ਸਾਰੇ ਧਰਮਾਂ ਵਿਚ ਸਾਨੂੰ ਹਮੇਸ਼ਾ ਹੀ ਚੰਗੇ ਮਾੜੇ ਕਰਮਾਂ ਬਾਰੇ ਦਸਿਆ ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਚੰਗੇ ਕਰਮ ਕਰੋ ਤੁਹਾਡੇ ਨਾਲ ਹਮੇਸ਼ਾ ਚੰਗਾ ਹੋਵੇਗਾ ।ਸਾਡੇ ਕਰਮਾਂ ਦੇ ਆਧਾਰ ਤੇ ਰਬ ਸਾਨੂੰ ਨਰਕ ਸੁਰਗ ਬਖਸ਼ਦਾ ਹੈ । ਸੁਖ ਦੁਖ ਦਿੰਦਾ ਹੈ।ਅਜਿਹੀਆਂ ਕਈ ਧਾਰਨਾਵਾਂ ਹਨ ਕਰਮ ਨੂੰ ਲੈ ਕੇ ।ਇਸ ਗਲ ਵਿਚ ਕੋਈ ਦੋ-ਰਾਏ ਨਹੀਂ ਕਿ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ । ਪਰ ਚੰਗੇ ਕਰਮ ਕਰਨ ਨਾਲ ਸਾਡੇ ਨਾਲ ਚੰਗਾ ਹੀ ਹੁੰਦਾ ਹੈ । ਜਾਂ ਜਦੋਂ ਸਾਡੇ ਨਾਲ ਕੁਝ ਬੁਰਾ ਹੋ ਰਿਹਾ ਹੁੰਦਾ ਹੈ । ਉਸ ਪਿਛੇ ਸਾਡੇ ਬੁਰੇ ਕਰਮ ਦਾ ਹਥ ਹੁੰਦਾ ਹੈ ।
ਇਹ ਗਲ ਸਹੀ ਨਹੀਂ ਹੈ । ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਡੇ ਗੁਰੂ ਸਹਿਬਾਨ, ਪੀਰ ਪੈਗੰਬਰ ਅਤੇ ਸ਼ਹੀਦਾ ਦੀਆਂ ਜ਼ਿੰਦਗੀਆਂ ਵਿਚ ਇੰਨੇ ਦੁਖ ਆਏ ਫਿਰ ਅਸੀਂ ਇਹ ਮੰਨ ਲਈਏ ਕਿ ਉਨ੍ਹਾਂ ਨੇ ਕੁਝ ਬੁਰੇ ਕਰਮ ਕੀਤੇ ਸਨ ਤਾਂ ਉਨ੍ਹਾਂ ਨੂੰ ਇੰਨੇ ਦੁਖ ਸਹਿਣੇ ਪਏ ? ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ । ਚਾਰ ਪੁਤਰ ਸ਼ਹੀਦ ਹੋ ਗਏ , ਗੁਰੂ ਨਾਨਕ ਦੇਵ ਜੀ ਨੂੰ ਵੀ ਜੇਲ੍ਹ ਵਿਚ ਚਕੀ ਪੀਸਣੀ ਪਈ, ਬਾਬਾ ਬੰਦਾ ਸਿੰਘ , ਭਾਈ ਮਨੀ ਸਿੰਘ ਜੀ ਵਰਗਿਆਂ ਦੇ ਬੰਦ ਬੰਦ ਕਟੇ ਗਏ ਕਿ ਉਨਾਂ ਕੋਈ ਦੁਕਰਮ ਕਰੇ ਸੀ? ਜੋ ਉਨ੍ਹਾਂ ਨਾਲ ਇੰਝ ਹੋਇਆ ?ਇਸ ਦਾ ਸਾਫ਼ ਅਰਥ ਹੈ ਕਿ ਅਜ ਕਲ ਦੇ ਸੰਤ ਸਾਨੂੰ ਇਸ ਕਰਮ ਖੇਡ ਵਿਚ ਉਲਝਾ ਜਾ ਰਹੇ ਹਨ ਸਾਨੂੰ ਗਲਤ ਸਿਖਿਆ ਦੇ ਕੇ ਸਾਡੇ ਮਨਾਂ ਵਿਚ ਕਰਮ ਖੇਡ ਪ੍ਰਤੀ ਡਰ ਪੈਦਾ ਕੀਤਾ ਜਾਂਦਾ ਹੈ ਅਤੇ ਫਿਰ ਵਹਿਮਾਂ ਭਰਮਾਂ ਵਿਚ ਫਸਾਇਆ ਜਾਂਦਾ ਹੈ । ਅਸਲੀਅਤ ਇਹ ਹੈ ਕਿ ਸੁਖ ਅਤੇ ਦੁਖ ਦੋਵੇਂ ਹੀ ਸਾਡੀ ਜ਼ਿੰਦਗੀ ਦਾ ਹਿਸਾ ਹੁੰਦੇ । ਅਤੇ ਇਹ ਸਭ ਦੀ ਜ਼ਿੰਦਗੀ ਵਿਚ ਆਉਂਦੇ ਹੀ ਹਨ ਪਰ ਅਸੀਂ ਉਨ੍ਹਾਂ ਨੂੰ ਕਿਸ ਤਰੀਕੇ ਨਾਲ ਆਪਣੀ ਜਿੰਦਗੀ ਵਿਚ ਧਾਰਨ ਕਰਨਾ ਹੈਂ । ਇਹ ਸਭ ਤੋਂ ਅਹਿਮ ਗਲ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਪੁਤਰ ਸ਼ਹੀਦ ਹੋ ਗਏ ਪਰ ਉਨ੍ਹਾਂ ਚੜ੍ਹਦੀ ਕਲਾਂ ਵਿਚ ਜੈਕਾਰੇ ਬੁਲਾਏ । ਇਸ ਦਾ ਅਰਥ ਸਾਫ਼ ਹੈ ਕਿ ਉਨ੍ਹਾਂ ਦੇ ਅੰਦਰ ਇਸ ਦਾ ਦੁਖ ਨਹੀਂ ਸੀ । ਕਿ ਉਨ੍ਹਾਂ ਨੇ ਇਸ ਚੀਜ਼ ਨੂੰ ਦੁਖ ਕਰਕੇ ਨਹੀਂ ਜਾਣਿਆ ਸਗੋਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ । ਦੁਖ ਅਤੇ ਸੁਖ ਕੇਵਲ ਸਾਡੇ ਮਨ ਦੀਆਂ ਅਵਸਥਾਵਾਂ ਹਨ । ਵਰਨਾ ਸੁਖੀ ਝੁਗੀ ਚ ਰਹਿਣਾ ਵਾਲਾ ਵੀ ਹੁੰਦਾ ਹੈ ਅਤੇ ਦੁਖੀ ਮਖਮਲ ਦੇ ਮੰਜਿਆਂ ਤੇ ਸੌਣ ਵਾਲਾ ਵੀ, ਜੋ ਇਨਸਾਨ ਆਪਣੇ ਅੰਦਰ ਦੇ ਦੁਖਾਂ ਤੋਂ ਭਜਦਾ ਹੈ ਦੁਖ ਉਸ ਦੇ ਕੋਲ ਹੋਰ ਜ਼ਿਆਦਾ ਆਉਂਦੇ ਹਨ । ਇਸ ਲਈ ਸਾਨੂੰ ਕਰਮਾ ਕਾਢਾਂ ਵਰਗੇ ਸਿਧਾਂਤਾਂ ਤੋਂ ਡਰਨਾ ਨਹੀਂ ਚਾਹੀਦਾ ਅਤੇ ਨਾ ਹੀ ਦੁਖਾਂ ਤਕਲੀਫ਼ਾਂ ਤੋਂ ਭਜਣਾ ਚਾਹੀਦਾ ਹੈ । ਇਸ ਨਾਲ ਤਾਂ ਸਗੋਂ ਇਕਾਗਰ ਚਿਤ ਹੋ ਕੇ ਲੜਨਾ ਹੈ ਅਤੇ ਅੰਦਰ ਦੀ ਅਵਸਥਾ ਨੂੰ ਟਿਕਾਉ ਬਣਾਈ ਰਖਣਾ ਹੈ । ਜਿਸ ਨਾਲ ਸਾਡੇ ਤੁਹਾਡੇ ਦੁਖ ਵੀ ਸੁਖ ਵਿਚ ਬਦਲਣੇ ਸ਼ੁਰੂ ਹੋ ਜਾਣਗੇ । ਸਭ ਕੁਝ ਸਾਡੀ ਸੋਚ ਅੰਦਰ ਹੀ ਹੁੰਦਾ ਹੈ । ਇਸ ਦਾ ਸਹੀ ਅਤੇ ਸਕਾਰਾਤਮਿਕ ਰੂਪ ਹੀ ਤੁਹਾਡੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦੇਵੇਗਾ । ਜੇਕਰ ਤੁਸੀਂ ਸੋਚੋਗੇ ਕਿ ਕੋਈ ਦੂਸਰਾ ਤੁਹਾਡੀ ਜ਼ਿਦਗੀ ਸਵਾਰ ਸਕਦਾ ਹੈ ਤਾਂ ਤੁਸੀਂ ਬਿਲਕੁਲ ਗਲਤ ਹੋ । ਤੁਹਾਡੀ ਆਪਣੀ ਅੰਦਰ ਦੀ ਸੋਚ ਅਤੇ ਸੋਚ ਤੋਂ ਬਾਅਦ ਬਣੇ ਵਿਚਾਰ ਦੇ ਆਧਾਰ ਤੇ ਕੀਤਾ ਕਰਮ ਹੀ ਤੁਹਾਡੀ ਜ਼ਿੰਦਗੀ ਹੋਵੇਗਾ ਪਰ ਜ਼ਿੰਦਗੀ ਵਿਚ ਆ ਰਹੀਆਂ ਮੁਸ਼ਕਿਲਾਂ ਜਾਂ ਕੋਈ ਹੋਰ ਤਕਲੀਫਾਂ ਇਹ ਤੁਹਾਡੇ ਕਰਮਾਂ ਦਾ ਫਲ ਹੈ ਇਹ ਗਲ ਸਹੀ ਨਹੀਂ ਇਹ ਜ਼ਿੰਦਗੀ ਦਾ ਇਕ ਮੂਲ ਸਿਧਾਂਤ ਹੈ ਜੋ ਸਭ ਦੀ ਜ਼ਿੰਦਗੀ ਦਾ ਹਿਸਾ ਹੁੰਦਾ ਹੈ । ਇਸ ਲਈ ਧਰਮ ਦੇ ਨਾਮ ਤੇ ਹੋ ਰਹੇ ਇਸ ਕਰਮ ਖੇਡ ਦੇ ਜਾਲ ਤੋਂ ਸਾਨੂੰ ਸਭ ਨੂੰ ਬਚਣ ਦੀ ਲੋੜ ਹੈ ।