ਛੋਟੀ ਉਮਰੇ ਅਰਬਲ ਤੇ ਪੰਥਜੀਤ ਬਣੇ ਕਬੱਡੀ ਦੇ ਮਿੰਨੀ ਰੁਸਤਮ- ਹਰਜੀਤ ਬਾਜਾਖਾਨਾ ਦੀਆਂ ਲੀਹਾਂ ’ਤੇ ਚੱਲ ਰਹੇ ਨੇ ਦੋਵੇਂ ਭਰਾ

ਅੰਮ੍ਰਿਤਸਰ- ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜੇਕਰ ਛੋਟੀ ਉਮਰ ‘ਚ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਇਕ ਦਿਨ ਆਪਣੀ ਮੀਜ਼ਲ ‘ਤੇ ਪਹੁੰਚ ਹੀ ਜਾਂਦੇ ਹਨ। ਇਸੇ ਤਰ੍ਹਾਂ ਹੀ ਕਬੱਡੀ ਦੇ ਬੇਤਾਜ਼ ਬਾਦਸ਼ਾਹ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਬੱਲਪੁਰੀਆਂ ਦੇ ਫਰਜ਼ੰਦ ਪਹਿਲਵਾਨ ਅਰਬਲ ਸਿੰਘ ਬੱਲਪੁਰੀਆਂ ਅਤੇ ਪਹਿਲਵਾਨ ਪੰਥਜੀਤ ਸਿੰਘ ਬੱਲਪੁਰੀਆਂ ਛੋਟੀ ਉਮਰ ਵਿਚ ਹੀ ਕਬੱਡੀ ਦੇ ਗੁਰ ਸਿੱਖ ਕੇ ਕਬੱਡੀ ਅਖਾੜਿਆਂ ‘ਚ ਧਮਾਲ ਪਾ ਲੋਕਾਂ ਦੀ ਵਾਹ-ਵਾਹ ਖੱਟ ਰਹੇ ਹਨ। ਪਹਿਲਵਾਨ ਅਰਬਲ ਸਿੰਘ ਅਤੇ ਪਹਿਲਵਾਨ ਪੰਥਜੀਤ ਸਿੰਘ ਦਾ ਜਨਮ ਪਿਤਾ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਦੇ ਘਰ (ਕਬੱਡੀ ਖਿਡਾਰੀਆਂ ਮਾਂ) ਮਾਤਾ ਕਰਮਜੀਤ ਕੋਰ ਦੀ ਕੁੱਖੋਂ ਕ੍ਰਮਵਾਰ 4 ਅਗਸਤ 2002 ਅਤੇ 20 ਅਗਸਤ 2005 ਵਿਚ ਪਿੰਡ ਬੱਲਪੁਰੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਖੇ ਹੋਇਆਂ। ਅਰਬਲ ਅਤੇ ਪੰਥਜੀਤ ਆਪਣੇ ਮਾਤਾ-ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਅੱਜ ਕਬੱਡੀ ‘ਚ ਨਾਮਣਾ ਖੱਟ ਰਹੇ ਹਨ। ਜੇਕਰ ਪਹਿਲਵਾਨ ਅਰਬਲ ਬੱਲਪੁਰੀਆਂ ਦੀ ਜ਼ਿੰਦਗੀ ਤੇ ਇਕ ਪੱਛੀ ਝਾਂਤ ਮਾਰੀ ਜਾਵੇ ਤਾਂ ਹੁਣ ਤੱਕ ਇਸ ਨੋਜ਼ਵਾਨ ਨੇ 100 ਤੋ ਵੱਧ ਕਬੱਡੀ ਮੈਚ ਖੇਡ ਕੇ ਆਪਣੀ ਝੋਲੀ ‘ਚ ਪਵਾਏ ਹਨ। ਇਸ ਤੋ ਇਲਾਵਾ ਅਰਬਲ ਨੇ ਕਬੱਡੀ ਮੈਚਾਂ ਦੋਰਾਨ 7 ਮੋਟਰਸਾਇਕਲ, 11 ਸੋਨੇ ਦੇ ਕੈਠੇ, 11 ਗੁਰਜ਼, ਦੋ ਮੱਝਾਂ ਅਤੇ 20 ਕੱਪ ਜਿੱਤ ਨੇ ਆਪਣੇ ਮਾਤਾ-ਪਿਤਾ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਟਾਹਲੀ ਸਾਹਿਬ ਸਕੂਲ ਵੱਲੋਂ ਸਾਲ 2015 ਕਬੱਡੀ ਮੈਚ ਦੋਰਾਨ 30 ਟੀਮਾਂ ਵਿਚੋ ਅਰਬਲ ਨੇ ਪਹਿਲੇ ਮੈਚ ਵਿੱਚੋ ਹਰਜੀਤ ਬਾਜ਼ਾਖਾਨਾ ਵਾਂਗ 7 ਖਿਡਾਰੀਆਂ ਨੂੰ ਬਾਹਰ ਕੱਢ ਕੇ ਪਹਿਲੇ ਸਥਾਨ ‘ਤੇ ਰਿਹਾ। ਖਾਲਸਾ ਕਾਲਜ ਅੰਮ੍ਰਿਤਸਰ ਵਿੱਖੇ 13 ਕਬੱਡੀ ਨੈਸ਼ਨਲ ਵਿੱਚੋ ਅਰਬਲ ਨੇ 13 ਰੇਡਾਂ ਪਾ ਕੇ ‘ਬੈਸਟ ਰੇਡਰ’ ਦਾ ਖਿਤਾਬ ਹਾਸਲ ਕੀਤਾ। ਇਸ ਤੋ ਇਲਾਵਾ ਅਰਬਲ ਨੇ ਯਾਦਗਾਰੀ ਮੈਚ ਸਰਕਲ ਸਟਾਇਲ ਪਿੰਡ ਹਸਨਪੁਰਾ, ਹਰਪੁਰਾ, ਧੰਦੋਈ ਅਤੇ ਗੁਰਦਾਸਪੁਰ ਦੇ ਪਿੰਡ ਚੋੜੇ ਮਦਰੇ ਵਿਚ ਵੀ ਵਧੀਆਂ ਖੇਡ ਪ੍ਰਦਰਸ਼ਨ ਕਰਕੇ ‘ਬੈਸਟ ਰੈਡਰ’ ਖਿਤਾਬ ਹਾਸਲ ਕੀਤਾ ਹੈ। ਅੰਮ੍ਰਿਤਸਰ ਦੇ ਪਿੰਡ ਚਮਿਆਰੀ ਵਿਚ ਸਾਲ 2015 ਵਿਚ ਸਰਕਲ ਦੀਆਂ ਕਬੱਡੀਆਂ ਪਾ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ। 1947 ਦੇ ਸ਼ਹੀਦਾਂ ਦੀ ਯਾਦ ‘ਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਸਨਪੁਰਾ ਵਿੱਖੇ ਬਾਬੇ ਰੋਡੇ ‘ਤੇ ਕਰਵਾਏ ਜਾਂਦੇ ਖੇਡ ਮੇਲੇ ਦੋਰਾਨ ਅਰਬਲ ਬੱਲਪੁਰੀਆਂ ਨੇ ਪਿਛਲੇ ਦੋ ਸਾਲਾਂ ਤੋ ਖੇਡ ਕੇ ਹਰਜੀਤ ਬਾਜ਼ਾਖਾਨਾ ਦੀਆਂ ਯਾਦਾਂ ਨੂੰ ਤਰੋਤਾਜ਼ਾ ਕਰਵਾਇਆਂ। ਇਸ ਤੋ ਇਲਾਵਾ ਸਾਲ 2018 ਵਿਚ 21 ਅਕਤੂਬਰ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ ਕਰਵਾਏ ਜਾਂਦੇ ਕਬੱਡੀ ਕੱਪ ਵਿਚ ਕਬੱਡੀ ਖੇਡ ਪ੍ਰੇਮੀਆਂ ਵੱਲੋਂ ਅਰਬਲ ਬੱਲਪੁਰੀਆਂ ਨੂੰ 90 ਕਿਲੋ ਭਾਰ ਨਾਲ ਪੈਸਿਆਂ ਨਾਲ ਤੋਲਿਆ ਗਿਆ। ਯਾਦ ਰਹੇ ਕਿ ਇਸ ਤੋ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਂਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਗਾਮਾ ਰੁਸ਼ਤਮ ਵਰਲਡ ਚੈਪੀਅਨ ਨੂੰ ਤੋਲਿਆ ਸੀ। ਇਸ ਤੋ ਬਾਅਦ ਹੁਣ ਪਹਿਲਵਾਨ ਅਰਬਲ ਬੱਲਪੁਰੀਆਂ ਨੂੰ ਤੋਲਿਆ ਗਿਆ ਹੈ। ਹਰਜੀਤ ਬਾਜ਼ਾਖਾਨਾ ਦੀ ਇਕ ਰੇਡ 18 ਲੱਖ 15 ਹਜ਼ਾਰ ਰੁਪਏ ਬਣਦੀ ਹੈ, ਜਦਕਿ ਜਿੰਨ੍ਹਾਂ ਪੈਸਿਆਂ ਨਾਲ ਪਹਿਲਵਾਨ ਅਰਬਲ ਬੱਲਪੁਰੀਆਂ ਨੂੰ ਤੋਲਿਆ ਗਿਆ ਹੈ, ਉਸ ਦੀ ਕੀਮਤ 27 ਲੱਖ ਰੁਪਏ ਬਣਦੀ ਹੈ। ਜੋ ਕਿ ਕਬੱਡੀ ਖੇਡ ਪ੍ਰੇਮੀਆਂ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ। ਅਰਬਲ ਬੱਲਪੁਰੀਆਂ ਜਦ ਖੇਡ ਮੈਦਾਨ ‘ਚ ਰੇਡ ਪਾਉਦਾ ਹੈ ਤਾਂ ਕਬੱਡੀ ਖੇਡ ਪ੍ਰੇਮੀਆਂ ਨੂੰ ਅਰਬਲ ਵਿਚ ਹਰਜੀਤ ਬਾਜ਼ਾਖਾਨਾ ਦਾ ਦੂਸਰਾ ਰੂਪ ਨਜ਼ਰ ਆਉਦਾ ਹੈ ਅਤੇ ਅਰਬਲ ਤੇ ਪੰਥਜੀਤ ਵੀ ਹਰਜੀਤ ਬਾਜ਼ਾਖਾਨਾ ਦੀਆਂ ਲੀਹਾਂ ‘ਤੇ ਚੱਲ ਕੇ ਆਪਣੇ ਪਿੰਡ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਂਅ ਵੀ ਰੋਸ਼ਨ ਕਰ ਰਹੇ ਹਨ। ਅਰਬਲ ਤੇ ਪੰਥਜੀਤ ਨੂੰ ਕਬੱਡੀ ਦੀ ਟ੍ਰੈਨਿੰਗ ‘ਤੇ ਗੁੜਤੀ ਵਿਰਸੇ ਵਿੱਚੋਂ ਮਿਲੀ, ਜੋ ਕਿ 6ਵੀਂ ਪੀੜ੍ਹੀ ਦੇ ਪਹਿਲਵਾਨ ਵਜੋਂ ਉਭਰ ਰਹੇ ਹਨ ਅਤੇ ਇੰਨ੍ਹਾਂ ਦੋਵਾਂ ਮਾਣਮੱਤੇ ਪਹਿਲਵਾਨਾਂ ਨੂੰ ਕਬੱਡੀ ਦੀ ਟ੍ਰੈਨਿੰਗ ਕਬੱਡੀ ਦੀ ਕੱਧ ਰਾਣਾ ਵੰਝ ਵੱਲੋਂ ਦਿੱਤੀ ਜਾ ਰਹੀ ਹੈ। ਅਰਬਲ ਤੇ ਪੰਥਜੀਤ ਦੇ ਪੜਦਾਦਾ ਜਥੇ: ਹੀਰਾ ਸਿੰਘ ਅਕਾਲੀਆਂ ਅਤੇ ਪੜਦਾਦੇ ਦਾ ਪਿਤਾ ਚੜ੍ਹਤ ਸਿੰਘ ਨਾਮਵਰ ਪਹਿਲਵਾਨ ਰਹੇ ਸਨ। ਇਸ ਤੋ ਇਲਾਵਾ ਇੰਨ੍ਹਾਂ ਦੇ ਨਾਨਕੇ, ਦਾਦਕੇ, ਚਾਚੇ, ਤਾਏ ਸਭ ਪਹਿਲਵਾਨ ਹਨ। ਜਿਸ ਕਾਰਨ ਉਨ੍ਹਾਂ ਨੂੰ ਕਬੱਡੀ ਦੇ ਗੁਰ ਸਿੱਖਣ ਵਿਚ ਕੋਈ ਮੁਸ਼ਕਲ ਪੇਸ਼ ਨਹੀ ਆਈ। ਮਾਂਝੇ ਦਾ ਨਾਮ ਰੋਸ਼ਨ ਕਰ ਰਹੇ ਪਹਿਲਵਾਨ ਅਰਬਲ ਤੇ ਪੰਥਜੀਤ ਨੂੰ ਕਬੱਡੀ ਦੇ ਨਾਮਵਰ ਖਿਡਾਰੀ ਬਹੁਤ ਪਿਆਰ ਤੇ ਮਾਣ ਸਤਿਕਾਰ ਦਿੰਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਵਰਲਡ ਚੈਪੀਂਅਨ ਦੁਰਗੀਪੁਰੀਆਂ ਦਾਰਾ ਅਤੇ ਪਹਿਲਵਾਨ ਦਾਰਾ ਧਰਮਚੱਕੀਆਂ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ। ਇਸ ਤੋ ਇਲਾਵਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਗੇਲਾ, ਤਰਲੋਚਨ ਸਿੰਘ ਸਰਪੰਚ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੂਲੀ, ਭਾਨਾ ਜਾਫੀ, ਕਬੱਡੀ ਦਾ ਜਾਫੀ ਰਾਣਾ ਵੰਝ ਤੇ ਅਰਜਨ ਨੇ ਰੁਸ਼ਤਮੇ ਹਿੰਦ ਮੇਹਰ ਦੀਪ ਦੇ ਭਰਾ ਪ੍ਰੀਤੇ ਦੀਆਂ ਗੋਡੀਆਂ ਲਗਾ ਕੇ ‘ਪੰਜਾਬ ਕੇਸਰੀ’ ਦਾ ਖਿਤਾਬ ਜਿੱਤਿਆ। ਸੁੱਚਾ ਆਲੀਨੰਗਲ, ਵਿਸ਼ਵ ਕਬੱਡੀ ਜੇਤੂ ਮੰਗੀ ਬੱਗਾ, ਵਿਸ਼ਵ ਵਿਜੇਤਾ ਕੁਲਜੀਤਾ ਮਲਸੀਆਂ, ਪਾਲਾ ਜਲਾਲਪੁਰੀਆਂ, ਦੁੱਲਾ, ਬਲਵਿੰਦਰ ਫਿੱਡਾ, ਗੋਗੋ ਰੁੜਕੀ, ਪੱਪੂ, ਮੱਤਾ ਬਲਕਾਰਾ, ਪਾਕਿਸਤਾਨ ਦਾ ਭਲਵਾਨ ਬਰਕਤ ਅਲੀ ਦਾ ਇਸੇ ਪਰਿਵਾਰ ਨਾਲ ਖੂਨ ਦਾ ਰਿਸ਼ਤਾ ਹੈ। ਕੁੱਲ ਮਿਲਾ ਕੇ ਸਾਰਾ ਪਰਿਵਾਰ ਸ਼ੁਰੂ ਤੋ ਹੀ ਭਲਵਾਨੀ ਦੇ ਖੇਤਰ ‘ਚ ਨਾਮਣਾ ਖੱਟ ਚੁੱਕਾ ਹੈ ਅਤੇ ਹੁਣ ਪਰਿਵਾਰ ਦੀਆਂ ਨਜ਼ਰਾਂ 6ਵੀਂ ਪੀੜ੍ਹੀ ਦੇ ਪਹਿਲਵਾਨ ਅਰਬਲ ਬੱਲਪੁਰੀਆਂ ਅਤੇ ਪਹਿਲਵਾਨ ਪੰਥਜੀਤ ਬੱਲਪੁਰੀਆਂ ‘ਤੇ ਟਿਕੀਆਂ ਹੋਈਆਂ ਹਨ ਤੇ ਉਹ ਵੀ ਆਪਣੇ ਪੁਰਖਿਆਂ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਦੁਨੀਆਂ ਭਰ ‘ਚ ਕਬੱਡੀ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਸਮੇਂ ਅਰਬਲ ਤੇ ਪੰਥਜੀਤ ਪੜ੍ਹਾਈ ਦੇ ਨਾਲ-ਨਾਲ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਦੀ ਵਾਂਗਡੋਰ ਸੰਭਾਲ ਰਹੇ ਹਨ ਅਤੇ ਪਹਿਲਵਾਨਾਂ ਦੀ ਖੁਰਾਕ ਦਾ ਵੀ ਧਿਆਨ ਰੱਖ ਰਹੇ ਹਨ। ਉਹ ਦਿਨ ਦੂਰ ਨਹੀ ਜਦ ਦੋਵੇਂ ਭਰਾ ਹਿੰਦੋਸਤਾਨ ਦੀ ਭਲਵਾਨੀ ਦੀ ਪੱਗ ਪੂਰੇ ਵਿਸ਼ਵ ‘ਚ ਉਚੀ ਕਰਨਗੇ।

Send this to a friend