Skip to content
Independent perspectives. Global stories.
BREAKING

ਅਜਿਹੀ ਕੋਈ ਰਾਤ ਨਹੀਂ ਜਿਸ ਦੀ ਪ੍ਰਭਾਤ ਨਾ ਹੋਵੇ

Share this story

ਕੁਦਰਤ ਦੇ ਨਿਯਮ ਅਨੁਸਾਰ ਰਾਤ ਤੋਂ ਬਾਅਦ ਦਿਨ ਦਾ ਚੜਨਾ ਲਾਜ਼ਮੀ ਹੈ। ਰੁੱਤ ਦੇ ਹਿਸਾਬ ਨਾਲ ਰਾਤ ਕੁੱਝ ਪਲ ਲੰਬੀ ਜਾਂ ਛੋਟੀ ਤਾਂ ਹੋ ਸਕਦੀ ਹੈ, ਪਰ ਦਿਨ ਚੜੇ ਹੀ ਨਾ, ਅਜਿਹਾ ਨਹੀਂ ਹੋ ਸਕਦਾ। ਰਾਤ ਅਤੇ ਦਿਨ ਦਾ ਸੁਮੇਲ ਕਰਕੇ ਪ੍ਰਮਾਤਮਾ ਨੇ ਇਸ ਧਰਤੀ ਨੂੰ ਮਨੁੰਖ ਦੇ ਰਹਿਣ ਕਾਬਿਲ ਬਣਾਇਆ ਹੈ। ਮਨੁੰਖੀ ਜਿੰਦਗੀ ਵੀ ਬਿਲਕੁੱਲ ਇਸ ਦਿਨ ਰਾਤ ਦੇ ਰਿਸ਼ਤੇ ਵਾਂਗ ਹੀ ਚਲਦੀ ਹੈ। ਜਿੰਦਗੀ ਵਿੱਚ ਆਇਆ ਔਖਾ ਵਕਤ ਰਾਤ ਦੇ ਹਨੇਰੇ ਵਾਂਗ ਬਹੁਤਾ ਚਿਰ ਨਹੀਂ ਠਹਿਰਦਾ ਅਤੇ ਦੇਰ ਸਵੇਰ ਔਖੀ ਘੜੀ ਨੂੰ ਚੰਗੇ ਵਕਤ ਲਈ ਰਾਹ ਛੱਡਣਾਂ ਹੀ ਪੈਂਦਾ ਹੈ। ਜੇਕਰ ਜਿੰਦਗੀ ਵਿੱਚ ਔਖਾਈਆਂ ਹੀ ਰਹਿ ਜਾਣ ਅਤੇ ਸੁੱਖ ਆਵੇ ਹੀ ਨਾ ਤਾਂ ਅਜਿਹੀ ਸਥਿਤੀ ਵਿੱਚ ਇਨਸਾਨ ਦਾ ਜਿਉਣਾਂ ਮੁਸ਼ਕਿਲ ਹੋ ਜਾਵੇਗਾ, ਪਰ ਅਜਿਹਾ ਹੁੰਦਾ ਨਹੀਂ। ਦੁੱਖ ਦਰਦ ਜਾਂ ਤਕਲੀਫ ਲੰਬੇ ਤਾਂ ਹੋ ਸਕਦੇ ਹਨ, ਸਥਾਈ ਨਹੀਂ।
ਸਬਰ, ਸੰਤੋਖ ਅਤੇ ਤ੍ਰਿਪਤ ਹੋ ਕੇ ਜਿਉਣਾਂ ਇਨਸਾਨ ਨੂੰ ਰਾਤ ਦੇ ਹਨੇਰੇ ਵਿੱਚ ਵੀ ਚਾਨਣ ਵਰਗੀ ਰੌਸ਼ਨੀ ਦਿੰਦਾ ਹੈ। ਚੰਗੇ ਵਕਤ ਦੀ ਆਸ ਇਨਸਾਨ ਦੇ ਔਖੇ ਪੈਂਡੇ ਨੂੰ ਸੁਖਾਲਾ ਕਰਨ ਵਿੱਚ ਮਦਦ ਕਰਦੀ ਹੈ। ਸਮੇਂ ਦੀ ਪਈ ਕੋਝੀ ਮਾਰ ਕਾਰਨ ਖਾਲੀ ਹੋਈਆਂ ਜੇਬਾਂ ਭਰਨ ਲੱਗੇ ਸਮਾਂ ਨਹੀਂ ਲਗਦਾ, ਬਸ ਗੱਲ ਸਿਰਫ ਮਿਹਨਤ ਅਤੇ ਆਪਣਾ ਕਰਮ ਕਰਨ ਦੀ ਹੈ। ਔਖੇ ਵਕਤ ਦਾ ਝੰਬਿਆ ਇਨਸਾਨ ਸੁੱਖ ਵਿੱਚ ਸਭ ਤੋਂ ਵੱਧ ਆਨੰਦ ਲੈਂਦਾ ਹੈ ਕਿਉਂਕਿ ਉਸ ਕੋਲ਼ ਜਿੰਦਗੀ ਦੇ ਕੌੜੇ ਮਿੱਠੇ ਤਜੁਰਬਿਆ ਦਾ ਨਿਚੋੜ ਹੁੰਦਾ ਹੈ, ਜੋ ਉਸਨੂੰ ਹਰ ਵਕਤ ਤ੍ਰਿਪਤ ਅਤੇ ਉਤਸ਼ਾਹਿਤ ਰੱਖਦਾ ਹੈ। ਅੱਤ ਦੀ ਗਰੀਬੀ ਵਿੱਚ ਮਿਹਨਤ ਮਜ਼ਦੂਰੀ ਕਰਕੇ ਪੜਨ ਵਾਲੇ ਉਚੇ ਮੁਕਾਮਾਂ ’ਤੇ ਜਾ ਪਹੁੰਚੇ ਅਤੇ ਜਿੰਦਗੀ ’ਚ ਆਏ ਹਨੇਰੇ ਨੂੰ ਆਪਣੀ ਮਿਹਨਤ ਸਦਕਾ ਦਿਨ ਦੇ ਚਾਨਣ ਵਿੱਚ ਤਬਦੀਲ ਕਰ ਗਏ । ਤਾਮਿਲਨਾਡੂ ਸੂਬੇ ਦਾ ਨੌਜਵਾਨ ਸਿਬਾਗੁਰੂ ਪਰਬਾਕਰਨ ਇੱਕ ਬੇਹੱਦ ਗਰੀਬ ਵਿੱਚ ਜੰਮਿਆ ਅਤੇ ਪਲ਼ਿਆ। ਘਰ ਦਾ ਖਰਚ ਚਲਾਉਣ ਲਈ ਉਸਨੇ ਇੱਕ ਮੋਬਾਇਲ ਰਿਚਾਰਜ ਦੀ ਦੁਕਾਨ ’ਤੇ ਨੌਕਰੀ ਕਰ ਲਈ ਅਤੇ ਰਾਤ ਨੂੰ ਸੌਣ ਦਾ ਟਿਕਾਣਾਂ ਰੇਲਵੇ ਪਲੇਟਫਾਰਮ ਨੂੰ ਬਣਾ ਲਿਆ। ਸੰਨ 2004 ਵਿੱਚ ਆਈ.ਏ.ਐਸ ਅਫਸਰ ਬਨਣ ਦਾ ਸੁਪਨਾ ਉਸਨੂੰ ਹਰ ਵਕਤ ਮਿਹਨਤ ਕਰਨ ਲਈ ਪ੍ਰੇਰਦਾ ਸੀ। ਜਿੰਦਗੀ ਅੱਗੇ ਦਿਵਾਰ ਬਣ ਕੇ ਖੜੀ ਗਰੀਬੀ ਨੂੰ ਉਸਨੇ ਬੜੇ ਹੌਸਲੇ ਨਾਲ ਪਾਰ ਕੀਤਾ ਅਤੇ ਸੰਨ 2017 ਵਿੱਚ ਆਈ.ਏ.ਐਸ ਦੀ ਪ੍ਰੀਖਿਆ ਪਾਸ ਕਰਕੇ ਇੱਕ ਮਿਸਾਲ ਕਾਇਮ ਕਰ ਗਿਆ ਜੋ ਆਉਣ ਵਾਲੀਆਂ ਪੀੜੀਆਂ ਲਈ ਮਾਰਗਦਰਸ਼ਕ ਬਣਦੀ ਰਹੇਗੀ। ਗਰੀਬੀ ਰੂਪੀ ਰਾਤ ਉਸ ਦੀ ਤਕਦੀਰ ਵਿੱਚ ਚਾਨਣ ਆਉਣ ਤੋਂ ਨਾ ਰੋਕ ਸਕੀ।
ਜਿੰਦਗੀ ’ਚ ਔਖਾ ਵਕਤ ਇਨਸਾਨ ਨੂੰ ਕੁੱਝ ਸਿਖਾਉਣ ਲਈ ਹੀ ਆਉਂਦਾ ਹੈ। ਜੇਕਰ ਜਿੰਦਗੀ ਵਿੱਚ ਔਖਾ ਵਕਤ ਨਾ ਆਵੇ ਇਨਸਾਨ ਸੁੱਖਾਂ ਦਾ ਆਨੰਦ ਲੈਣਾ ਵੀ ਭੁੱਲ ਜਾਏਗਾ। ਲਗਾਤਾਰ ਦੋ ਉਲੰਪਿਕ ਖੇਡਾਂ ’ਚ ਤਮਗਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਕਹਾਣੀ ਵੀ ਰਾਤ ’ਚੋਂ ਉਪਜੇ ਦਿਨ ਵਾਂਗ ਹੈ। ਇੱਕ ਦਰਮਿਆਨੇ ਪਰਿਵਾਰ ’ਚ ਜਨਮੇਂ ਇਸ ਨੌਜਵਾਨ ਨੇ ਆਪਣੀ ਲਗਨ, ਮਿਹਨਤ ਅਤੇ ਸੱਤ ਸਦਕਾ ਦੁਨੀਆਂ ’ਚ ਨਾਮ ਕਮਾਇਆ ਹੈ, ਜੋ ਸਦਾ ਲਈ ਇਤਿਹਾਸ ਦੇ ਪੰਨਿਆ ਦਾ ਸ਼ਿੰਗਾਰ ਬਣ ਗਿਆ। ਪਿਤਾ ਬੱਸ ਕੰਡਰਟਰ ਅਤੇ ਮਾਤਾ ਘਰੇਲੂ ਔਰਤ ਹੋਣ ਕਾਰਨ ਪਰਿਵਾਰ ਆਰਥਿਕ ਤੌਰ ’ਤੇ ਕੋਈ ਬਹੁਤਾ ਮਜਬੂਤ ਨਹੀਂ ਸੀ, ਪਰ ਮਨ ਵਿੱਚ ਉਠਿਆ ਉਬਾਲ ਸੁਸ਼ੀਲ ਨੂੰ ਬੁਲੰਦੀਆਂ ’ਤੇ ਲੈ ਗਿਆ ਅਤੇ ਦੋ ਵਾਰ ਉਲੰਪਿਕ ਖੇਡਾਂ ’ਚ ਤਮਗਾ ਜਿੱਤ ਕੇ ਕੁਸ਼ਤੀ ਜਗਤ ’ਚ ਨਿਰਾਲਾ ਇਤਿਹਾਸ ਸਿਰਜ ਗਿਆ। ਪੈਸੇ ਦੀ ਘਾਟ ਜਾਂ ਪਰਿਵਾਰਿਕ ਵਾਤਾਵਰਨ ਉਸਨੂੰ ਮੰਜਿਲ ’ਤੇ ਪਹੁੰਚਣ ਤੋਂ ਰੋਕ ਨਾ ਸਕਿਆ। ਜੇਕਰ ਔਖੇ ਸਮੇਂ ਨੂੰ ਦੇਖ ਕੇ ਇਸ ਨੌਜਵਾਨ ਨੇ ਪਿੜ ਛੱਡਿਆ ਹੁੰਦਾ ਸ਼ਾਇਦ ਅੱਜ ਉਹ ਕਾਮਯਾਬੀ ਦੀ ਸ਼ਿਖਰ ’ਤੇ ਨਾ ਪਹੁੰਚਦਾ। ਮਨੁੰਖੀ ਜਿੰਦਗੀ ਵਿੱਚ ੳਤਰਾਅ ਚੜਾਅ ਦਾ ਸਿਲਸਿਲਾ ਮੌਤ ਤੱਕ ਚੱਲਦਾ ਹੈ। ਦੁੱਖ ਵਿੱਚ ਬਹੁਤੀ ਨਿਰਾਸ਼ਾ ਅਤੇ ਖੁਸ਼ੀ ਵਿੱਚ ਹੱਦੋਂ ਵੱਧ ਚਾਅ ਜਿੰਦਗੀ ਦੀ ਰਫਤਾਰ ਨੂੰ ਹਿੱਚਕੋਲਾ ਦੇ ਦਿੰਦਾ ਹੈ। ਔਖੀਆਂ ਘੜੀਆਂ ’ਚੋਂ ਚੰਗਾ ਤਲਾਸ਼ਣਾਂ ਸਾਡਾ ਫਰਜ਼ ਹੈ। ਰਾਤ ਤੋਂ ਬਾਅਦ ਦਿਨ ਚੜਨ ਦਾ ਕੁਦਰਤੀ ਸਿਧਾਂਤ ਇਨਸਾਨ ਨੂੰ ਹਰ ਔਕੜ ਤੋਂ ਬਾਅਦ ਚੰਗੇ ਦੀ ਉਮੀਦ ਕਰਨ ਦਾ ਸਬਕ ਸਿਖਾਉਂਦਾ ਹੈ। ਜਨਮ ਸਮੇਂ ਮੌਤ ਦਾ ਵਕਤ ਵੀ ਤੈਅ ਹੋ ਜਾਂਦਾ ਹੈ, ਅਜਿਹਾ ਇਸ ਫਾਨੀ ਦੁਨੀਆਂ ਦਾ ਮੰਨਣਾ ਹੈ ਇਸ ਲਈ ਜਨਮ ਸਮੇਂ ਜਿੰਦਗੀ ’ਚ ਆਇਆ ਚਾਨਣ ਮੌਤ ਉਪਰੰਤ ਅਲੋਪ ਹੋ ਜਾਂਦਾ ਹੈ। ਇਹਨਾਂ ਦੋਨਾਂ ਦੇ ਦਰਮਿਆਨ ਸਾਨੂੰ ਹਜਾਰਾਂ ਵਾਰ ਹਾਰੀ ਹੋਈ ਬਾਜੀ ਨੂੰ ਜਿੱਤ ਵਿੱਚ ਬਦਲਣ ਦੇ ਮੌਕੇ ਮਿਲਦੇ ਹਨ ਅਤੇ ਇਹਨਾਂ ਮੌਕਿਆ ਵਿੱਚੋਂ ਮਿਹਨਤ ਮੁਸ਼ੱਕਤ ਕਰਦੇ ਹੋਏ ਸਾਨੂੰ ਸਫਲਤਾ ਦੀ ਤਲਾਸ਼ ਕਰਨੀ ਚਾਹੀਦੀ ਹੈ। ਇੱਕ ਦਿਨ ਵਿੱਚ ਕੋਈ ਬਾਦਸ਼ਾਹ ਨਹੀਂ ਬਣਦਾ। ਬਾਦਸ਼ਾਹਤ ਪਾਉਣ ਲਈ ਜਿੰਦਗੀ ਦੇ ਹਨੇਰਿਆਂ ਨੂੰ ਚੀਰਦੀ ਹੋਈ ਇੱਕ ਲੰਬੀ ਲੜਾਈ ਲੜਨੀ ਪੈਂਦੀ ਹੈ। ਇਸ ਲੜਾਈ ਨੂੰ ਲੜਦੇ ਸਮੇਂ ਇਨਸਾਨ ਅਨੇਕਾਂ ਵਾਰ ਵਿਉਂਤਾਂ ਬਣਾਉਂਦਾ ਹੈ ਅਤੇ ਅਸਫਲਤਾ ਦੇ ਡਰ ਕਾਰਨ ਉਹਨਾਂ ਨੂੰ ਤਿਆਗ ਦਿੰਦਾ ਹੈ, ਜੋ ਸਾਨੂੰ ਕਿਸੇ ਵੀ ਟੀਚੇ ਦੀ ਪ੍ਰਾਪਤੀ ਨਹੀਂ ਕਰਨ ਦਿੰਦਾ। ਅਸਫਲਤਾ ਵਿੱਚੋਂ ਸਫਲਤਾ ਦੇ ਮੌਕੇ ਤਲਾਸ਼ਣ ਵਾਲਾ ਇੱਕ ਦਿਨ ਆਪਣਾਂ ਰਸਤਾ ਜਰੂਰ ਲੱਭ ਲੈਂਦਾ ਹੈ ਅਤੇ ਦਿਨ ਦੇ ਚਾਨਣ ਨੂੰ ਉਡੀਕਣ ਵਾਲਾ ਆਖਿਰ ਦਿਨ ਨੂੰ ਦੇਖ ਹੀ ਲੈਂਦਾ ਹੈ। ਪ੍ਰਮਾਤਮਾ ਦਵਾਰਾ ਸਿਰਜਿਆ ਕੁਦਰਤ ਦਾ ਦਿਨ ਰਾਤ ਦਾ ਨੇਮ ਇਨਸਾਨ ਨੂੰ ਸਿਆਣਾਂ ਅਤੇ ਸਮਝਦਾਰ ਬਣਾਉਣ ਲਈ ਕਾਫੀ ਹੈ।

WRITTEN BY