ਜੰਮੂ-ਕਸ਼ਮੀਰ ਵਿੱਚ ਇਕ ਵਾਰ ਫਿਰ ਲੋਕਤੰਤਰ ਦਾ ਗਲਾ ਘੋਟ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਦੇ ਰਾਜਪਾਲ ਸ਼੍ਰੀ ਸਤਿਆ ਪਾਲ ਮਲਿਕ ਵੱਲੋਂ ਅਚਾਨਕ ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਗਿਆ। ਰਾਜਪਾਲ ਨੇ ਆਪਣੇ ਫੈਸਲੇ ਦੀ ਪ੍ਰੋੜਤਾ ਕਰਦਿਆਂ ਆਖਿਆ ਹੈ ਕਿ ਸੂਬੇ ਵਿੱਚ ਵਿਧਾਇਕਾਂ ਦੀ ਖਰੀਦੋ-ਫਰਖ਼ੋਤ ਰੋਕਣ ਲਈ ਵਿਧਾਨ ਸਭਾ ਭੰਗ ਕੀਤੀ ਗਈ ਹੈ। ਅਸਲ ਵਿੱਚ ਪੀ.ਡੀ.ਪੀ., ਪੀਪਲਜ਼ ਕਾਨਫਰੰਸ ਅਤੇ ਕਾਂਗਰਸ ਵੱਲੋਂ ਰਲ-ਮਿਲ ਕੇ ਸਰਕਾਰ ਬਣਾਉਣ ਦੀ ਤਿਆਰੀ ਚੱਲ ਰਹੀ ਸੀ। ਭਾਜਪਾ ਨੂੰ ਲਗਦਾ ਸੀ ਕਿ ਇਸ ਤਰ੍ਹਾਂ ਦੀ ਸਰਕਾਰ ਬਣਨ ਨਾਲ ਉਸ ਦਾ ਭਾਰੀ ਸਿਆਸੀ ਨੁਕਸਾਨ ਹੋਵੇਗਾ। ਅਜਿਹੇ ਹਾਲਾਤਾਂ ਵਿੱਚ ਹੀ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਗਿਆ। ਇਹ ਫੈਸਲਾ ਲੋਕਤੰਤਰ ਦੇ ਪੱਖ ਤੋਂ ਦਰੁਸਤ ਨਹੀਂ ਹੈ। ਚੁਣੋ ਹੋਏ ਵਿਧਾਇਕਾਂ ਦੀ ਵੱਡੀ ਗਿਣਤੀ ਨਵੀਂ ਸਰਕਾਰ ਦੇ ਗਠਨ ਲਈ ਤਿਆਰ ਸੀ। ਜੰਮੂ-ਕਸ਼ਮੀਰ ਨੂੰ ਗਵਰਨਰ ਰਾਜ ਦੀ ਥਾਂ ਇਕ ਚੁਣੀ ਹੋਈ ਸਰਕਾਰ ਦੀ ਬੇਹਦ ਜ਼ਰੂਰਤ ਹੈ। ਪੀ.ਡੀ.ਪੀ. ਅਤੇ ਭਾਜਪਾ ਦੀ ਸਾਂਝੀ ਸਰਕਾਰ ਟੁੱਟਣ ਤੋਂ ਬਾਅਦ ਸੂਬੇ ਵਿੱਚ ਹਾਲਾਤ ਲਗਾਤਾਰ ਬਦਤਰ ਹੁੰਦੇ ਜਾ ਰਹੇ ਹਨ। ਗਵਰਨਰੀ ਰਾਜ ਸੂਬੇ ਦੀ ਸਥਿਤੀ ਸੰਭਾਲਣ ਦੇ ਸਮੱਰਥ ਨਹੀਂ ਹੈ। ਅਜਿਹੇ ਹਾਲਾਤਾਂ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਰੋਕਣਾ ਲੋਕਤੰਤਰ ਵਿਰੋਧੀ ਕਾਰਵਾਈ ਹੀ ਸਮਝੀ ਜਾ ਸਕਦੀ ਹੈ। ਇਹ ਫੈਸਲਾ ਪੂਰੀ ਤਰ੍ਹਾਂ ਸਿਆਸੀ ਹੈ। ਵਿਧਾਨ ਸਭਾ ਭੰਗ ਕਰਨ ਦੇ ਬਾਵਜੂਦ ਸੂਬੇ ਵਿੱਚ ਹਾਲੇ ਤਾਜ਼ਾ ਚੋਣਾਂ ਕਰਵਾਉਣ ਦਾ ਕੋਈ ਫੈਸਲਾ ਹੀ ਨਹੀਂ ਲਿਆ ਗਿਆ। ਇਹ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਵਾਉਣ ਦੀ ਗੱਲ ਹੋ ਰਹੀ ਹੈ। ਇਸ ਤਰ੍ਹਾਂ ਸੂਬੇ ਦੇ ਲੋਕਾਂ ਨੂੰ ਘੱਟੋ-ਘੱਟ 6 ਮਹੀਨੇ ਹੋਰ ਚੁਣੀ ਹੋਈ ਸਰਕਾਰ ਦੀ ਉਡੀਕ ਕਰਨੀ ਪਵੇਗੀ। ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਇਹ ਵੱਡਾ ਧੋਖਾ ਹੈ। ਸੂਬੇ ਦੇ ਹਾਲਾਤ ਇਕ ਚੁਣੀ ਹੋਈ ਸਰਕਾਰ ਹੀ ਠੀਕ ਤਰੀਕੇ ਨਾਲ ਸਮਝ ਸਕਦੀ ਹੈ। ਜੰਮੂ-ਕਸ਼ਮੀਰ ਵਿੱਚ ਮਾੜੇ ਹਾਲਾਤ ਵੀ ਇਸ ਕਰਕੇ ਹੀ ਪੈਦਾ ਹੋਏ ਹਨ ਕਿਉਂਕਿ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਆਜ਼ਾਦ ਤੌਰ ’ਤੇ ਕੰਮ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਚੰਗਾ ਹੋਵੇਗਾ ਕਿ ਇਸ ਮਸਲੇ ਵਿੱਚ ਸੁਪਰੀਮ ਕੋਰਟ ਦਖ਼ਲ ਦੇਵੇ ਅਤੇ ਵਿਧਾਨ ਸਭਾ ਭੰਗ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ।



