ਪੰਜਾਬ ਬਹੁਪੱਖੀ ਸੰਕਟਾਂ ਵਿੱਚ ਘਿਰਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਨਵੀਂ ਦਿਸ਼ਾ ਵੱਲ ਤੋਰਨ ਦਾ ਵਾਅਦਾ ਹਾਲੇ ਤੱਕ ਪੂਰਾ ਨਹੀਂ ਕਰ ਸਕੇ। ਪੰਜਾਬ ਸਰਕਾਰ ਦੇ ਦੋ ਸਾਲ ਪੂਰੇ ਹੋਣ ਵਾਲੇ ਹਨ। ਸਰਕਾਰ ਕੋਲ ਕੰਮ ਕਰਨ ਲਈ ਸਿਰਫ ਤਿੰਨ ਸਾਲ ਦਾ ਸਮਾਂ ਹੋਰ ਬਾਕੀ ਹੈ। 2019 ਵਿੱਚ ਲੋਕ ਸਭਾ ਦੀਆਂ ਚੋਣਾਂ ਪੰਜਾਬ ਸਰਕਾਰ ਅਤੇ ਖਾਸ ਤੌਰ ’ਤੇ ਮੁੱਖ ਮੰਤਰੀ ਲਈ ਇਕ ਵੱਡੀ ਪ੍ਰੀਖਿਆ ਹੋਣਗੀਆਂ। ਦੋ ਸਾਲਾਂ ਦੇ ਸਮੇਂ ਵਿੱਚ ਪੰਜਾਬ ਦੀ ਆਰਥਿਕ ਮੰਦਹਾਲੀ ਨੂੰ ਠੱਲ੍ਹ ਨਹੀਂ ਪੈ ਸਕੀ। ਪੰਜਾਬ ਸਰਕਾਰ ਹਾਲੇ ਵੀ ਆਰਥਿਕ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੀ ਹੈ। ਸਰਕਾਰੀ ਪੈਸੇ ਦੀ ਬਚਤ ਕਰਨ ਅਤੇ ਨਵੇਂ ਆਰਥਿਕ ਵਸੀਲੇ ਪੈਦਾ ਕਰਨ ਲਈ ਬਹੁਤ ਨਿਗੂਣੇ ਯਤਨ ਹੋ ਰਹੇ ਹਨ। ਸਰਕਾਰੀ ਵਿਭਾਗ ਪਿਛਲੀ ਸਰਕਾਰ ਦੀ ਤਰ੍ਹਾਂ ਹੀ ਧੰਦਾ ਪਿੱਟਦੇ ਨਜ਼ਰ ਆ ਰਹੇ ਹਨ। ਅਫਸੋਸ ਹੈ ਕਿ ਸੂਬਾ ਸਰਕਾਰ ਪੰਜਾਬ ਦੇ ਹਾਲਾਤਾਂ ਨੂੰ ਬਦਲਣ ਲਈ ਵੱਡੀਆਂ ਪਹਿਲਕਦਮੀਆਂ ਨਹੀਂ ਲੈ ਸਕੀ। ਪੰਜਾਬ ਦੇ ਮੁਲਾਜ਼ਮ ਸੜਕਾਂ ਉਪਰ ਹਨ। ਅਧਿਆਪਕ ਪਟਿਆਲਾ ਵਿੱਚ ਡੇਰੇ ਲਗਾਈ ਬੈਠੇ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹਨ। ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਦੇ ਰਾਹ ਹਨ। ਸਰਕਾਰ ਨੂੰ ਕੋਈ ਫਿਕਰ ਨਹੀਂ। ਬੇਸ਼ਕ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫੀ ਲਈ ਸਰਕਾਰ ਨੇ ਕਾਫੀ ਯਤਨ ਕੀਤੇ ਹਨ ਪ੍ਰੰਤੂ ਇਸ ਦੇ ਬਾਵਜੂਦ ਕਿਸਾਨਾਂ ਦੀ ਆਰਥਿਕ ਮੰਦਹਾਲੀ ਨੂੰ ਮੋੜਾ ਨਹੀਂ ਪਿਆ। ਘਰ-ਘਰ ਰੁਜ਼ਗਾਰ ਦੀ ਸਕੀਮ ਹਾਲੇ ਤੱਕ ਉੜਾਨ ਨਹੀਂ ਭਰ ਸਕੀ। ਬੇਰੁਜ਼ਗਾਰ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ। 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਸਜ਼ਾਵਾਂ ਦਿੱਤੇ ਜਾਣ ਦੀ ਗੱਲ ਤਾਂ ਨੇੜੇ-ਤੇੜੇ ਵੀ ਨਹੀਂ ਦਿਸ ਰਹੀ। ਸਿੱਖ ਭਾਈਚਾਰਾ ਪਿਛਲੇ ਕਈ ਮਹੀਨਿਆਂ ਤੋਂ ਬਗਰਾੜੀ ਵਿਖੇ ਮੋਰਚਾ ਲਗਾਈ ਬੈਠਾ ਹੈ। ਪ੍ਰੰਤੂ ਸਰਕਾਰ ਹਾਲੇ ਤੱਕ ਇਸ ਮਾਮਲੇ ਵਿੱਚ ਇਨਸਾਫ ਨਹੀਂ ਕਰ ਸਕੀ। ਫੈਸਲੇ ਲੈਣ ਵਿੱਚ ਸਰਕਾਰ ਦੀ ਜਕੋ-ਤਕੀ ਨੇ ਪੰਜਾਬ ਨੂੰ ਇਕ ਵਾਰ ਫਿਰ ਡੂੰਘੇ ਸੰਕਟ ਵਿੱਚ ਧੱਕ ਦਿੱਤਾ ਹੈ। ਵਿਰੋਧੀ ਸਿਆਸੀ ਧਿਰਾਂ ਪੰਜਾਬ ਸਰਕਾਰ ’ਤੇ ਹਾਵੀ ਹੁੰਦੀਆਂ ਨਜ਼ਰ ਆ ਰਹੀਆਂ ਹਨ। ਭਾਰਤੀ ਫੌਜ ਦਾ ਜਰਨੈਲ ਪੰਜਾਬ ਵਿੱਚ ਆ ਕੇ ਸੂਬੇ ਦੇ ਅਮਨ ਕਾਨੂੰਨ ਉਪਰ ਗੰਭੀਰ ਟਿੱਪਣੀ ਕਰਦਾ ਹੈ ਪਰ ਸੂਬੇ ਦਾ ਮੁੱਖ ਮੰਤਰੀ ਉਸ ਦੇ ਦੋਸ਼ਾਂ ਦਾ ਕੋਈ ਜਵਾਬ ਨਹੀਂ ਦਿੰਦਾ। ਮੁੱਖ ਮੰਤਰੀ ਦੇ ਜਵਾਬ ਆਉਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਗ੍ਰਨੇਡ ਹਮਲਾ ਹੋ ਜਾਂਦਾ ਹੈ। ਇਸ ਵਾਰਦਾਤ ਨੇ ਪੰਜਾਬ ਸਰਕਾਰ ਦੀ ਭਰੋਸੇਯੋਗਤਾ ਅਤੇ ਕਾਰਗੁਜ਼ਾਰੀ ਉਪਰ ਪ੍ਰਸ਼ਨਚਿੰਨ੍ਹ ਲਗਾ ਦਿੱਤੇ ਹਨ। ਸਿਆਸੀ ਤੌਰ ’ਤੇ ਵੀ ਇਹ ਘਟਨਾ ਪੰਜਾਬ ਸਰਕਾਰ ਅਤੇ ਖਾਸ ਕਰਕੇ ਕਾਂਗਰਸ ਲਈ ਬਹੁਤ ਚੁਣੌਤੀਪੂਰਨ ਹੈ। ਇਸ ਦਾ ਲਾਭ ਕਾਂਗਰਸ ਦੀਆਂ ਵਿਰੋਧੀ ਧਿਰਾਂ ਨੂੰ ਮਿਲਦਾ ਦਿਸ ਰਿਹਾ ਹੈ। ਅਕਾਲੀ ਦਲ ਅੰਦਰ ਬੇਸ਼ਕ ਵੱਡੀ ਫੁੱਟ ਪੈ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ’ਤੇ ਬਾਦਲ ਪਰਿਵਾਰ ਪੰਜਾਬ ਵਿੱਚ ਹਾਲੇ ਵੀ ਆਪਣੀ ਪੁਗਾਉਣ ਦੇ ਸਮਰੱਥ ਹੈ। ਪੰਜਾਬ ਸਰਕਾਰ ਦੇ ਅਧਿਕਾਰੀ ਉਨ੍ਹਾਂ ਦਾ ਪਾਣੀ ਭਰਦੇ ਦਿਸ ਰਹੇ ਹਨ। ਮੁੱਖ ਮੰਤਰੀ ਉਨ੍ਹਾਂ ਨਾਲ ਸਾਹਮਣੇ ਤੋਂ ਸਿਆਸੀ ਟੱਕਰ ਲੈਣ ਲਈ ਅੱਗੇ ਨਹੀਂ ਨਿੱਤਰ ਰਹੇ। ਇਸ ਨਾਲ ਕਾਂਗਰਸ ਅੰਦਰ ਵੀ ਬੇਚੈਨੀ ਫੈਲੀ ਹੋਈ ਹੈ। ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਕਾਂਗਰਸ ਹਮਲਾਵਰ ਹੋਣ ਦੀ ਥਾਂ ਰੱਖਿਆਤਮਕ ਸਿਆਸੀ ਸਥਿਤੀ ਵਿੱਚ ਪਹੁੰਚ ਗਈ ਹੈ। ਇਸ ਤਰ੍ਹਾਂ ਦਾ ਪ੍ਰਭਾਵ ਬਣ ਰਿਹਾ ਹੈ ਕਿ ਪੰਜਾਬ, ਕੈਪਟਨ ਸਾਹਿਬ ਦੇ ਹੱਥਾਂ ਵਿੱਚੋਂ ਨਿਕਲਦਾ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਪੱਖ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਚੰਗਾ ਹੋਵੇਗਾ ਜੇਕਰ ਉਹ ਸਰਕਾਰ ਦੇ ਕੰਮਕਾਜ ਅਤੇ ਸਿਆਸੀ ਰਣਨੀਤੀ ਦੀ ਮੁੜ ਤੋਂ ਸਮੀਖਿਆ ਕਰਨ। ਉਮੀਦ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਇਸ ਸਥਿਤੀ ਨੂੰ ਧਿਆਨ ਵਿੱਚ ਰੱਖਕੇ ਨਵੇਂ ਸਿਰੇ ਤੋਂ ਸਰਗਰਮੀ ਸ਼ੁਰੂ ਕਰਨਗੇ।



