ਕਰਜ਼ੇ ਦੀ ਭੇਟ ਚੜ੍ਹਿਆ ਇਕ ਹੋਰ ਕਿਸਾਨ

ਬਠਿੰਡਾ/ਮੌੜ ਮੰਡੀ, 8 ਜਨਵਰੀ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ)- ਪੰਜਾਬ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀ ਲੈ ਰਹੀਆਂ। ਸਬ ਡਵੀਜਨ ਮੌੜ ਅਧੀਨ ਪੈਂਦੇ ਪਿੰਡ ਰਾਜਗੜ੍ਹ ਕੁੱਬੇ ਦੇ ਇਕ ਕਿਸਾਨ ਜਗਵਿੰਦਰ ਸਿੰਘ ਨੇ ਆਪਣੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਕੋਲ ਆਪਣੀ ਸਿਰਫ ਤਿੰਨ ਏਕੜ ਜਮੀਨ ਹੈ ਜਿਸ ਵਿਚੋਂ ਤਿੰਨ ਕਨਾਲਾਂ ਜਮੀਨ ਵਿਕ ਚੁੱਕੀ ਹੈ।ਕਿਸਾਨ ਦੇ ਸਾਢੇ ਤਿੰਨ ਲੱਖ ਰੁਪੈ ਦਾ ਕਰਜ਼ਾ ਸੀ । ਬੈਂਕ ਵੱਲੋਂ ਕਿਸਾਨ ਨੂੰ ਕਰਜ਼ਾ ਭਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਦੇ ਚਲਦੇ ਕਿਸਾਨ ਪ੍ਰੇਸ਼ਾਨ ਰਹਿਣ ਲੱਗਾ ਅਤੇ ਅੱਜ ਸਵੇਰ ਉਸ ਨੇ ਆਪਣੇ ਹੀ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਛੱਡ ਗਿਆ ਹੈ। ਕਿਸਾਨ ਯੂਨੀਅਨ ਦੇ ਪ੍ਰਧਾਨ ਗੰਗਾ ਸਿੰਘ ਅਤੇ ਪਿੰਡ ਵਾਸੀਆਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ ਮਾਫ ਕੀਤਾ ਜਾਵੇ ਅਤੇ ਉਸਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

Send this to a friend