Skip to content
Independent perspectives. Global stories.
BREAKING

ਸ. ਨਵਜੋਤ ਸਿੰਘ ਸਿੱਧੂ ਦੀ ਬੇਲੋੜੀ ਆਲੋਚਨਾ

Share this story

ਪੰਜਾਬ ਅਤੇ ਪੰਜਾਬੀਆਂ ਦੇ ਸਭ ਤੋਂ ਹਰਮਨ ਪਿਆਰੇ ਅਤੇ ਧੜਲੇਦਾਰ ਸਿਆਸੀ ਆਗੂ ਕੈਬਨਿਟ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ ਦੀ ਕੁਝ ਸਿਆਸੀ ਅਤੇ ਮੀਡੀਆ ਹਲਕਿਆਂ ਵੱਲੋਂ ਬੇਲੋੜੀ ਆਲੋਚਨਾ ਕੀਤੀ ਜਾ ਰਹੀ ਹੈ। ਸ. ਸਿੱਧੂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਨਿਭਾਈ ਜਾ ਰਹੀ ਭੂਮਿਕਾ ਬਹੁਤ ਹੀ ਇਤਿਹਾਸਕ ਅਤੇ ਸ਼ਲਾਘਾਯੋਗ ਹੈ। ਮੰਤਰੀ ਵਜੋਂ ਵੀ ਉਹ ਸ਼ਾਨਦਾਰ ਕਾਰਜ ਕਰ ਰਹੇ ਹਨ। ਉਨ੍ਹਾਂ ਦਾ ਨਿੱਜੀ ਕਿਰਦਾਰ ਵੀ ਪਾਕ ਅਤੇ ਸਾਫ ਹੈ। ਪੰਜਾਬ ਅਤੇ ਪੰਜਾਬੀ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਬੇਮਿਸਾਲ ਹੈ। ਦਿਆਨਤਦਾਰੀ ਦੇ ਪੱਖ ਤੋਂ ਉਨ੍ਹਾਂ ਨੇ ਸਾਰੇ ਸਿਆਸੀ ਨੇਤਾਵਾਂ ਨੂੰ ਰਾਹ ਦਿਖਾਇਆ ਹੈ। ਇਸ ਸਮੇਂ ਪੰਜਾਬੀਆਂ ਦੇ ਸੰਸਾਰ ਵਿੱਚ ਉਹ ਸਭ ਤੋਂ ਵੱਧ ਹਰਮਨ ਪਿਆਰੇ ਆਗੂ ਬਣ ਗਏ ਹਨ। ਦੋਵੇਂ ਪਾਸੇ ਸ੍ਰੀ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਤੋਂ ਬਾਅਦ ਉਨ੍ਹਾਂ ਦੀ ਹਰਮਨ ਪਿਆਰਤਾ ਵਿੱਚ ਬੇਮਿਸਾਲ ਅਤੇ ਵੱਡਾ ਵਾਧਾ ਹੋਇਆ ਹੈ। ਉਹ ਇਕ ਤਰ੍ਹਾਂ ਨਾਲ ਅਮਨ-ਸ਼ਾਂਤੀ ਅਤੇ ਦੋਸਤੀ ਦੇ ਦੂਤ ਬਣ ਗਏ ਹਨ। ਉਨ੍ਹਾਂ ਵੱਲੋਂ ਕੀਤੇ ਗਏ ਯਤਨਾਂ ਕਾਰਨ ਪਾਕਿਸਤਾਨ ਦਾ ਸਮੁੱਚਾ ਰਵੱਈਆ ਹੀ ਬਦਲ ਗਿਆ ਹੈ। ਵਿਰੋਧੀ ਹਾਲਾਤਾਂ ਦੇ ਬਾਵਜੂਦ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਇਸ ਕਾਰਨ ਹੀ ਭਾਰਤ ਨਾਲ ਚੰਗੇ ਸਬੰਧਾਂ ਦੀ ਹਾਮੀ ਭਰ ਰਹੇ ਹਨ। ਇਹ ਦੁੱਖ ਦੀ ਗੱਲ ਹੈ ਕਿ ਪੰਜਾਬੀਆਂ ਦੇ ਇਸ ਬੇਜੋੜ ਸਿਆਸੀ ਰਹਿਨੁਮਾ ਨੂੰ ਕੁਝ ਪੰਜਾਬ ਵਿਰੋਧੀ ਧਿਰਾਂ ਵੱਲੋਂ ਜਾਣਬੁੱਝ ਕੇ ਨਿਸ਼ਾਨਾ ਬਣਾ ਰਹੀਆਂ ਹਨ। ਮੀਡੀਆ ਦਾ ਇਕ ਹਿੱਸਾ ਵੀ ਬੇਲੋੜੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ. ਸਿੱਧੂ ਨੇ ਸਧਾਰਨ ਤੌਰ ’ਤੇ ਇਹ ਆਖਿਆ ਸੀ ਕਿ ਉਨ੍ਹਾਂ ਦੇ ਕੈਪਟਨ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ ਰਾਹੂਲ ਗਾਂਧੀ ਹਨ। ਏਨਾ ਕਹਿਣ ਦੀ ਦੇਰ ਸੀ ਕਿ ਇਸ ਕਥਨ ਉਪਰ ਹੋ-ਹੱਲਾ ਮਚਾ ਦਿੱਤਾ ਗਿਆ। ਇਸ ਦੇ ਆਪੋ ਆਪਣੇ ਅਰਥ ਕੱਢੇ ਗਏ। ਕੁਝ ਹੇਠਲੇ ਪੱਧਰ ਦੇ ਨੇਤਾਵਾਂ ਨੇ ਤਾਂ ਚਾਪਲੂਸੀ ਦੀ ਹੱਦ ਲੰਘਦੇ ਹੋਏ ਸ. ਸਿੱਧੂ ਤੋਂ ਅਸਤੀਫੇ ਦੀ ਮੰਗ ਤੱਕ ਕਰ ਲਈ। ਬੇਸ਼ਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ’ਤੇ ਕੋਈ ਸ਼ਬਦ ਨਹੀਂ ਬੋਲਿਆ ਪਰ ਕੁਝ ਸ਼ਰਾਰਤੀ ਅਨਸਰ ਕੈਪਟਨ ਅਤੇ ਸ. ਸਿੱਧੂ ਦਰਮਿਆਨ ਦੂਰੀਆਂ ਪੈਦਾ ਕਰਨ ਦੀ ਨਪਾਕ ਕੋਸ਼ਿਸ਼ ਕਰ ਰਹੇ ਹਨ। ਸ. ਸਿੱਧੂ ਦੇ ਅੱਧੇ ਅਧੂਰੇ ਬਿਆਨਾਂ ਦੀ ਖੱਲ੍ਹ ਉਤਾਰੀ ਜਾ ਰਹੀ ਹੈ। ਇਹ ਬਹੁਤ ਅਫਸੋਸਨਾਕ ਵਰਤਾਰਾ ਹੈ। ਇਸ ਵਰਤਾਰੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਅਸਲ ਵਿੱਚ ਪੰਜਾਬ ਦੇ ਵਿਕਾਸ ਅਤੇ ਇਸ ਖੇਤਰ ਵਿੱਚ ਅਮਨ-ਸ਼ਾਂਤੀ ਦੀਆਂ ਦੁਸ਼ਮਣ ਹਨ। ਇਨ੍ਹਾਂ ਤਾਕਤਾਂ ਦਾ ਸਾਰਾ ਜ਼ੋਰ ਇਸ ਗੱਲ ’ਤੇ ਲੱਗਾ ਹੋਇਆ ਹੈ ਕਿ ਪੰਜਾਬ ਆਰਥਿਕ ਤੌਰ ’ਤੇ ਹੋਰ ਕੰਗਾਲ ਹੋ ਜਾਵੇ। ਇਸ ਖੇਤਰ ਵਿੱਚ ਟਕਰਾਅ ਅਤੇ ਜੰਗ ਦਾ ਮਾਹੌਲ ਬਣਿਆ ਰਹੇ। ਇਹ ਵਿਵਾਦ ਅਸਲ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਾਸ ਕਰਕੇ ਕਾਂਗਰਸ ਨੂੰ ਸਿਆਸੀ ਪਿੜ੍ਹ ਵਿੱਚੋਂ ਉਖਾੜਨ ਦੀ ਕੋਸ਼ਿਸ਼ ਹੈ। ਇਸ ਪੱਖ ਤੋਂ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਸਹਿਯੋਗੀਆਂ ਅਤੇ ਕਾਂਗਰਸ ਨੂੰ ਸੁਚੇਤ ਰਹਿਣਾ ਹੋਵੇਗਾ। ਮੌਜੂਦਾ ਵਿਵਾਦ ਤੋਂ ਸ. ਸਿੱਧੂ ਨੂੰ ਕਿਸੇ ਵੀ ਤਰ੍ਹਾਂ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਦੂਣੇ ਉਤਸ਼ਾਹ ਨਾਲ ਪੰਜਾਬ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ। ਪੰਜਾਬੀਆਂ ਦਾ ਵੱਡਾ ਹਿੱਸਾ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੇ ਕੰਮ ਦੀ ਹਰ ਪੱਧਰ ’ਤੇ ਪ੍ਰਸ਼ੰਸਾ ਹੋ ਰਹੀ ਹੈ। ਉਹ ਲੋਕਾਂ ਦੇ ਨਾਇਕ ਬਣ ਗਏ ਹਨ। ਸਾਰੇ ਪੰਜਾਬੀ ਇਹ ਸੋਚਣ ਲੱਗੇ ਹਨ ਕਿ ਸਿਰਫ ਸ. ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਸਹੀ ਅਗਵਾਈ ਦੇ ਸਕਦੇ ਹਨ। ਸ. ਸਿੱਧੂ ਦੇ ਸਾਰੇ ਯਤਨ ਪੰਜਾਬ ਨੂੰ ਸਹੀ ਦਿਸ਼ਾ ਵੱਲ ਲਿਜਾ ਰਹੇ ਹਨ। ਇਸ ਦਿਸ਼ਾ ਵਿੱਚ ਜਾ ਕੇ ਹੀ ਪੰਜਾਬ ਮੁੜ ਸ਼ਾਂਤ, ਖੁਸ਼ਹਾਲ ਅਤੇ ਸਥਿਰ ਹੋ ਸਕਦਾ ਹੈ।

WRITTEN BY