ਜੇਕਰ ਰਾਜਸੀ ਭਾਸ਼ਣ ਹਕੀਕਤ ’ਚ ਬਦਲ ਜਾਣ

ਕਹਿ ਕੇ ਮੁੱਕਰ ਜਾਣਾਂ ਇਨਸਾਨ ਦੀ ਜ਼ੁਬਾਨ ਨੂੰ ਝੂਠਾ ਸਾਬਿਤ ਕਰਨ ਲਈ ਕਾਫੀ ਹੈ ਪਰ ਜਦੋਂ ਅਜਿਹਾ ਵਾਰ ਵਾਰ ਹੁੰਦਾ ਰਹੇ ਤਾਂ ਸਮਝ ਲਵੋ ਕਿ ਝੂਠ ਬੋਲਣ ਵਾਲਾ ਵਾਰ ਵਾਰ ਝੂਠ ਬੋਲ ਕੇ ਸੁਨਣ ਵਾਲਿਆਂ ਨੂੰ ਬੇਵਕੂਫ ਬਣਾ ਰਿਹਾ ਹੈ। ਇਹ ਕੋਈ ਅਜੀਬ ਗੱਲ ਨਹੀਂ, ਅਜਿਹਾ ਵਰਤਾਰਾ ਅਸੀਂ ਆਪਣੀ ਜਿੰਦਗੀ ’ਚ ਅਕਸਰ ਦੇਖਦੇ ਹਾਂ। ਚਿਹਰੇ ਬਦਲ ਜਾਂਦੇ ਹਨ ਪਰ ਲਾਰੇ ਲਾ ਕੇ ਡੰਗ ਟਪਾਉਣ ਵਾਲੀ ਨੀਤੀ ਉਹੀ ਰਹਿੰਦੀ ਹੈ। ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਦਾ ਲੰਬਾ ਅਰਸਾ ਰਾਜਸੀ ਭਾਸ਼ਣਾਂ ਦੀ ਆਸ ਨਾਲ ਕੱਟਦੇ ਅਸੀਂ ਅੱਜ ਇੱਕਵੀਂ ਸਦੀ ’ਚ ਪਹੁੰਚ ਗਏ ਹਾਂ। ਲਾਲ ਕਿਲੇ ਦੀ ਸਟੇਜ ਤੋਂ ਹੁੰਦੇ ਵੱਡੇ ਵੱਡੇ ਅਤੇ ਲੰਬੇ ਭਾਸ਼ਣ ਕੁੱਝ ਚਿਰ ਲਈ ਹਰ ਭਾਰਤੀ ਦੇ ਡਿੱਗਦੇ ਮਨੋਬਲ ਨੂੰ ਦਿਲਾਸਾ ਦਿੰਦੇ ਹਨ ਅਤੇ ਚੰਗੇ ਦਿਨਾਂ ਦੀ ਉਮੀਦ ਲੈ ਕੇ ਹੋਇਆ ਲੋਕਾਂ ਦਾ ਇਕੱਠ ਆਖਿਰ ਆਪੋ ਆਪਣੇ ਘਰ ਨੂੰ ਪਰਤ ਜਾਂਦਾ ਹੈ। ਹਾਕਮ ਸਰਕਾਰਾਂ ਕੋਲ ਪੈਸੇ ਦੀ ਕੋਈ ਕਮੀਂ ਨਹੀਂ ਹੁੰਦੀ ਜੇਕਰ ਉਹ ਅਜਿਹਾ ਕਹਿੰਦੇ ਹਨ ਤਾਂ ਇਹ ਵੀ ਇੱਕ ਬਹੁਤ ਵੱਡਾ ਝੂਠ ਹੈ। ਪੈਸੇ ਦੀ ਕਮੀ ਤਾਂ ਇੱਕ ਆਮ ਇਨਸਾਨ ਕੋਲ ਹੁੰਦੀ ਹੈ ਜੋ ਕਈ ਵਾਰੀ ਆਪਣੀ ਆਰਥਿਕ ਤੰਗੀ ਕਾਰਨ ਆਪਣੇ ਸਖਤ ਬਿਮਾਰ ਬੱਚਿਆਂ ਨੂੰ ਦਵਾਈ ਦਿਵਾਉਣ ਲਈ ਦਰ ਦਰ ’ਤੇ ਜਾ ਕੇ ਪੈਸੇ ਮੰਗਣ ਲਈ ਮਜਬੂਰ ਹੋ ਜਾਂਦਾ ਹੈ। ਜੇਕਰ ਸਿਹਤ ਸਹੂਲਤਾਂ ਦੇ ਸੁਧਾਰ ਸਬੰਧੀ ਕੀਤੇ ਵੱਡੇ ਵੱਡੇ ਭਾਸ਼ਣ ਸੱਚ ’ਚ ਤਬਦੀਲ ਹੋ ਜਾਣ ਫਿਰ ਸ਼ਾਇਦ ਕਿਸੇ ਨੂੰ ਸਿਹਤ ਸਹੂਲਤਾਂ ਤੋਂ ਲਾਚਾਰ ਹੋ ਕੇ ਇਸ ਫਾਨੀ ਜਹਾਨ ਤੋਂ ਰੁਸਤਖ ਨਹੀਂ ਹੋਣਾ ਪਵੇਗਾ। ਸਰਕਾਰੀ ਹਸਪਤਾਲਾਂ ਦੀ ਦਿਸ਼ਾ ਅਤੇ ਦਸ਼ਾ ਬਦਲਣ ਵਾਲੇ ਬਿਆਨ ਅਜੇ ਸਿਰਫ ਬਿਆਨ ਹੀ ਹਨ ਜੇਕਰ ਇਹਨਾਂ ਬਿਆਨਾ ਨੂੰ ਨੀਅਤ ਨਾਲ ਲਾਗੂ ਕਰ ਦਿੱਤਾ ਜਾਵੇ ਤਾਂ ਭਾਰਤ ਅਮਰੀਕਾ ਵਰਗੇ ਅਮੀਰ ਦੇਸ਼ ਨੂੰ ਵੀ ਸਿਹਤ ਸਹੂਲਤਾਂ ਦੇ ਖੇਤਰ ’ਚ ਬੜੀ ਆਸਾਨੀ ਨਾਲ ਪਛਾੜ ਦੇਵੇਗਾ। ਪੰਜਾਬ ਦੇ ਕਈ ਜਿਲਿਆਂ ’ਚ ਪੀ.ਜੀ.ਆਈ ਦੀ ਤਰਜ ’ਤੇ ਇਲਾਜ ਉਪਲਬਧ ਕਰਵਾਉਣ ਦਾ ਭਰੋਸਾ ਜੇਕਰ ਹਕੀਕਤ ’ਚ ਬਦਲ ਜਾਵੇ ਤਾਂ ਮਹਿੰਗੇ ਇਲਾਜ ਤੋਂ ਆਮ ਜਨਤਾ ਦਾ ਛੁਟਕਾਰਾ ਆਸਾਨੀ ਨਾਲ ਹੋ ਸਕਦਾ ਹੈ ਪਰ ਰਾਜਸੀ ਇੱਛਾ ਦੀ ਘਾਟ ਇਸ ’ਚ ਵੱਡਾ ਅੜਿਕਾ ਬਣ ਰਹੀ ਹੈ। ਕਾਨੂੰਨ ਦੀ ਹੌਲੀ ਪਰ ਫੈਸਲਾਕੁੰਨ ਲੜਾਈ ਆਰਥਿਕ ਪੱਖੋਂ ਕੰਮਜ਼ੋਰ ਲੋਕਾਂ ਦੇ ਵੱਸ ਤੋਂ ਬਾਹਰ ਹੁੰਦੀ ਜਾ ਰਹੀ ਹੈ। ਪੈਸੇ ਪੱਖੋਂ ਤਕੜੇ ਵਿਅਕਤੀ ਕਈ ਵਾਰੀ ਗਲਤ ਨੂੰ ਵੀ ਸਹੀ ਸਾਬਿਤ ਕਰਨ ’ਚ ਸਫਲ ਹੋ ਜਾਂਦੇ ਹਨ ਜੋ ਇੱਕ ਆਰਥਿਕ ਪੱਖੋਂ ਦਰਮਿਆਨੇ ਇਨਸਾਨ ਨਾਲ ਕੋਝਾ ਧੱਕਾ ਕਿਹਾ ਜਾ ਸਕਦਾ ਹੈੇ। ਸਭ ਲਈ ਬਰਾਬਰ ਕਾਨੂੰਨੀ ਪਹੁੰਚ ਉਪਲਬਧ ਕਰਵਾਉਣ ਦੇ ਬਿਆਨ ਸਿਰਫ ਕਾਗਜਾਂ ਜਾਂ ਅਖਬਾਰਾਂ ਤੱਕ ਹੀ ਸੀਮਤ ਰਹਿ ਗਏ ਹਨ। ਮੁਫਤ ਕਾਨੂੰਨੀ ਸਹਾਇਤਾ ਦੀ ਪ੍ਰਕਰਿਆ ਤੇਜ ਹੋਣੀ ਚਾਹੀਦੀ ਹੈ ਤਾਂ ਜੋ ਹਰ ਲੋੜਵੰਦ ਆਪਣੇ ਹੱਕਾਂ ਦੀ ਰਾਖੀ ਲਈ ਕਾਨੂੰਨੀ ਸਹਾਇਤਾ ਲੈ ਸਕੇ ਅਤੇ ਅਖਬਾਰੀ ਬਿਆਨ ਹਕੀਕਤ ’ਚ ਬਦਲ ਸਕਣ।
ਵਿਸ਼ਵ ਪੱਧਰ ਦੇ ਸਰਕਾਰੀ ਉਚ ਸਿਖਿਆ ਸੰਸਥਾਂਵਾ ਖੜੀਆਂ ਕਰਨ ਦੇ ਬਿਆਨ ਲੋਕ ਹਕੀਕਤ ਵਿੱਚ ਢਲ਼ਦੇ ਦੇਖਣ ਲਈ ਉਤਾਵਲੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਵਿਸ਼ਵ ਪੱਧਰ ਦੀ ਸਿਖਿਆ ਬਿਨਾਂ ਘਰ ਬਾਰ ਛੱਡੇ ਆਪਣੇ ਦੇਸ਼ ਵਿੱਚ ਹੀ ਕਰਵਾ ਸਕਣ ਪਰ ਅਜਿਹਾ ਨੇੜਲੇ ਭਵਿੱਖ ’ਚ ਹੁੰਦਾ ਨਜ਼ਰ ਨਹੀਂ ਆ ਰਿਹਾ। ਪਹਿਲਾਂ ਤੋਂ ਹੀ ਚਲਦੇ ਸਰਕਾਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਦੇਸ਼ ਅੰਦਰ ਸਿੱਖਿਆ ਦਾ ਪੱਧਰ ਵਿਸ਼ਵ ਦੇ ਹੋਰਨਾਂ ਦੇਸ਼ਾਂ ਨਾਲੋ ਲਗਾਤਾਰ ਡਿੱਗਦਾ ਜਾ ਰਿਹਾ ਹੈ ਅਤੇ ਭਾਰਤੀ ਨੌਜਵਾਨ ਉਚ ਵਿੱਦਿਆ ਹਾਸਿਲ ਕਰਨ ਲਈ ਵਿਦੇਸ਼ੀ ਰਸਤਾ ਲੱਭ ਰਹੇ ਹਨ। ਬਾਹਰਲੇ ਮੁਲਕਾਂ ਦੇ ਖਜਾਨੇ ’ਚ ਅੱਜ ਭਾਰਤੀ ਵਿਦਿਆਰਥੀ ਫੀਸਾਂ ਦੇ ਰੂਪ ’ਚ ਕਰੋੜਾਂ ਰੁਪਇਆ ਜਮਾਂ ਕਰਾ ਰਹੇ ਹਨ ਜੋ ਭਾਰਤ ਵਰਗੇ ਵਿਕਾਸ਼ਸ਼ੀਲ ਦੇਸ਼ ਲਈ ਆਉਣ ਵਾਲੇ ਸਮੇਂ ’ਚ ਆਰਥਿਕ ਚਣੌਤੀ ਖੜੀ ਕਰ ਸਕਦਾ ਹੈੇ। ਟੈਕਸਾਂ ਅਤੇ ਕਰ ਦੇ ਰੂਪ ’ਚ ਇਕੱਠਾ ਹੁੰਦਾ ਅਰਬਾਂ ਰੁਪਇਆ ਜੇਕਰ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਇਮਾਨਦਾਰੀ ਨਾਲ ਖਰਚ ਕੀਤਾ ਜਾਵੇ ਤਾਂ ਸ਼ਾਇਦ ਹਿੰਦਸਿਤਾਨ ਦਾ ਕੋਈ ਵੀ ਵਿਅਕਤੀ ਬਿਨਾਂ ਘਰ ਤੋਂ ਨਾ ਰਹੇ, ਪਰ ਅਜਿਹਾ ਨਹੀਂ ਹੋ ਰਿਹਾ। ਚੋਣ ਜਿੱਤਣ ਲਈ ਖਰਚੇ ਜਾਂਦੇ ਕਰੋੜਾਂ ਰੁਪਏ ਜਨਤਾ ਕੋਲਂੋ ਇਕੱਠੀ ਰਕਮ ’ਚੋਂ ਹੀ ਖਰਚੇ ਜਾਂਦੇ ਹਨ ।
ਵੱਡੇ ਵੱਡੇ ਲਾਰੇ ਲਾ ਕੇ ਲੋਕਾਂ ਨੂੰ ਧਰਤੀ ਦੇ ਜਿਉਂਦਾ ਸਵਰਗ ਦਿਖਾਉਣ ਵਾਲੇ ਲੋਕ ਆਮ ਲੋਕਾਂ ਦੀ ਭਲਾਈ ਲਈ ਸਹੀ ਅਤੇ ਨੇਕ ਨੀਅਤ ਨਾਲ ਕੰਮ ਕਰਨ। ਇਹ ਇਤਿਹਾਸਿਕ ਸੱਚ ਹੈ ਕਿ ਜੇਕਰ ਲਾਰੇ ਸੁਨਣ ਵਾਲੇ ਅੱਕ ਜਾਣ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ। ਸੱਤਰ ਦਹਾਕਿਆਂ ਤੋਂ ਭਾਸ਼ਣ ਦੇ ਰੂਪ ’ਚ ਪਾਇਆ ਜਾਂਦਾ ਰੌਲਾ ਸਿਰਫ ਰੌਲਾ ਹੀ ਰਹਿ ਗਿਆ ਇਸ ਵਿੱਚੋਂ ਖੱਟਣ ਲਈ ਆਮ ਜਨਤਾ ਨੂੰ ਕੁੱਝ ਨਹੀਂ ਮਿਲਿਆ ਜਦਕਿ ਰੌਲਾ ਪਾਉਣ ਵਾਲੇ ਆਪਣੀਆਂ ਆਉਣ ਵਾਲੀਆਂ ਕਈ ਪੁਸ਼ਤਾਂ ਲਈ ਪੈਸਾ ਇਕੱਠਾ ਕਰ ਗਏ ਹਨ। ਹੁਣ ਵਕਤ ਹੈ ਕਿ ਕਹੀ ਗੱਲ ਨੂੰ ਪੁਗਾਇਆ ਜਾਵੇ ਅਤੇ ਕੀਤੇ ਵਾਅਦਿਆਂ ਅਨੁਸਾਰ ਆਮ ਲੋਕਾਂ ਦੇ ਜਨ ਜੀਵਨ ਨੂੰ ਹਰ ਮੁੱਢਲੀ ਸਹੂਲਤ ਮੁਹੱਇਆ ਕਰਵਾਈ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਮਝ ਲੈਣਾਂ ਚਾਹੀਦਾ ਹੈ ਕਿ ਇਨਸਾਨ ਹੀ ਇਨਸਾਨ ਦਾ ਅੱਜ ਸਭ ਤੋਂ ਵੱਡਾ ਦੋਖੀ ਹੈ ਜੋ ਪੈਰ ਪੈਰ ’ਤੇ ਝੂਠ ਬੋਲਦਾ ਹੋਇਆ ਆਪਣੇ ਹੀ ਸੰਗੀ ਸਾਥੀਆਂ ਦੇ ਜ਼ਜ਼ਬਾਤਾਂ ਬਾਲ ਖੇਡ ਕੇ ਆਪ ਇੱਕ ਕਾਮਯਾਬ ਖਿਡਾਰੀ ਬਨਣ ਦੀ ਕੋਸਿਸ਼ ਕਰ ਰਿਹਾ ਹੈ।

Send this to a friend