ਦੇਸ਼ ਦੇ ਸਿਆਸੀ ਪ੍ਰਬੰਧ ਵਿੱਚ ਨੇਤਾਵਾਂ ਅਤੇ ਆਮ ਲੋਕਾਂ ਵਿੱਚ ਕਾਨੂੰਨੀ ਤੌਰ ’ਤੇ ਕੋਈ ਫਰਕ ਨਹੀਂ ਹੈ। ਕਾਨੂੰਨ ਦੀ ਨਿਗਾਹ ਵਿੱਚ ਸਾਰੇ ਨਾਗਰਿਕ ਬਰਾਬਰ ਹਨ, ਪਰ ਇਹ ਹੈਰਾਨੀ ਦੀ ਗੱਲ ਹੈ ਕਿ ਹਰ ਮਾਮਲੇ ਵਿੱਚ ਨੇਤਾਵਾਂ ਨਾਲ ਵੱਖਰਾ ਸਲੂਕ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਕਾਨੂੰਨ ਦੀ ਨਿਗਾਹ ਵਿੱਚ ਮੁਲਜ਼ਮ ਨੇਤਾਵਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਆਮ ਲੋਕਾਂ ਨੂੰ ਛੋਟੇ-ਛੋਟੇ ਕੇਸਾਂ ਵਿੱਚ ਗ੍ਰਿਫਤਾਰ ਕਰਕੇ ਪੁਛਗਿੱਛ ਕੀਤੀ ਜਾਂਦੀ ਹੈ। ਨੇਤਾਵਾਂ ਤੋਂ ਕਤਲਾਂ ਅਤੇ ਬਲਾਤਕਾਰਾਂ ਦੇ ਕੇਸਾਂ ਵਿੱਚ ਵੀ ਹਿਰਾਸਤੀ ਪੁਛਗਿੱਛ ਨਹੀਂ ਕੀਤੀ ਜਾਂਦੀ। ਹੋਰ ਤਾਂ ਹੋਰ ਪੁਲਿਸ ਅਧਿਕਾਰੀ ਨੇਤਾਵਾਂ ਨੂੰ ਘਰ ਜਾ ਕੇ ਪੁੱਛਗਿੱਛ ਦੀ ਸਹੂਲਤ ਦੇ ਰਹੇ ਹਨ। ਪੰਜਾਬ ਵਿੱਚ ਇਹ ਡਰਾਮਾ ਲਗਾਤਾਰ ਖੇਡਿਆ ਜਾ ਰਿਹਾ ਹੈ। 2015 ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਬਰਗਾੜੀ ਅਤੇ ਕੋਟਕਪੂਰਾ ਦੇ ਗੋਲੀਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਪੁਛਗਿੱਛ ਟੀਮ ਇਸ ਮਾਮਲੇ ਵਿੱਚ ਕੁਝ ਸ਼ੱਕੀ ਨੇਤਾਵਾਂ ਨੂੰ ਫਾਈਵ ਸਟਾਰ ਸਹੂਲਤਾਂ ਦੇ ਰਹੀ ਹੈ। ਪੁਲਿਸ ਦੇ ਵੱਡੇ ਅਧਿਕਾਰੀ ਨੇਤਾਵਾਂ ਤੋਂ ਪੁਛਗਿੱਛ ਲਈ ਸਰਕਟ ਹਾਊਸ ਦੀ ਚੋਣ ਕਰ ਰਹੇ ਹਨ। ਨੇਤਾਵਾਂ ਦਾ ਨਾਮ ਆਉਂਦੀਆਂ ਹੀ ਪੁਲਿਸ ਅਫਸਰਾਂ ਨੂੰ ਅੰਮ੍ਰਿਤਸਰ ਦੀ ਮਾਲ ਮੰਡੀ ਵਿਖੇ ਸਥਿਤ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਦਾ ਪਤਾ ਹੀ ਭੁੱਲ ਗਿਆ ਹੈ। ਸਿੱਖ ਨੌਜਵਾਨਾਂ ’ਤੇ ਤਸ਼ੱਦਦ ਕਰਨ ਲਈ ਉਨ੍ਹਾਂ ਨੂੰ ਇਸ ਸੈਂਟਰ ਵਿੱਚ ਹੀ ਲਿਜਾਇਆ ਜਾਂਦਾ ਹੈ। ਨੇਤਾਵਾਂ ਦਾ ਅਪਰਾਧ ਵੀ ਕੋਈ ਘੱਟ ਨਹੀਂ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਮਰਜ਼ੀ ਦੇ ਸਥਾਨ ਉ¤ਪਰ ਪੁੱਛਗਿੱਛ ਦੀ ਸਹੂਲਤ ਦਿੱਤੀ ਜਾ ਰਹੀ ਹੈ। ਕਾਨੂੰਨ ਦੀ ਆਖਰ ਉਹ ਕਿਹੜੀ ਧਾਰਾ ਹੈ ਜਿਹੜੀ ਨੇਤਾਵਾਂ ਅਤੇ ਆਮ ਲੋਕਾਂ ਵਿੱਚ ਫਰਕ ਦਰਸਾਉਂਦੀ ਹੈ। ਜੇਕਰ ਕਾਨੂੰਨ ਦੀ ਨਿਗਾਹ ਵਿੱਚ ਸਾਰੇ ਬਰਾਬਰ ਹਨ ਤਦ ਪੁਲਿਸ ਅਧਿਕਾਰੀ ਸਭ ਨਾਲ ਬਰਾਬਰ ਦਾ ਸਲੂਕ ਕਿਉਂ ਨਹੀਂ ਕਰਦੇ? ਦੂਸਰੇ ਪਾਸੇ ਜਦੋਂ ਕੋਈ ਨੇਤਾ ਕਾਨੂੰਨ ਦੇ ਸ਼ਿਕੰਜੇ ਵਿੱਚ ਫਸਦਾ ਹੈ ਤਾਂ ਉਹ ਜਾਂਚ ਅਧਿਕਾਰੀਆਂ ਦੀ ਚੋਣ ਵੀ ਖੁਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਥੋਂ ਤੱਕ ਕਿ ਜੱਜ ਵੀ ਘਰ ਦਾ ਹੀ ਭਾਲਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਰਾਜਕਾਲ ਸਮੇਂ ਇਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਬਹੁਤ ਅਹਿਮ ਰੁਤਬਿਆਂ ਉ¤ਪਰ ਕੰਮ ਕਰਨ ਦਾ ਮੌਕਾ ਦਿੱਤਾ ਗਿਆ। ਹੁਣ ਜਦੋਂ ਕਾਂਗਰਸ ਦੀ ਸਰਕਾਰ ਅਧੀਨ ਉਹ ਹੀ ਅਧਿਕਾਰੀ ਸਾਬਕਾ ਮੁੱਖ ਮੰਤਰੀ ਖਿਲਾਫ ਇਕ ਕੇਸ ਦੀ ਜਾਂਚ ਕਰਨ ਵਾਲੀ ਟੀਮ ਦਾ ਹਿੱਸਾ ਹੈ ਤਦ ਉਸ ਦੇ ਪੱਖਪਾਤੀ ਹੋਣ ਦਾ ਰੌਲਾ ਪਾਇਆ ਜਾ ਰਿਹਾ ਹੈ। ਸ. ਬਾਦਲ ਜਦੋਂ ਮੁੱਖ ਮੰਤਰੀ ਸਨ ਉਸ ਵੇਲੇ ਇਹੋ ਪੁਲਿਸ ਅਧਿਕਾਰੀ ਦੂਸਰੇ ਲੋਕਾਂ ਦੇ ਕੇਸਾਂ ਨਾਲ ਨਜਿੱਠ ਰਿਹਾ ਸੀ। ਉਸ ਸਮੇਂ ਉਸ ਦੇ ਕੰਮਕਾਜ ਉ¤ਪਰ ਤਤਕਾਲੀ ਸਰਕਾਰ ਨੇ ਕੋਈ ਇਤਰਾਜ਼ ਨਹੀਂ ਕੀਤਾ। ਕਹਿਣ ਦਾ ਭਾਵ ਇਹ ਹੈ ਕਿ ਨੇਤਾਵਾਂ ਨੂੰ ਇਸ ਗੱਲ ਦਾ ਕੋਈ ਫ਼ਿਕਰ ਨਹੀਂ ਹੈ ਕਿ ਕੋਈ ਪੱਖਪਾਤੀ ਅਧਿਕਾਰੀ ਲੋਕਾਂ ਨਾਲ ਕੀ ਸਲੂਕ ਕਰ ਰਿਹਾ ਹੈ। ਉਨ੍ਹਾਂ ਨੂੰ ਸਿਰਫ਼ ਆਪਣਾ ਫ਼ਿਕਰ ਹੈ। ਨੇਤਾਵਾਂ ਨੂੰ ਆਪਣੇ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਲਈ ਘਰ ਦੇ ਹੀ ਪੁਲਿਸ ਅਧਿਕਾਰੀ ਅਤੇ ਜੱਜ ਚਾਹੀਦੇ ਹਨ ਤਾਂ ਜੋ ਉਹ ਮਨਮਰਜ਼ੀ ਦੇ ਫੈਸਲੇ ਕਰਵਾ ਸਕਣ। ਨੇਤਾਵਾਂ ਦਾ ਵਸ ਚੱਲੇ ਤਾਂ ਉਹ ਆਪਣੇ ਲਈ ਇਕ ਵੱਖਰਾ ਸੰਵਿਧਾਨ ਵੀ ਲਿਖਾ ਲੈਣ।



