May 24, 2026 11:15 pm

ਟ੍ਰੈਫਿਕ ਸਮੱਸਿਆ ਦੇ ਹੱਲ ਲਈ ਪੁਲਿਸ ਤੇ ਨਗਰ ਕੌਂਸਲ ਨੇ ਚਲਾਈ ਸਾਂਝੀ ਮੁਹਿੰਮ

ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ਿਆਂ ਲਈ ਚਲਾਨ ਕੱਟੇ ਜਾਣਗੇ

ਮਾਲੇਰਕੋਟਲਾ, 9 ਦਸੰਬਰ (ਅਸ਼ੋਕ ਜੋਸ਼ੀ)- ਸ਼ਹਿਰ ਦੇ ਬਜ਼ਾਰਾਂ ਵਿੱਚ, ਲੋਕਾਂ ਖਾਸਕਰ ਦੁਕਾਨਦਾਰਾਂ ਵੱਲੋਂ ਅਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਅੱਗੇ ਆਪਣਾ ਸਮਾਨ ਰੱਖ ਕੇ ਕੀਤੇ ਨਜਾਇਜ਼ ਕਬਜਿਆਂ ਕਾਰਣ ਟ੍ਰੈਫਿਕ ਜਾਮ ਕਾਰਣ ਆਉਣ ਜਾਣ ਵਾਲੇ ਰਾਹੀਆਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇੱਥੋਂ ਤੱਕ ਕਿ ਕਈ ਬਾਰ ਪੈਦਲ ਲੰਘਣਾ ਵੀ ਮੁਸ਼ਕਲ ਸੀ ਅਤੇ ਬਾਜ਼ਾਰਾਂ ਵਿੱਚ ਲੰਬਾ ਜਾਮ ਲੱਗ ਜਾਂਦਾ ਸੀ । ਹਾਲਾਂ ਕਿ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਉਪਰ ਦਿਨ ਵੇਲੇ ਰੋਕ ਲਗਾਈ ਹੋਈ ਹੈ ਅਤੇ ਇਸ ਸਬੰਧੀ ਬੋਰਡ ਵੀ ਲਗਾਏ ਹੋਏ ਹਨ ਪਰ ਭਾਰੀ ਵਾਹਨ ਦਿਨ ਵੇਲੇ ਅਕਸਰ ਬਜ਼ਾਰਾਂ ਵਿੱਚ ਘੁੰਮਦੇ ਨਜ਼ਰ ਆਉਂਦੇ ਸਨ ਜਿਸਨੂੰ ਵੇਖਦਿਆਂ ਹੁਣ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਸਾਂਝੀ ਮੁਹਿੰਮ ਅਰੰਭੀ ਗਈ ਹੈ। ਸਥਾਨਕ ਕਾਰਜ ਸਾਧਕ ਅਫਸਰ ਅਤੇ ਪੁਲਿਸ ਥਾਣਾ ਸਿਟੀ -2 ਦੇ ਇੰਚਾਰਜ ਨੇ ਪ੍ਰੈਸ ਨੂੰ ਦੱਸਿਆ ਹੈ ਕਿ ਇਸ ਮੁਹਿੰਮ ਤਹਿਤ ਬਜ਼ਾਰਾਂ ਵਿੱਚ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਦਾ ਪਿਆ ਸਮਾਨ ਉਠਵਾਇਆ ਜਾਵੇਗਾ ਅਤੇ ਰਸਤਿਆਂ ਨੂੰ ਖੁੱਲਾ ਕੀਤਾ ਜਾਵੇਗਾ। ਕਈ ਜਗ੍ਹਾ ਸੜਕਾਂ ਤੇ ਪੀਲੀਆ ਪੱਟੀਆਂ ਲਗਾਈਆਂ ਜਾਣਗੀਆਂ।ਉਨਾਂ ਇਹ ਵੀ ਦੱਸਿਆ ਕਿ ਸਰਦੀ ਦੇ ਮੌਸਮ ਕਾਰਣ ਭਾਰੀ ਵਾਹਨਾਂ ਦੀ ਬਜ਼ਾਰਾਂ ਵਿੱਚ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਨੋ ਐਂਟਰੀ ਕੀਤੀ ਜਾਵੇਗੀ ।ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਸੜਕ ਉਪਰ ਨਾ ਰੱਖਣ ਅਤੇ ਆਪਣੇ ਵਹੀਕਲ ਸਹੀ ਢੰਗ ਨਾਲ ਕਿਸੇ ਖੁੱਲੀ ਜਗ੍ਹਾ ਪਾਰਕ ਕਰਣ ਤਾਂ ਕਿ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਨਾਂ ਦੇ ਚਲਾਨ ਕੱਟੇ ਜਾਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।ਇਸ ਸਬੰਧੀ ਥਾਣਾ ਇੰਚਾਰਜ ਅਪਣੇ ਮੁਲਾਜਮਾਂ ਸਹਿਤ ਖੁਦ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਦੌਰਾ ਕਰ ਰਹੇ ਹਨ ਅਤੇ ਦੁਕਾਨਦਾਰਾਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਕਿ ਟ੍ਰੈਫਿਕ ਸਮੱਸਿਆ ਦਾ ਮੁਕੰਮਲ ਤੌਰ ਤੇ ਹੱਲ ਕੀਤਾ ਜਾ ਸਕੇ ।ਇਹ ਵੇਖਿਆ ਗਿਆ ਹੈ ਕਿ ਲੋਕਾਂ ਨੂੰ ਟ੍ਰੈਫਿਕ ਦੀ ਵੱਡੀ ਸਮੱਸਿਆ ਲੋਹਾ ਬਾਜ਼ਾਰ ,ਮੋਤੀ ਬਾਜ਼ਾਰ, ਲਾਲ ਬਾਜ਼ਾਰ , ਸਰਹੰਦੀ ਗੇਟ, ਬਸ ਅੱਡੇ ਤੋਂ ਕਾਲਜ ਰੋਡ ਕਮਲ ਸਿਨੇਮਾ ਰੋਡ ਅਤੇ ਸਦਰ ਬਾਜ਼ਾਰ ਵਿੱਚ ਆ ਰਹੀ ਹੈ।

Send this to a friend