June 20, 2026 1:55 am

ਕਸ਼ਮੀਰ ’ਚ ਆਮ ਲੋਕਾਂ ’ਤੇ ਜ਼ੁਲਮ

ਜੰਮੂ-ਕਸ਼ਮੀਰ ਵਿੱਚ ਬੁਰੇ ਹਾਲਾਤਾਂ ਦਾ ਖਮਿਆਜਾ ਆਮ ਲੋਕਾਂ ਨੂੰ ਸਭ ਤੋਂ ਵੱਧ ਭੁਗਤਣਾ ਪੈ ਰਿਹਾ ਹੈ। ਕਸ਼ਮੀਰ ਦੀਆਂ ਜਹਾਦੀ ਜਥੇਬੰਦੀਆਂ ਅਤੇ ਭਾਰਤੀ ਸੁਰੱਖਿਆ ਦਸਤਿਆਂ ਦਰਮਿਆਨ ਫਸੇ ਆਮ ਲੋਕ ਬਿਨਾਂ ਕਾਰਨ ਤੋਂ ਹੀ ਮੌਤ ਦੀ ਖੁਰਾਕ ਬਣਦੇ ਜਾ ਰਹੇ ਹਨ। ਕਥਿਤ ਦਹਿਸ਼ਤਗਰਦੀ ਨੂੰ ਠੱਲ੍ਹ ਪਾਉਣ ਲਈ ਫੌਜ, ਨੀਮ ਫੌਜੀ ਦਸਤਿਆਂ ਅਤੇ ਪੁਲਿਸ ਵੱਲੋਂ ਆਮ ਲੋਕਾਂ ਨਾਲ ਬਹੁਤ ਹੀ ਜ਼ਾਲਮਾਨਾ ਵਿਵਹਾਰ ਕੀਤਾ ਜਾ ਰਿਹਾ ਹੈ। ਲੋਕਾਂ ਪ੍ਰਤੀ ਇਸ ਜ਼ਾਲਮਾਨਾ ਵਤੀਰੇ ਕਾਰਨ ਹੀ ਜੰਮੂ-ਕਸ਼ਮੀਰ ਦਾ ਮਸਲਾ ਦਿਨੋ-ਦਿਨ ਪੇਚੀਦਾ ਹੁੰਦਾ ਜਾ ਰਿਹਾ ਹੈ। ਬੀਤੇ ਕੱਲ੍ਹ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਮੁਕਾਬਲੇ ਵਾਲੀ ਥਾਂ ’ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਆਮ ਲੋਕਾਂ ਉਪਰ ਸੁਰਖਿਆ ਬਲਾਂ ਵਲੋਂ ਚਲਾਈ ਗੋਲੀ ਨਾਲ ਸੱਤ ਨਿਰਦੋਸ਼ ਨਾਗਰਿਕ ਨੂੰ ਜਾਨ ਗਵਾਉਣੀ ਪਈ। ਇਸ ਥਾਂ ’ਤੇ ਹੋਏ ਮੁਕਾਬਲੇ ’ਚ ਤਿੰਨ ਕਸ਼ਮੀਰੀ ਜਹਾਦੀ ਅਤੇ ਫ਼ੌਜ ਦਾ ਜਵਾਨ ਵੀ ਮਾਰਿਆ ਗਿਆ। ਰਿਪੋਰਟ ਮੁਤਾਬਿਕ ਕਸ਼ਮੀਰੀ ਜਹਾਦੀਆਂ ਦੇ ਸਿਰਨੂ ਪਿੰਡ ’ਚ ਛਿਪੇ ਹੋਣ ਦੀਆਂ ਖ਼ੁਫ਼ੀਆ ਰਿਪੋਰਟਾਂ ਮਿਲਣ ਮਗਰੋਂ ਸੁਰਖਿਆ ਬਲਾਂ ਨੇ ਉਥੇ ਘੇਰਾ ਪਾਇਆ ਸੀ।ਸਥਾਨਕ ਲੋਕਾਂ ਨੂੰ ਜਦੋਂ ਪਤਾ ਲਗਾ ਕਿ ਜ਼ਹੂਰ ਠੋਕਰ ਅਤੇ ਉਸ ਦੇ ਸਾਥੀ ਸੁਰੱਖਿਆ ਦਸਤਿਆਂ ਦੇ ਘੇਰੇ ਵਿੱਚ ਆ ਗਏ ਹਨ ਤਾਂ ਵੱਡੀ ਗਿਣਤੀ ਵਿੱਚ ਆਮ ਲੋਕ ਕਥਿਤ ਮੁਕਾਬਲੇ ਵਾਲੀ ਥਾਂ ’ਤੇ ਪਹੁੰਚ ਗਏ। ‘ਤਿੰਨ ਜਹਾਦੀ ਦੀ ਮੌਤ ਨਾਲ ਮੁਕਾਬਲਾ ਤਾਂ 90 ਮਿੰਟਾਂ ’ਚ ਖ਼ਤਮ ਹੋ ਗਿਆ ਸੀ ਪਰ ਸੁਰਖਿਆ ਬਲਾਂ ਨੂੰ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕ ਸੈਨਾ ਦੇ ਵਾਹਨਾਂ ’ਤੇ ਚੜ੍ਹਨ ਲਗ ਗਏ ਸਨ।‘ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੇ ਜਵਾਨਾਂ ਨੂੰ ਚਾਰੇ ਪਾਸਿਉਂ ਘੇਰ ਲਿਆ ਅਤੇ ਕੁਝ ਨੇ ਉਨ੍ਹਾਂ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਵੀ ਕੀਤੀ।ਫੌਜ ਨੇ ਕਥਿਤ ਤੌਰ ’ਤੇ ਭੀੜ ਨੂੰ ਖਦੇੜਨ ਲਈ ਚਿਤਾਵਨੀ ਵਜੋਂ ਹਵਾ ’ਚ ਗੋਲੀਆਂ ਦਾਗ਼ੀਆਂ ਗਈਆਂ ਪਰ ਜਦੋਂ ਉਹ ਮੌਕੇ ਤੋਂ ਨਾ ਹਟੇ ਤਾਂ ਸੁਰਖਿਆ ਬਲਾਂ ਨੂੰ ਉਨ੍ਹਾਂ ‘ਤੇ ਫਾਇਰਿੰਗ ਕਰਨੀ ਪਈ, ਜਿਸ ਵਿੱਚ ਸੱਤ ਨਿਰਦੋਸ਼ ਨਾਗਰਿਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਇਕ ਕਸ਼ਮੀਰੀ ਨੌਜਵਾਨ ਵੀ ਸ਼ਾਮਲ ਹੈ ਜੋ ਹੁਣੇ ਜਿਹੇ ਪਤਨੀ ਅਤੇ ਤਿੰਨ ਮਹੀਨਿਆਂ ਦੀ ਬੱਚੀ ਨਾਲ ਇੰਡੋਨੇਸ਼ੀਆ ਤੋਂ ਘਰ ਪਰਤਿਆ ਸੀ।ਪੁਲਿਸ ਅਤੇ ਫੌਜ ਅਧਿਕਾਰੀਆਂ ਦਾ ਦਾਅਵਾ ਹੈ ਕਿ ਭੀੜ ਵਿੱਚ ਸ਼ਾਮਿਲ ਨੌਜਵਾਨ ਸੁਰੱਖਿਆ ਦਸਤਿਆਂ ’ਤੇ ਪਥਰਾਅ ਕਰ ਰਹੇ ਸਨ। ਇਸ ਘਟਨਾ ਨਾਲ ਪੂਰੇ ਕਸ਼ਮੀਰ ਵਿੱਚ ਸੋਗ ਅਤੇ ਤਣਾਅ ਦਾ ਮਾਹੌਲ ਹੈ। ਕਸ਼ਮੀਰੀ ਜਥੇਬੰਦੀਆਂ ਵੱਲੋਂ ਐਤਵਾਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਫੌਜ ਅਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਆਮ ਨਾਗਰਿਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਹਨ। ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਭਾਰਤੀ ਫੌਜ ਅਤੇ ਨਾਮ ਫੌਜੀ ਦਸਤਿਆਂ ਦਾ ਲੋਕਾਂ ਪ੍ਰਤੀ ਵਿਵਹਾਰ ਮਾਨਵੀ ਨਹੀਂ ਹੈ। ਮਨੁੱਖੀ ਅਧਿਕਾਰਾਂ ਦੀ ਵੀ ਲਗਾਤਾਰ ਉਲੰਘਣਾ ਹੋ ਰਹੀ ਹੈ। ਇਸ ਨਾਲ ਕਸ਼ਮੀਰ ਦੇ ਹਾਲਾਤ ਹੋਰ ਵਿਗੜ ਰਹੇ ਹਨ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਥਿਤੀ ਵਿੱਚ ਤਬਦੀਲੀ ਲਿਆਵੇ। ਆਮ ਨਾਗਰਿਕਾਂ ਖਿਲਾਫ ਜ਼ਬਰ ਜ਼ੁਲਮ ਦਾ ਵਿਵਹਾਰ ਤੁਰੰਤ ਬੰਦ ਹੋਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend