ਲੋਕਾਂ ਦੇ ਦਰਦ ਨੂੰ ਅਪਣਾ ਦਰਦ ਸਮਝਣ, ਆਪਣੀ ਵਿੱਤ ਅਤੇ ਸਮਰੱਥਾ ਅਨੁਸਾਰ ਨਿਰਸੁਆਰਥ ਲੁਕਾਈ ਦੇ ਕੰਮ ਆਉਣ ਵਾਲ਼ੇ ਇਨਸਾਨ ਨੂੰ ਸਮਾਜਸੇਵਕ ਕਿਹਾ ਜਾਂਦਾ ਹੈ।ਆਪੋ-ਧਾਪੀ ਦੇ ਇਸ ਦੌਰ ਅੰਦਰ ਹਰ ਕੋਈ ਆਪਣੀ ਦੁਨੀਆਂ ਵਿੱਚ ਇੰਨ੍ਹਾਂ ਜ਼ਿਆਦਾ ਮਸ਼ਰੂਫ਼ ਹੈ ਕਿ ਕਿਸੇ ਕੋਲ਼ ਵੀ ਸਮਾਂ ਨਹੀਂ ਹੈ।ਇੱਥੋਂ ਤੱਕ ਕਿ ਮਾਪਿਆਂ ਕੋਲ਼ ਬੱਚਿਆਂ ਅਤੇ ਬੱਚਿਆਂ ਕੋਲ਼ ਮਾਪਿਆਂ ਲਈ ਵੀ ਸਮੇਂ ਦੀ ਘਾਟ ਹੈ।ਸ਼ਾਇਦ ਏਸੇ ਲਈ ਹੀ ਬੱਚੇ ਨਸ਼ਿਆਂ ਵੱਲ ਅਤੇ ਮਾਪੇ ਬਿਰਧ ਆਸ਼ਰਮਾਂ ਵੱਲ ਜਾ ਰਹੇ ਹਨ।ਖ਼ੈਰ, ਇਹੋ ਜਿਹੇ ਹਲਾਤਾਂ ਵਿੱਚ ਕਿਸੇ ਲੋੜਵੰਦ ਇਨਸਾਨ ਦੇ ਕੰਮ ਆਉਣਾ ਅਤੇ ਉਸ ਦਾ ਸਹਾਰਾ ਬਣਨਾ ਕਿਸੇ ਆਮ ਬੰਦੇ ਦੇ ਵਸ ਦਾ ਰੋਗ ਨਹੀਂ ਲੱਗਦਾ।ਅਜਿਹਾ ਇਨਸਾਨ ਤਾਂ ਖ਼ੁਦ ਉਸ ਭਗਵਾਨ ਦਾ ਸਾਖ਼ਸਾਤ ਰੂਪ ਹੀ ਹੋ ਸਕਦਾ ਹੈ ਜੋ ਬਿਨ੍ਹਾਂ ਕਿਸੇ ਭੇਦ-ਭਾਵ ਅਤੇ ਸੁਆਰਥ ਤੋਂ ਇਨਸਾਨੀਅਤ ਦਾ ਅਸਲ ਫ਼ਰਜ਼ ਪਛਾਣਦੇ ਹੋਏ ਕਿਸੇ ਦੇ ਕੰਮ ਆਉਦਾ ਹੈ ਜਾਂ ਮੱਦਦ ਕਰਦਾ ਹੈ।ਜਿਵੇਂ ਕਿਸੇ ਸ਼ਾਇਰ ਨੇਂ ਕਿਹਾ ਹੈ ਕਿ ’ਹਰ ਆਦਮੀ ’ਚ ਹੁੰਦਾ ਇੱਕ ਨੇਕ ਇਨਸਾਨ, ਹਰ ਆਦਮੀ ਦੇ ਅੰਦਰ ਸ਼ੈਤਾਨ ਹੁੰਦਾ ਹੈ’, ਸਵੇਰ ਦਾ ਅਖ਼ਬਾਰ ਦੇਖਣ ਸਾਰ ਸਾਨੂੰ ਰੋਜ਼ਾਨਾ ਇਸ ਗੱਲ ਦੀ ਤਸ਼ਦੀਕ ਸਹਿਜ਼ੇ ਹੀ ਹੋ ਜਾਂਦੀ ਹੈ ਕਿ ਪੂਰੀ ਦੁਨੀਆਂ ਵਿੱਚ ਵਸਦੇ ਲੋਕਾਂ ਵਿੱਚੋਂ ਜ਼ਿਆਦਾਤਰ ਅੰਦਰ ਇਨਸਾਨੀਅਤ ਨਾਲ਼ੋਂ ਹੈਵਾਨੀਅਤ ਭਾਰੂ ਹੋ ਚੁੱਕੀ ਹੈ।ਧਰਮਾਂ-ਮਜ਼੍ਹਬਾਂ ’ਤੇ ਜਾਤਾਂ-ਨਸ਼ਲਾਂ ਦੇ ਨਾਂ ’ਤੇ ਲੋਕਾਂ ਨੂੰ ਰਾਜਨੀਤਿਕ ਲੀਡਰਾਂ ਵੱਲੋਂ ਵੰਡਿਆ, ਲੜਾਇਆ ’ਤੇ ਮਰਵਾਇਆ ਜਾ ਰਿਹਾ ਹੈ।ਪੈਸੇ ਦੀ ਅੰਨ੍ਹੀ ਦੌੜ ਵਿੱਚ ਰਿਸ਼ਤੇ-ਨਾਤੇ ’ਤੇ ਮੋਹ-ਮੁਹੱਬਤ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਇਨਸਾਨ ਵਿੱਚੋਂ ਇਨਸਾਨੀਅਤ ਮਰ ਰਹੀ ਹੈ।ਧੰਨ ਨੇ ਉਹ ਮਹਾਨ ਲੋਕ, ਜੋ ਅਜਿਹੇ ਖ਼ਤਰਨਾਕ ਦੌਰ ਵਿੱਚ ਵੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋ ਕੇ ਬਤੌਰ ਸਮਾਜਸੇਵੀ ਮਨੁੱਖਤਾ ਦੀ ਸੇਵਾ ਕਰ ਰਹੇ ਹਨ।ਪਰ ਜਿਵੇਂ ਇੱਕ ਹਿੰਦੀ ਫ਼ਿਲਮ ਦੇ ਨਗਮੇਂ ਦੇ ਬੋਲ ਹਨ ਕਿ ’ਏਕ ਚੇਹਰੇ ਪੇ ਕਈ ਚੇਹਰੇ ਲਗਾ ਲੇਤੇ ਹੈਂ ਲੋਗ’ ਬਿਲਕੁਲ ਉਸੇ ਤਰ੍ਹਾਂ ਫ਼ੋਕੀ ਸੌਹਰਤ ਪ੍ਰਾਪਤੀ ਲਈ ਕੁੱਝ ਸਾਤਿਰ ਕਿਸਮ ਦੇ ਲੋਕ ਸਮਾਜਸੇਵੀਆਂ ਦੇ ਨਕਲੀ ਚੇਹਰੇ ਲਗਾ ਲੋੜਵੰਦਾਂ, ਗਰੀਬਾਂ, ਅਨਾਥਾਂ, ਬਿਮਾਰਾਂ ’ਤੇ ਬੇ- ਸਹਾਰੇ ਲੋਕਾਂ ਦੀ ਮੱਦਦ ਦਾ ਦਿਖਾਵਾ ਕਰਕੇ ਉਨ੍ਹਾਂ ਦੇ ਹਲਾਤਾਂ ਅਤੇ ਮਜ਼ਬੂਰੀ ਦਾ ਫ਼ਾਇਦਾ ਉਠਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਗੁਆਉਦੇ।ਸ਼ੋਸ਼ਲ ਮੀਡੀਏ ’ਤੇ ਅਜਿਹੇ ਸਮਾਸੇਵਕਾਂ ਦੀ ਹਨ੍ਹੇਰੀ ਆਈ ਪਈ ਹੈ।ਕੋਈ ਕਿਸੇ ਨੂੰ ਇੱਕ ਸੇਬ ਫੜਾ ਕੇ ਫ਼ੋਟੋ ਖਿਚਵਾ ਰਿਹਾ ਹੈ ’ਤੇ ਕੋਈ ਕੇਲਾ ! ਅਤੇ ਨਾਲ਼ ਆਪਣੀ ਸਿਫ਼ਤ ਵੀ ਆਪ ਹੀ ਲਿਖੀ ਹੁੰਦੀ ਹੈ।ਮੈਂਨੂੰ ਇੱਥੇ ਇਹ ਲਿਖਦਿਆਂ ਵੀ ਕੋਈ ਝਿਜਕ ਮਹਿਸੂਸ ਨਹੀਂ ਹੰਦੀ ਕਿ ਕਈ ਲੋਕਾਂ ਨੇ ਤਾਂ ਸਮਾਜਸੇਵਾ ਨੂੰ ਵੀ ਇੱਕ ਧੰਦਾ ਬਣਾ ਲਿਆ ਹੈ।ਲੋੜਵੰਦ ਲੋਕਾਂ ਦੀਆਂ ਵੀਡੀਓ ਬਣਾ ਸ਼ੋਸ਼ਲ ਮੀਡੀਏ ਰਾਂਹੀ ਦਾਨੀਆਂ ਨੂੰ ’ਇਮੋਸ਼ਨਲ ਬਲੈਕਮੇਲ’ ਕਰਕੇ ਉਨ੍ਹਾਂ ਤੋਂ ਆਪਣੇ ਅਕਾਊਂਟਾਂ ਵਿੱਚ ਪੈਸੇ ਪਵਾਏ ਜਾਂਦੇ ਹਨ ਅਤੇ ਲੋੜਵੰਦ ਲੋਕਾਂ ਦੀ ਗਰੀਬੀ, ਮਜ਼ਬੂਰੀ ’ਤੇ ਬਿਮਾਰੀ ਦਾ ਫ਼ਾਇਦਾ ਉਠਾਉਦਿਆਂ ਪੈਸੇ ਇਕੱਠੇ ਕੀਤੇ ਜਾ ਰਹੇ ਹਨ।ਭਾਂਵੇ ਕਿ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ ਕਿ ਦੁਨੀਆਂ ਵਿੱਚ ਚੰਗੇ ਲੋਕਾਂ ਦੀ ਅਜੇ ਵੀ ਕੋਈ ਘਾਟ ਨਹੀਂ ਹੈ।ਪੂਰੀ ਦੁਨੀਆਂ ਵਿੱਚ ਆਈ ਸ਼ੋਸ਼ਲ ਮੀਡੀਏ ਦੀ ਕ੍ਰਾਂਤੀ ਕਾਰਨ ਬਹੁਤ ਅਜਿਹੇ ਲੋੜਵੰਦ ਲੋਕਾਂ ਤੱਕ ਮੱਦਦ ਪਹੁੰਚੀ ਵੀ ਹੈ ਜਿੰਨ੍ਹਾਂ ਨੂੰ ਅਸਲ ਵਿੱਚ ਲੋੜ ਸੀ।ਪਰ ਇਸ ਖੇਤਰ ਵਿੱਚ ਆਏ ਨਕਲੀ ’ਤੇ ਦਿਖਾਵੇ ਦੇ ਸਮਾਜਸੇਵਕਾਂ ਨੇ ਇਸ ਵਿਸ਼ੇ ’ਤੇ ਲਿਖਣ ਲਈ ਮਜ਼ਬੂਰ ਕਰ ਦਿੱਤਾ ਹੈ।ਸਮਾਜਸੇਵਾ ਦੇ ਖੇਤਰ ਨੂੰ ਆਪਣੀ ਹਾਊਮੈਂ ਨੂੰ ਪੱਠੇ ਪਾਉਣ, ਪੈਸੇ ਕਮਾਉਣ ਜਾਂ ਕਿਸੇ ਵੀ ਹੋਰ ਪ੍ਰਕਾਰ ਦੇ ਮਕਸ਼ਦ ਲਈ ਵਰਤਣ ਵਾਲ਼ੇ ਉਨ੍ਹਾਂ ਨਕਲੀ ਸਮਾਜਸੇਵਕਾਂ ਦੇ ਚਰਨਾਂ ਵਿੱਚ ਮੇਰੀ ਹੱਥ ਜ਼ੋੜਕੇ ਬੇਨਤੀ ਹੈ ਕਿ ਅਜਿਹਾ ਨਾਂ ਕਰੋ ਕਿਤੇ ਇਹ ਨਾਂ ਹੋਵੇ ਕਿ ਆਮ ਲੋਕਾਂ ਦਾ ਇਨਸਾਨੀਅਤ ਉਪਰੋਂ ਵਿਸ਼ਵਾਸ ਹੀ ਉਠ ਜਾਵੇ।ਜੇ ਸਮਾਜਸੇਵਾ ਕਰਨੀਂ ਹੀ ਹੈ ਤਾਂ ਦਿਲੋਂ ਭਾਈ ਘਨੱਈਆ ਜੀ, ਅਬਦੁਲ ਸਤਾਰ ਈਦੀ, ਭਗਤ ਪੂਰਨ ਸਿੰਘ ਜੀ, ਮਦਰ ਟਰੇਸਾ ’ਤੇ ਡਾ. ਇੰਦਰਜੀਤ ਕੌਰ ਵਾਂਗ ਨਿਰਸੁਆਰ ਮਨੁੱਖਤਾ ਨੂੰ ਸਮਰਪਿਤ ਹੋ ਕੇ ਕਰੋ।ਫ਼ਿਰ ਦੇਖਣਾਂ ਐਸਾ ਆਨੰਦ ਆਵੇਗਾ ਕਿ ਪੈਸਾ ’ਤੇ ਸੌਹਰਤ ਕਮਾਉਣ ਦੀ ਇੱਛਾ ਹੀ ਖ਼ਤਮ ਹੋ ਜਾਵੇਗੀ। ਸਿਰ ਝੁਕ ਜਾਂਦਾ ਹੈ ਡਾ. ਐਸ.ਪੀ. ਸਿੰਘ ਓਵਰਾਏ ਵਰਗੇ ਮਹਾਨ ਪੁਰਸ਼ ਅੱਗੇ ਜੋ ਇਸ ਕਲ਼ਯੁਗੀ ਦੌਰ ਵਿੱਚ ਵੀ ਆਪਣੀ ਕਮਾਈ ਦਾ 98 ਫ਼ੀਸਦੀ ਹਿੱਸਾ ਮਨੁੱਖਤਾ ਦੀ ਸੇਵਾ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਲਗਾ ਰਹੇ ਹਨ ਅਤੇ ਉਨ੍ਹਾਂ ਸੱਚੇ ਸਮਾਜਸੇਵਕਾਂ ਅੱਗੇ ਜੋ ਮਨੁੱਖਤਾ ਦੇ ਦਰਦ ਨੂੰ ਆਪਣਾ ਬਣਾ ਕੇ ਤਨੋਂ, ਮਨੋਂ ’ਤੇ ਧਨੋਂ ਹਰ ਲੋੜਵੰਦ ਦੀ ਸਹਾਇਤਾ ਲਈ ਰੱਬ ਬਣਕੇ ਆ ਬਾਉੜਦੇ ਹਨ।
ਆਉ ਆਪਾਂ ਵੀ ਸਾਰੇ ਪ੍ਰਣ ਕਰੀਏ ਕਿ ਆਪਣੇ ਗੁਰੂਆਂ ਦੇ ਦਿਖਾਏ ਸੱਚ ਦੇ ਮਾਰਗ ’ਤੇ ਚੱਲਕੇ ’ਸੇਵਕ ਕੋ ਸੇਵਾ ਬਨ ਆਈ’ ’ਤੇ ਅਮਲ ਕਰਦਿਆਂ ਨਿੱਜ਼ਵਾਦ ਤੋਂ ਉਪਰ ਉਠਕੇ ਆਪਣੇ ਜੀਵਨ ਨੂੰ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਈਏ, ਕਿਉਂਕਿ ਆਪਣੇ ਪੈਰ ਵਿੱਚ ਵੱਜਿਆ ਕੰਡਾ ਤਾਂ ਹਰ ਕੋਈ ਕੱਢ ਲੈਂਦਾ ਹੈ ਪਰ ਦੂਸਰੇ ਦੇ ਪੈਰ ’ਚੋਂ ਕੱਢਕੇ ਦਿਲ ਨੂੰ ਜੋ ਸਕੂਨ ਮਿਲਦਾ ਹੈ ਉਹ ਸ਼ਬਦਾਂ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ ਸਿਰਫ਼ ਮਹਿਸੂਸ ਹੀ ਕੀਤਾ ਜਾ ਸਕਦਾ ਹੈ।
ਕੋਈ ਧੰਦਾ ਨਹੀਂ ਹੈ ਮਨੁੱਖਤਾ ਦੀ ਸੇਵਾ



