨ ਨਾਲ ਕੋਈ ਗੱਲ ਕਰਦੀ ਹੈ ਤਾਂ ਇਸ ਨਾਲ ਭਾਜਪਾ ਦਾ ਰਾਸ਼ਟਰਵਾਦ ਦਾ ਏਜੰਡਾ ਠੰਡਾ ਪੈ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕਤਰ ਅੰਤੋਨੀਓ ਗੁਟੇਰੇਜ਼ ਨੇ ਸ਼ੁੱਕਰਵਾਰ ਨੂੰ ਉਮੀਦ ਜਤਾਈ ਕਿ ਭਾਰਤ ਅਤੇ ਪਾਕਿਸਤਾਨ ਆਪਣੇ ਮੁਦਿਆਂ ਨੂੰ ਸੁਲਝਾਉਣ ਲਈ ਅਰਥ ਭਰਪੂਰ ਗੱਲਬਾਤ ਸ਼ੁਰੂ ਕਰਨਗੇ।ਪਰ ਹਾਲਤਾਂ ਇਸ ਤਰ੍ਹਾਂ ਦੀਆਂ ਨਹੀਂ ਲੱਗ ਰਹੀਆਂ। ਗੁਟਰੇਜ਼ ਖੁਦ ਇਹ ਸਵੀਕਾਰ ਕਰਦੇ ਹਨ ਕਿ ਦੋਵੇਂ ਦੇਸ਼ਾਂ ਵਿੱਚ ਗੱਲਬਾਤ ਦੀ ਸਫ਼ਲਤਾ ਦਾ ਹੁਣ ਤੱਕ ਕੋਈ ਸੰਕੇਤ ਨਹੀਂ ਮਿਲਿਆ। ਭਾਰਤ ਨੇ ਪਾਕਿਸਤਾਨ ਨੂੰ ਸਪਸ਼ਟ ਕਰ ਦਿਤਾ ਹੈ ਕਿ ਸਰਹਦ ਪਾਰੋਂ ਹੋ ਰਹੀਆਂ ਅੱਤਵਾਦੀ ਕਾਰਵਾਈਆਂ ਅਤੇ ਗਲਬਾਤ ਦੋਵੇਂ ਨਾਲੋ ਨਾਲ ਨਹੀਂ ਚਲ ਸਕਦੀਆਂ।ਕੌਮਾਂਤਰੀ ਮਾਮਲਿਆਂ ਦੇ ਲਿਹਾਜ਼ ਨਾਲ ਭਾਰਤ ਅਤੇ ਪਾਕਿਸਤਾਨ ਦੋਵੇਂ ਅਹਿਮ ਹਨ। ਦੋਵੇਂ ਮੁਲਕਾਂ ਵਿਚਕਾਰ ਅਰਥ ਭਰਪੂਰ ਗੱਲਬਾਤ ਸਮੇਂ ਦੀ ਵੱਡੀ ਲੋੜ ਹੈ। 2016 ਵਿਚ ਪਾਕਿ ਅਧਾਰਤ ਦਹਿਸ਼ਤਗਰਦਾਂ ਵੱਲੋਂ ਕੀਤੀਆਂ ਦਹਿਸ਼ਤੀ ਕਾਰਵਾਈਆਂ ਕਾਰਨ ਭਾਰਤ ਅਤੇ ਪਾਕਿ ਵਿਚਾਲੇ ਰਿਸ਼ਤਿਆਂ ਵਿਚ ਤਣਾਅ ਆ ਗਿਆ ਹੈ।ਇਹ ਰਿਸ਼ਤੇ ਦੋਵਾਂ ਮੁਲਕਾਂ ਵਿਚ ਦੁਵੱਲੀ ਗਲਬਾਤ ਨਾ ਹੋਣ ਕਾਰਨ 2017 ਵਿਚ ਹੋਰ ਖ਼ਰਾਬ ਹੋ ਗਏ ਸਨ। ਦੋਵੇਂ ਦੇਸ਼ਾਂ ਦੀ ਸਿਆਸੀ ਲੀਡਰਸ਼ਿਪ ਨੂੰ ਇਸ ਸਬੰਧੀ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਇਸ ਖੇਤਰ ਵਿੱਚ ਅਮਨ ਅਤੇ ਦੋਸਤੀ ਦਾ ਮਾਹੌਲ ਬਣਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend