ਦਿੱਲੀ ਏਅਰਪੋਰਟ ਰਾਹੀਂ ਲੁਟੀਂਦਾ ਪੰਜਾਬ

ਦਿੱਲੀ ਦਾ ਕੌਮਾਂਤਰੀ ਹਵਾਈ ਅੱਡਾ ਪੰਜਾਬ ਅਤੇ ਪੰਜਾਬੀਆਂ ਦੀ ਲੁੱਟ ਦਾ ਇਕ ਵੱਡਾ ਜ਼ਰੀਆ ਬਣਿਆ ਹੋਇਆ ਹੈ। ਦਹਾਕਿਆਂ ਤੋਂ ਪੰਜਾਬੀ ਇਸ ਹਵਾਈ ਅੱਡੇ ਰਾਹੀਂ ਦੋਨੋਂ ਹੱਥੀਂ ਲੁੱਟੇ ਜਾ ਰਹੇ ਹਨ, ਪ੍ਰੰਤੂ ਇਸ ਖਿਲਾਫ ਕੋਈ ਆਵਾਜ਼ ਨਹੀਂ ਉਠਾਈ ਜਾ ਰਹੀ। ਪੰਜਾਬ ਦੇ ਨੇਤਾ ਅਤੇ ਸਰਕਾਰਾਂ ਚੁੱਪ-ਚਾਪ ਇਸ ਲੁੱਟ ਨੂੰ ਸਹਿਮਤੀ ਅਤੇ ਸਹਿਯੋਗ ਦੇ ਰਹੀਆਂ ਹਨ। ਇਹ ਲੁੱਟ ਏਨੀ ਵੱਡੀ ਹੈ ਕਿ ਇਕ ਸਾਲ ’ਚ ਲੁੱਟੀ ਰਕਮ ਨਾਲ ਹੀ ਪੰਜਾਬ ਵਿੱਚ ਦਿੱਲੀ ਵਰਗਾ ਵੱਡਾ ਕੌਮਾਂਤਰੀ ਹਵਾਈ ਅੱਡਾ ਕਾਇਮ ਕੀਤਾ ਜਾ ਸਕਦਾ ਹੈ। ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵਿੱਚ ਗਏ ਹੋਏ ਹਨ। ਉਨ੍ਹਾਂ ਦਾ ਪੰਜਾਬ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਪੰਜਾਬ ਦੇ ਲਗਭਗ 12000 ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਤਾਂ ਹਰ 24 ਘੰਟਿਆਂ ਵਿੱਚ ਕੋਈ ਨਾ ਕੋਈ ਪੰਜਾਬੀ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਆਪਣੀ ਨਿੱਜੀ ਜਾਂ ਕਿਰਾਏ ਦੀ ਗੱਡੀ ਰਾਹੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਰਿਸ਼ਤੇਦਾਰ ਨੂੰ ਛੱਡਣ ਜਾਂ ਲੈ ਕੇ ਆਉਣ ਲਈ ਆਉਂਦਾ ਜਾਂਦਾ ਰਹਿੰਦਾ ਹੈ। ਇਕ ਅਨੁਮਾਨ ਪੂਰੇ ਪੰਜਾਬ ਵਿੱਚੋਂ ਹਰ ਰੋਜ਼ ਤਕਰੀਬਨ 12000 ਗੱਡੀਆਂ ਰੋਜ਼ਾਨਾ ਦਿੱਲੀ ਹਵਾਈ ਅੱਡੇ ’ਤੇ ਆਉਂਦੀਆਂ ਤੇ ਜਾਂਦੀਆਂ ਹਨ। ਔਸਤ ਹਰ ਗੱਡੀ ਮਗਰ ਤਕਰੀਬਨ 7000 ਰੁਪਏ ਕਿਰਾਏ-ਭਾੜੇ ਵਜੋਂ ਖਰਚਾ ਆਉਂਦਾ ਹੈ। ਪੰਜਾਬੀਆਂ ਦੀ ਜੇਬ ਚੋਂ ਜਾ ਰਹੀ ਇਕ ਦਿਨ ਦੀ ਇਹ ਰਕਮ ਲਗਪਗ 8 ਕਰੋੜ 40 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਹਰ ਗੱਡੀ ਵਾਲੇ ਨੂੰ ਨੈਸ਼ਨਲ ਹਾਈਵੇ ਅਥਾਰਟੀ ਨੂੰ ਟੋਲ ਟੈਕਸ ਦੇ ਰੂਪ ਵਿੱਚ ਲਗਭਗ 1000 ਰੁਪਏ ਵਖਰੇ ਦੇਣੇ ਪੈਂਦੇ ਹਨ। ਇਸ ਮਾਰਗ ’ਤੇ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਟ੍ਰੈਫਿਕ ਪੁਲਿਸ ਦੀ ਲੁੱਟ ਇਸ ਤੋਂ ਵੱਖਰੀ ਹੈ। ਹਵਾਈ ਅੱਡੇ ਨੂੰ ਜਾਂਦਿਆਂ ਜਾਂ ਮੁੜਦਿਆਂ ਸਫਰ ਕਰਨ ਵਾਲੇ ਪੰਜਾਬੀਆਂ ਨੂੰ ਜੀ.ਟੀ. ਰੋਡ ਦੇ ਦੋਵੇਂ ਪਾਸੇ ਖੁਲ੍ਹੇ ਢਾਬਿਆਂ-ਹੋਟਲਾਂ ਉਪਰ ਚਾਹ ਦੇ ਇਕ ਕੱਪ ਲਈ 20 ਰੁਪਏ ਅਤੇ ਰੋਟੀ ਦੀ ਇਕ ਥਾਲੀ ਲਈ ਲਗਪਗ 200 ਰੁਪਏ ਵੱਖਰੇ ਦੇਣੇ ਪੈਂਦੇ ਹਨ। ਇਸ ਸਫਰ ਦੌਰਾਨ ਇੰਜਣ, ਟਾਇਰ, ਟੁੱਟ ਭੱਜ, ਮੈਟੀਨੇਸ, ਐਕਸੀਡੈਂਟ, ਸਮਾਂ, ਸ਼ਕਤੀ ਅਤੇ ਊਰਜਾ ਵੱਖਰੀ ਨਸ਼ਟ ਹੁੰਦੀ ਹੈ। ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਲਈ ਦਿੱਲੀ ਦੇ ਟ੍ਰੈਫਿਕ ਜਾਮ ਅਲੱਗ ਝੱਲਣੇ ਪੈਂਦੇ ਹਨ। ਹਵਾਈ ਅੱਡੇ ਦੀ ਪਾਰਕਿੰਗ ਵਿੱਚ ਇਕ ਘੰਟਾ ਗੱਡੀ ਖੜ੍ਹੀ ਕਰਨ ਲਈ ਜੀ.ਐਸ.ਟੀ ਸਮੇਤ 100 ਰੁਪਏ ਤੋਂ ਵੱਧ ਦੇਣੇ ਪੈਂਦੇ ਹਨ। ਹਵਾਈ ਅੱਡੇ ਦੇ ਆਗਮਨ ਅਤੇ ਡਿਪਾਰਚਰ ਗੇਟਾਂ ਦੇ ਨੇੜੇ ਸਥਿਤ ਦੁਕਾਨਾਂ ਤੋਂ ਦੱਸ ਗੁਣਾ ਵੱ੍ਯਧ ਦਰਾਂ ’ਤੇ ਖਾਣ-ਪੀਣ ਦਾ ਸਮਾਨ ਮਿਲਦਾ ਹੈ। ਜੇਕਰ ਇਸ ਸਾਰੇ ਖਰਚੇ ਨੂੰ ਜੋੜਿਆ ਜਾਵੇ ਤਾਂ ਇਕ ਸਾਲ ਦੌਰਾਨ ਲੁੱਟੀ ਗਈ ਰਕਮ ਨਾਲ ਹੀ ਪੰਜਾਬ ਵਿੱਚ ਇਕ ਨਵਾਂ ਨਕੋਰ ਹਵਾਈ ਅੱਡਾ ਕਾਇਮ ਕੀਤਾ ਜਾ ਸਕਦਾ ਹੈ। ਪੰਜਾਬ ਵਿਚਲੇ ਆਦਮਪੁਰ, ਚੰਡੀਗੜ੍ਹ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਹਵਾਈ ਅੱਡਿਆਂ ’ਤੇ ਕੌਮਾਂਤਰੀ ਉਡਾਣਾ ਦੀ ਗਿਣਤੀ ਅਤੇ ਸਹੂਲਤਾਂ ਵਧਾ ਕੇ ਵੀ ਇਸ ਲੁੱਟ ਨੂੰ ਰੋਕਿਆ ਜਾ ਸਕਦਾ ਹੈ। ਘੱਟੋ-ਘੱਟ ਇਕ ਹਵਾਈ ਅੱਡੇ ਨੂੰ ਤਾਂ ਦਿੱਲੀ ਦੇ ਬਰਾਬਰ ਬਣਾਉਣ ਦਾ ਯਤਨ ਹੋਣਾ ਚਾਹੀਦਾ ਹੈ। ਪਰ ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਅਤੇ ਸਿਆਸੀ ਪਾਰਟੀਆਂ ਇਸ ਦਿਸ਼ਾ ਵਿੱਚ ਸੋਚਣ ਲਈ ਵੀ ਤਿਆਰ ਨਹੀਂ ਹਨ। ਦਿੱਲੀ ਹਵਾਈ ਅੱਡੇ ਦੇ ਪ੍ਰਬੰਧਕ ਅਤੇ ਕੇਂਦਰ ਸਰਕਾਰ ਪੰਜਾਬ ਦੀ ਇਸ ਲੁੱਟ ਨੂੰ ਜਾਰੀ ਰੱਖਣ ਲਈ ਲਗਾਤਾਰ ਯਤਨਸ਼ੀਲ ਅਤੇ ਬਜਿਦ ਹਨ। ਇਸ ਕਾਰਨ ਹੀ ਪੰਜਾਬ ਵਿੱਚ ਕਿਸੇ ਵੀ ਹਵਾਈ ਅੱਡੇ ਨੂੰ ਵਿਕਸਤ ਕਰਨ ’ਚ ਲਗਾਤਾਰ ਅੜਿਕੇ ਪਾਏ ਜਾ ਰਹੇ ਹਨ। ਸਾਜਸ਼ੀ ਢੰਗ ਨਾਲ ਦਹਾਕਿਆਂ ਤੋਂ ਹੋ ਰਹੀ ਇਹ ਲੁੱਟ ਪੰਜਾਬ ਨਾਲ ਵੱਡੀ ਬੇਇਨਸਾਫੀ ਹੈ। ਪੰਜਾਬ ਵਿੱਚੋਂ ਹੀ ਸਭ ਤੋਂ ਵੱਧ ਲੋਕ ਵਿਦੇਸ਼ਾਂ ਵਿੱਚ ਗਏ ਹਨ। ਇਸ ਕਰਕੇ ਵੱਡੇ ਅਤੇ ਸਮਰੱਥ ਕੌਮਾਂਤਰੀ ਹਵਾਈ ਅੱਡੇ ਦੀ ਸਹੂਲਤ ਦਾ ਸਭ ਤੋਂ ਪਹਿਲਾ ਹੱਕਦਾਰ ਪੰਜਾਬ ਹੀ ਹੈ। ਪੰਜਾਬੀਆਂ ਖਾਸ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਇਸ ਲੁੱਟ ਖਿਲਾਫ ਖੜ੍ਹੇ ਹੋਣਾ ਹੋਵੇਗਾ ਤਾਂ ਜੋ ਪੰਜਾਬ ਵਿੱਚ ਘੱਟੋ ਘੱਟ ਇਕ ਵੱਡਾ ਹਵਾਈ ਅੱਡਾ ਦਿੱਲੀ ਦੇ ਬਰਾਬਰ ਵਿਕਸਤ ਹੋ ਸਕੇ। ਦਿੱਲੀ ਵਿੱਚ ਹੋ ਰਹੀ ਪੰਜਾਬੀਆਂ ਦੀ ਇਹ ਅੰਨ੍ਹੀ ਲੁੱਟ ਨੂੰ ਹਰ ਹਾਲਤ ਰੋਕਿਆ ਜਾਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend