Skip to content
Independent perspectives. Global stories.
BREAKING

ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਹੋਣ

Share this story

ਪੰਜਾਬ ਵਿੱਚ ਕਿਸਾਨ ਬਹੁਤ ਹੀ ਵੱਡੇ ਆਰਥਿਕ ਸੰਕਟ ਵਿੱਚ ਫਸੇ ਹੋਏ ਹਨ। ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫ਼ੀ ਲਈ ਪਹਿਲਕਦਮੀ ਲਈ ਸੀ ਪਰੰਤੂ ਹਾਲੇ ਤੱਕ ਵੀ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਨਹੀਂ ਹੋ ਸਕੇ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ ਰਾਹਤ ਸ਼ਲਾਘਾਯੋਗ ਹੈ ਪ੍ਰੰਤੂ ਇਸ ਨਾਲ ਕਿਸਾਨਾਂ ਦੇ ਹਾਲਾਤ ਨਹੀਂ ਬਦਲੇ। ਕਰਜ਼ਿਆਂ ਕਾਰਨ ਕਿਸਾਨ ਹਾਲੇ ਵੀ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨਾਂ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਇਸ ਵਾਰ ਮੀਂਹ ਅਤੇ ਝੱਖੜ ਕਾਰਨ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ। ਇਨ੍ਹਾਂ ਫਸਲਾਂ ਉਪਰ ਕਿਸਾਨਾਂ ਨੇ ਹਜ਼ਾਰਾਂ ਰੁਪਏ ਖਰਚ ਕੀਤੇ ਸਨ। ਪੰਜਾਬ ਸਰਕਾਰ ਵੱਲੋਂ ਬੇਸ਼ੱਕ ਉਨ੍ਹਾਂ ਨੂੰ ਕੁਝ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਪ੍ਰੰਤੂ ਇਸ ਨਾਲ ਕਿਸਾਨਾਂ ਵੱਲੋਂ ਕੀਤਾ ਗਿਆ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਕਿਸਾਨਾਂ ਸਿਰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਕਰਜ਼ੇ ਖੜ੍ਹੇ ਹਨ। ਆੜ੍ਹਤੀਆਂ ਦਾ ਉਧਾਰ ਵੀ ਕਿਸਾਨਾਂ ਸਿਰ ਪਿਆ ਹੈ। ਉਨ੍ਹਾਂ ਕੋਲ ਕੋਈ ਅਜਿਹਾ ਸਾਧਨ ਨਹੀਂ ਕਿ ਉਹ ਇਸ ਕਰਜ਼ੇ ਨੂੰ ਮੋੜ ਸਕਣ ਜਾਂ ਇਸ ਦਾ ਵਿਆਜ ਵੀ ਅਦਾ ਕਰ ਸਕਣ। ਸਹਿਕਾਰੀ ਬੈਂਕਾਂ ਦੇ ਕਰਜ਼ਿਆਂ ਨੇ ਵੀ ਕਿਸਾਨਾਂ ਨੂੰ ਦੱਬ ਰਖਿਆ ਹੈ। ਇਕੱਲੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਕਰੀਬ 25 ਹਜ਼ਾਰ ਕਿਸਾਨ ਸਹਿਕਾਰੀ ਬੈਂਕਾਂ ਦੇ ਕਰਜ਼ਾਈ ਹਨ। ਇਸ ਖੇਤਰ ਵਿੱਚ ਕਿਸਾਨਾਂ ਸਿਰ ਸਹਿਕਾਰੀ ਬੈਂਕਾਂ ਦਾ ਲਗਪਗ 70 ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਜੇਕਰ ਕਰਜ਼ੇ ਦੀ ਇਸ ਰਕਮ ਵਿੱਚ ਦੂਸਰੀਆਂ ਬੈਂਕਾਂ, ਹੋਰ ਵਿੱਤੀ ਅਦਾਰਿਆਂ ਅਤੇ ਨਿੱਜੀ ਸ਼ਾਹੂਕਾਰਾਂ ਤੋਂ ਲਿਆ ਗਿਆ ਕਰਜ਼ਾ ਵੀ ਸ਼ਾਮਿਲ ਕਰ ਲਿਆ ਜਾਵੇ ਤਾਂ ਇਹ ਇਕ ਬਹੁਤ ਵੱਡੀ ਰਕਮ ਬਣ ਜਾਂਦੀ ਹੈ। ਮੌਜੂਦਾ ਹਾਲਾਤਾਂ ਵਿੱਚ ਘੱਟੋ-ਘੱਟ ਛੋਟੇ ਕਿਸਾਨਾਂ ਲਈ ਤਾਂ ਕਰਜ਼ੇ ਉਤਾਰਨਾ ਸੰਭਵ ਹੀ ਨਹੀਂ ਹੈ। ਇਕ ਪਾਸੇ ਕਿਸਾਨਾਂ ਨੂੰ ਫਸਲਾਂ ਦੇ ਯੋਗ ਭਾਅ ਨਹੀਂ ਮਿਲ ਰਹੇ ਦੂਸਰੇ ਪਾਸੇ ਉਨ੍ਹਾਂ ਨੂੰ ਘਰ ਦੇ ਖਰਚੇ ਤੋਰਨ ਦੇ ਨਾਲ-ਨਾਲ ਲਗਾਤਾਰ ਵੱਧ ਰਹੇ ਖੇਤੀ ਖਰਚਿਆਂ ਦਾ ਵੀ ਪ੍ਰਬੰਧ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਨੂੰ ਭਾਰੀ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਸਬੰਧੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਾਂਝੇ ਤੌਰ ’ਤੇ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਸਰਕਾਰਾਂ ਕਿਸਾਨ ਪੱਖੀ ਕਦਮ ਚੁੱਕਣ ਦੇ ਲਗਾਤਾਰ ਵਾਅਦੇ ਤਾਂ ਕਰਦੀਆਂ ਹਨ, ਪ੍ਰੰਤੂ ਹਕੀਕੀ ਤੌਰ ’ਤੇ ਉਨ੍ਹਾਂ ਦੀ ਬਾਂਹ ਨਹੀਂ ਫੜ੍ਹਦੀਆਂ। ਸਰਕਾਰ ਵੱਲੋਂ ਮਿਲ ਰਹੀ ਨਿਰਾਸ਼ਾ ਕਾਰਨ ਹੀ ਕਿਸਾਨ ਆਪਣਾ ਜੀਵਨ ਖਤਮ ਕਰ ਰਹੇ ਹਨ। ਖੁਦਕੁਸ਼ੀਆਂ ਕਾਰਨ ਕਿਸਾਨ ਪਰਿਵਾਰਾਂ ਦੀ ਹਾਲਤ ਹੋਰ ਵਿਗੜ ਜਾਂਦੀ ਹੈ। ਜਿਨ੍ਹਾਂ ਕਿਸਾਨ ਪਰਿਵਾਰਾਂ ਦੇ ਕਮਾਊ ਜੀ ਖੁਦਕੁਸ਼ੀਆਂ ਕਰ ਗਏ ਹਨ, ਉਨ੍ਹਾਂ ਲਈ ਜ਼ਿੰਦਗੀ ਬਹੁਤ ਹੀ ਔਖੀ ਹੋ ਗਈ ਹੈ। ਸਰਕਾਰ ਅਜਿਹੇ ਪੀੜਤ ਕਿਸਾਨ ਪਰਿਵਾਰਾਂ ਦੀ ਸਿਰਫ਼ ਇਕ ਜਾਂ ਦੋ ਲੱਖ ਰੁਪਏ ਮਦਦ ਕਰਦੀ ਹੈ। ਇਸ ਮਦਦ ਨਾਲ ਉਨ੍ਹਾਂ ਦੀ ਕੁਝ ਮਹੀਨੇ ਤੱਕ ਰੋਜ਼ੀ-ਰੋਟੀ ਵੀ ਨਹੀਂ ਚਲਦੀ। ਕਿਸਾਨਾਂ ਦੀ ਇਸ ਬੁਰੀ ਹਾਲਤ ਨੂੰ ਬਦਲਣ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੈ। ਇਸ ਲਈ ਕਿਸਾਨਾਂ ਦੇ ਸਿਰ ਖੜ੍ਹੇ ਸਾਰੇ ਤਰ੍ਹਾਂ ਦੇ ਕਰਜ਼ੇ ਮੁਆਫ਼ ਹੋਣੇ ਚਾਹੀਦੇ ਹਨ। ਕਿਸਾਨਾਂ ਦੀਆਂ ਫਸਲਾਂ ਦੇ ਭਾਅ ਸੂਚਕ ਅੰਕ ਨਾਲ ਜੋੜੇ ਜਾਣੇ ਚਾਹੀਦੇ ਹਨ। ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਨਵੀਂ ਨੀਤੀ ਦੀ ਜ਼ਰੂਰਤ ਹੈ। ਖੇਤੀ ਨੂੰ ਵੀ ਉਦਯੋਗ ਦੀ ਤਰ੍ਹਾਂ ਸਹੂਲਤਾਂ ਅਤੇ ਰਾਹਤਾਂ ਮਿਲਣੀਆਂ ਚਾਹੀਦੀਆਂ ਹਨ। ਖੇਤੀ ਖੇਤਰ ਦੀ ਬਦਹਾਲੀ ਨੂੰ ਰੋਕਣਾ ਦੇਸ਼ ਦੇ ਹਿੱਤਾਂ ਵਿੱਚ ਹੈ, ਕਿਉਂਕਿ ਲਗਭਗ ਦੋ-ਤਿਹਾਈ ਵੱਸੋਂ ਲਈ ਇਹ ਰੁਜ਼ਗਾਰ ਅਤੇ ਗੁਜ਼ਾਰੇ ਦਾ ਸਾਧਨ ਹੈ। ਖੇਤੀ ਦੇ ਮੰਦਵਾੜੇ ਦਾ ਦੇਸ਼ ਦੀ ਆਰਥਿਕਤਾ ਉਪਰ ਵੀ ਮਾੜਾ ਅਸਰ ਪੈ ਰਿਹਾ ਹੈ। ਮੁਲਕ ਦੇ ਕਾਇਆ ਕਲਪ ਲਈ ਸਰਕਾਰ ਖੇਤੀ ਨੂੰ ਤਰਜੀਹੀ ਖੇਤਰ ਮੰਨ ਕੇ ਚੱਲੇ।
– ਬਲਜੀਤ ਸਿੰਘ ਬਰਾੜ

WRITTEN BY