ਸ੍ਰੀ ਫ਼ਤਹਿਗੜ੍ਹ ਸਾਹਿਬ- ‘‘ਸਿਰਸੇ ਵਾਲੇ ਬਲਾਤਕਾਰੀ ਤੇ ਕਾਤਲ ਸਾਧ ਵੱਲੋਂ ਲੋਕਾਈ ਨੂੰ ਹਨ੍ਹੇਰੇ ਵਿਚ ਰੱਖਕੇ ਅਤੇ ਗੁੰਮਰਾਹ ਕਰਕੇ ਜੋ ਆਪਣੇ ਡੇਰੇ ਵਿਚ ਕਾਲੇ ਕਾਰਨਾਮੇ ਅਤੇ ਗੋਰਖ ਧੰਦੇ ਕੀਤੇ ਜਾਂਦੇ ਰਹੇ ਹਨ, ਉਹ ਕਾਰਵਾਈਆ ਧਾਰਮਿਕ ਬੁਰਕੇ ਵਿਚ ਛਿਪੇ ਹੋਏ ਭੇੜੀਏ ਦੀ ਤਰ੍ਹਾਂ ਸਨ । ਇਹ ਹੋਰ ਵੀ ਦੁੱਖਦਾਂਇਕ ਤੇ ਮਨੁੱਖਤਾ ਵਿਰੋਧੀ ਅਮਲ ਹੁੰਦੇ ਆ ਰਹੇ ਸਨ ਕਿ ਉਸ ਗੈਰ-ਇਖ਼ਲਾਕੀ ਅਖੌਤੀ ਸਾਧ ਨੂੰ, ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਦੀ ਸੋਚ ਅਧੀਨ ਵੱਡੇ-ਵੱਡੇ ਸਿਆਸਤਦਾਨ ਅਤੇ ਕਾਨੂੰਨਦਾਨ ਵੀ ਸਰਪ੍ਰਸਤੀ ਕਰਦੇ ਰਹੇ ਸਨ । ਇਹੀ ਵਜਹ ਸੀ ਕਿ ਕਾਲੇ ਕਾਰਨਾਮੇ ਕਰਨ ਵਾਲਾ ਇਹ ਅਖੌਤੀ ਸਾਧ ਆਪਣੇ ਕੁਕਰਮਾ ਨੂੰ ਛੁਪਾਉਦਾ ਰਿਹਾ ਅਤੇ ਕਾਨੂੰਨੀ ਸਜ਼ਾਵਾਂ ਤੋਂ ਬਚਦਾ ਰਿਹਾ। ਪਰ ਸੀ.ਬੀ.ਆਈ. ਦੇ ਜੱਜ ਜਸਟਿਸ ਜਗਦੀਪ ਸਿੰਘ, ਜਿਨ੍ਹਾਂ ਨੇ ਬਿਨ੍ਹਾਂ ਕਿਸੇ ਡਰ-ਭੈ ਅਤੇ ਸਿਆਸੀ ਦਬਾਅ ਤੋਂ ਰਹਿਤ ਰਹਿਕੇ ਪਹਿਲੇ ਬੀਬੀਆਂ ਦੇ ਬਲਾਤਕਾਰੀ ਕੇਸ ਵਿਚ ਉਪਰੋਕਤ ਅਖੌਤੀ ਸਾਧ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਸੁਣਾਈ, ਉਸੇ ਤਰ੍ਹਾਂ ਹੁਣ ਜਮਹੂਰੀਅਤ ਦੇ ਚੌਥੇ ਥੰਮ੍ਹ ਸਮਝੀ ਜਾਂਦੀ ਪ੍ਰੈਸ-ਮੀਡੀਆ ਨਾਲ ਸੰਬੰਧਤ ਇਕ ਇਮਾਨਦਾਰ ਅਤੇ ਦ੍ਰਿੜਤਾ ਰੱਖਣ ਵਾਲੇ ਉਸ ਸ੍ਰੀ ਰਾਮ ਚੰਦਰ ਛਤਰਪਤੀ ਨਾਮ ਦੇ ਪੱਤਰਕਾਰ ਜਿਸਨੇ ਉਪਰੋਕਤ ਬੀਬੀਆਂ ਨਾਲ ਡੇਰੇ ਅੰਦਰ ਹੋ ਰਹੇ ਗੈਰ-ਇਖ਼ਲਾਕੀ ਕੰਮਾਂ ਦਾ ਆਪਣੀ ਕਲਮ ਰਾਹੀ ਪਰਦਾਫਾਸ ਕੀਤਾ ਸੀ ਅਤੇ ਡੇਰੇ ਵਿਚ ਹੋ ਰਹੀਆ ਗੈਰ-ਇਨਸਾਨੀ ਅਤੇ ਗੈਰ-ਇਖ਼ਲਾਕੀ ਕਾਰਵਾਈਆ ਨੂੰ ਬੰਦ ਕਰਨ ਦੀ ਗੁਹਾਰ ਲਗਾਈ ਸੀ, ਉਨ੍ਹਾਂ ਨੂੰ ਉਪਰੋਕਤ ਅਖੌਤੀ ਸਾਧ ਨੇ 24 ਅਕਤੂਬਰ 2002 ਨੂੰ ਆਪਣੇ ਪਾਲੇ ਹੋਏ ਬਦਮਾਸ਼ਾਂ ਰਾਹੀ ਹਮਲਾ ਕਰਵਾਕੇ ਜਖ਼ਮੀ ਕਰ ਦਿੱਤਾ ਸੀ ਜੋ ਬਾਅਦ ਵਿਚ ਮੌਤ ਦੇ ਮੂੰਹ ਵਿਚ ਚਲੇ ਗਏ ਸਨ । ਉਸ ਕਤਲ ਕੇਸ ਵਿਚ ਬੀਤੇ ਦਿਨੀਂ ਉਪਰੋਕਤ ਸਤਿਕਾਰਯੋਗ ਅਤੇ ਇਨਸਾਫ਼ ਦੀ ਪ੍ਰਤੱਖ ਮੂਰਤ ਜਸਟਿਸ ਜਗਦੀਪ ਸਿੰਘ ਨੇ ਫਿਰ ਉਸੇ ਦ੍ਰਿੜਤਾ ਤੇ ਨਿਰਪੱਖਤਾ ਨਾਲ ਉਮਰ-ਕੈਦ ਦੀ ਸਜ਼ਾ ਸੁਣਾਕੇ, ਹਿੰਦੂਤਵ ਦੋਸ਼ਪੂਰਨ ਹਕੂਮਤ ਵਿਚ ਰਹਿੰਦੇ ਹੋਏ ਵੀ ਇਨਸਾਫ਼ ਦੇਣ ਵਾਲਾ ਫੈਸਲਾ ਕੀਤਾ ਹੈ ਉਹ ਹਰ ਇਨਸਾਫ਼ ਪਸ਼ੰਦ ਅਤੇ ਅਮਨ-ਚੈਨ ਚਾਹੁੰਣ ਵਾਲੇ ਇਨਸਾਨ ਵੱਲੋਂ ਭਰਪੂਰ ਪ੍ਰਸ਼ੰਸ਼ਾਯੋਗ ਉਦਮ ਕੀਤਾ ਗਿਆ ਹੈ । ਜਿਸ ਫੈਸਲੇ ਨੂੰ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਚੱਲਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਜਮਾਤ ਸਲਿਊ ਕਰਦੀ ਹੈ ਅਤੇ ਜਸਟਿਸ ਜਗਦੀਪ ਸਿੰਘ ਇਨਸਾਫ਼ ਦੇਣ ਵਾਲੀਆ ਧਿਰਾ ਲਈ ਅਜੋਕੇ ਸਮੇਂ ਵਿਚ ਇਕ ਮਾਡਲ ਬਣਕੇ ਉਭਰੇ ਹਨ।ੂ
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਧਾਰਮਿਕ ਬੁਰਕੇ ਵਿਚ ਗੈਰ-ਕਾਨੂੰਨੀ ਅਤੇ ਗੈਰ-ਇਖ਼ਲਾਕੀ ਕਾਰਵਾਈਆ ਕਰਨ ਵਾਲੇ ਅਖੌਤੀ ਸਾਧ ਨੂੰ ਜਸਟਿਸ ਜਗਦੀਪ ਸਿੰਘ ਵੱਲੋਂ ਸੁਣਾਈ ਗਈ ਸਜ਼ਾ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਜਸਟਿਸ ਜਗਦੀਪ ਸਿੰਘ ਵਰਗੇ ਦ੍ਰਿੜ ਜੱਜਾਂ ਨੂੰ ਹਾਈਕੋਰਟਾਂ ਅਤੇ ਸੁਪਰੀਮ ਕੋਰਟ ਵਿਚ ਆਪਣੀਆ ਇਨਸਾਫ਼ ਪਸ਼ੰਦ ਜਿੰਮੇਵਾਰੀਆ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇਥੋਂ ਦੇ ਨਿਵਾਸੀ ਪ੍ਰੈਸ ਅਤੇ ਮੀਡੀਏ ਦੀ ਭੂਮਿਕਾ ਨੂੰ ਮਹੱਤਵ ਤੇ ਸਤਿਕਾਰ ਦਿੰਦੇ ਹਨ ਤਾਂ ਇਸ ਨਾਲ ਸੰਬੰਧਤ ਜਰਨਲਿਸਟਾਂ, ਲੇਖਕਾਂ, ਕਾਲਮ-ਨਵੀਸਾ ਅਤੇ ਸੰਪਾਦਕ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੌਗਿਰਦੇ ਵਿਚ ਆਪਣੀ ਹੀ ਲਾਇਨ ਦੇ ਕੰਮ ਕਰਨ ਵਾਲੇ ਉਨ੍ਹਾਂ ਇਨਸਾਨਾਂ ਨੂੰ ਉਤਸਾਹਿਤ ਕਰਨ ਜੋ ਆਪਣੀ ਕਲਮ ਦੀ ਬਿਨ੍ਹਾਂ ਕਿਸੇ ਡਰ-ਭੈ ਤੋਂ ਨਿਰਪੱਖਤਾ ਨਾਲ ਇਕ ਅੱਛਾ ਸਮਾਜ ਸਿਰਜਣ ਅਤੇ ਸੱਚ ਦੀ ਆਵਾਜ਼ ਨੂੰ ਦ੍ਰਿੜਤਾ ਨਾਲ ਬੁਲੰਦ ਕਰਨ ਦੀ ਜਿੰਮੇਵਾਰੀ ਨਿਭਾਉਣ ਦੇ ਸਮਰੱਥ ਹੋਣ । ਜੇਕਰ ਪ੍ਰੈਸ ਅਤੇ ਮੀਡੀਆ ਸਹੀ ਮਾਇਨਿਆ ਵਿਚ ‘ਪੀਲੀ-ਪੱਤਰਕਾਰੀ’ ਦਾ ਖਾਤਮਾ ਕਰਕੇ ਆਪਣੇ ਮੁਲਕ ਦੇ ਨਿਵਾਸੀਆ ਨੂੰ ਦਰਪੇਸ਼ ਆ ਰਹੀਆ ਸਮਾਜਿਕ, ਧਾਰਮਿਕ, ਪਰਿਵਾਰਿਕ ਮੁਸ਼ਕਿਲਾਂ ਦੇ ਹੱਲ ਲਈ ਜਿਵੇਂ ਸ੍ਰੀ ਰਾਮ ਚੰਦਰ ਛਤਰਪਤੀ ਨੇ ਆਪਣੀ ਕਲਮ ਨਾਲ ਇਨਸਾਫ਼ ਕੀਤਾ ਹੈ, ਭਾਵੇਕਿ ਉਸ ਜਿੰਮੇਵਾਰੀ ਨੂੰ ਨਿਭਾਉਣ ਹਿੱਤ ਉਨ੍ਹਾਂ ਨੂੰ ਆਪਣੀ ਅਹੁਤੀ ਦੇਣੀ ਪਈ, ਉਸੇ ਤਰ੍ਹਾਂ ਜਿੰਮੇਵਾਰੀ ਨਿਭਾਅ ਸਕਣ ਤਾਂ ਇਸ ਗੱਲ ਵਿਚ ਕੋਈ ਸ਼ੱਕ-ਸੁਭਾਅ ਬਾਕੀ ਨਹੀਂ ਰਹੇਗਾ ਕਿ ਇਥੋਂ ਦੇ ਸਿਆਸਤਦਾਨ, ਹੁਕਮਰਾਨ, ਅਫ਼ਸਰਸ਼ਾਹੀ, ਕਾਨੂੰਨਦਾਨ ਖੁਦ-ਬ-ਖੁਦ ਆਪਣੀਆ ਜਿੰਮੇਵਾਰੀਆ ਨੂੰ ਸਮਝਣ ਅਤੇ ਉਨ੍ਹਾਂ ਨੂੰ ਤਨਦੇਹੀ ਨਾਲ ਪੂਰਨ ਕਰਨ ਦੇ ਸਮਰੱਥ ਹੋ ਕੇ ਸਮਾਜ ਲਈ ਇਕ ਅੱਛਾ ਸੇਧ ਦੇਣ ਵਾਲਾ ਸਾਧਨ ਬਣ ਜਾਣਗੇ । ਜੋ ਕਿ ਅਜੋਕੇ ਸਮਾਜ ਨੂੰ ਅੱਜ ਸਖ਼ਤ ਲੋੜ ਹੈ ।
ਸ. ਟਿਵਾਣਾ ਨੇ ਉਪਰੋਕਤ ਅਖੌਤੀ ਸਾਧ ਨਾਲ ਜੁੜੇ ਗੁੰਮਰਾਹ ਹੋਏ ਪ੍ਰੇਮੀਆਂ ਅਤੇ ਉਸਦੇ ਅੰਨ੍ਹੇਵਾਹ ਬਣੇ ਪੈਰੋਕਾਰਾਂ ਦੀ ਆਤਮਾ ਨੂੰ ਝਿਜੋੜਦੇ ਹੋਏ ਕਿਹਾ ਕਿ ਜੋ ਲੋਕ ਉਸ ਬਲਾਤਕਾਰੀ ਤੇ ਕਾਤਲ ਸਾਧ ਨੂੰ ਆਪਣਾ ਰੱਬ-ਖੁੱਦਾ ਮੰਨਦੇ ਹਨ, ਹੁਣ ਸ਼ੀਸ਼ੇ ਦੀ ਤਰ੍ਹਾਂ ਸਭ ਸੱਚ ਸਾਹਮਣੇ ਆਉਣ ਤੇ ਉਨ੍ਹਾਂ ਨੂੰ ਆਪਣੀ ਆਤਮਾ ਨਾਲ ਸਿੱਧੀ ਗੱਲ ਕਰਦੇ ਹੋਏ ਫੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਸਮਾਜ ਵਿਚ ਬੁਰਾਈਆ ਫੈਲਾਉਣ ਵਾਲੀਆ ਅਜਿਹੀਆ ਏਜੰਸੀਆ ਅਤੇ ਡੇਰਿਆ ਦੇ ਚੁੰਗਲ ਵਿਚ ਫਸਕੇ ਆਪਣਾ ਕੀਮਤੀ ਸਮਾਂ, ਸਾਧਨ ਅਤੇ ਬੁੱਧੀ ਨੂੰ ਬਿਲਕੁਲ ਭ੍ਰਿਸਟ ਨਹੀਂ ਕਰਾਂਗੇ ਅਤੇ ਨਾ ਹੀ ਅਖੌਤੀ ਡੇਰਾਬਾਦ ਦੀ ਬਿਮਾਰੀ ਨੂੰ ਪ੍ਰਫੁੱਲਿਤ ਹੋਣ ਦੇਵਾਂਗੇ । ਸ. ਟਿਵਾਣਾ ਨੇ ਸਮੁੱਚੇ ਮੁਲਕ ਨਿਵਾਸੀਆ ਅਤੇ ਇਥੇ ਵੱਸਣ ਵਾਲੀਆ ਕੌਮਾਂ, ਵੱਖ-ਵੱਖ ਵਰਗਾਂ ਅਤੇ ਫਿਰਕਿਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਡੇਰੇਦਾਰ ਸਮਾਜ ਵਿਚ ਆਪਣੇ ਨਾਮ ਤੇ ਆਪਣੇ ਡੇਰਿਆ ਰਾਹੀ ਨਫ਼ਰਤ ਫੈਲਾਉਣ ਵਾਲੀਆ ਤਾਕਤਾਂ ਨੂੰ ਬਿਲਕੁਲ ਵੀ ਉਤਸਾਹਿਤ ਨਾ ਕਰਨ ਅਤੇ ਆਪਣੇ ਇਨਸਾਨੀ ਤੇ ਮਨੁੱਖਤਾ ਪੱਖੀ ਫਰਜਾਂ ਨੂੰ ਪੂਰਨ ਕਰਦੇ ਹੋਏ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਲੋੜਵੰਦ, ਮਜ਼ਲੂਮ ਅਤੇ ਬੇਸਹਾਰਿਆ ਦੀ ਮਦਦ ਕਰਨ ਦੇ ਮਨੁੱਖਤਾ ਪੱਖੀ ਫਰਜਾਂ ਨੂੰ ਪੂਰਨ ਕਰਨ ਦੀ ਜਿੰਮੇਵਾਰੀ ਵੀ ਨਿਭਾਉਣ ਤਾਂ ਕਿ ਸਮਾਜ ਵਿਚ ਚਾਰੇ ਪਾਸੇ ਫੈਲਦੇ ਜਾ ਰਹੇ ਉਪੱਦਰ ਅਤੇ ਸਮਾਜਿਕ ਬੁਰਾਈਆ ਦਾ ਸਭ ਮਿਲਕੇ ਖ਼ਾਤਮਾ ਕਰ ਸਕਣ ਅਤੇ ਅਮਨ-ਚੈਨ ਦਾ ਬੋਲਬਾਲਾ ਹੋ ਸਕੇ।