Skip to content
Independent perspectives. Global stories.
BREAKING

ਪੰਜਾਬ ਦੇ ਵਿਕਾਸ ਦਾ ਖਾਕਾ

Share this story

ਪੰਜਾਬ ’ਚ ਸਿਖਿਆ,ਸਿਹਤ, ਸਨਅਤੀ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਡੇ ਕਦਮਾਂ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਉਨ੍ਹਾਂ ਖੇਤਰਾਂ ਵਿੱਚ ਪਹਿਲਕਦਮੀਆਂ ਤੋਂ ਬਿਨਾਂ ਪੰਜਾਬ ਨੂੰ ਨਵੀਂ ਤਰੱਕੀ ਦੇ ਰਾਹ ਤੋਰਨਾ ਮੁਸ਼ਕਿਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਮੀਟਿੰਗਾਂ ਵੀ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਕੇਂਦਰ ਸਰਕਾਰ ਨਾਲ ਵੀ ਰਾਬਤਾ ਬਣਾਇਆ ਜਾਂਦਾ ਹੈ, ਪ੍ਰੰਤੂ ਹਾਲੇ ਤੱਕ ਪੰਜਾਬ ਦੇ ਵਿਕਾਸ ਲਈ ਕੋਈ ਪੁਖਤਾ ਬਲਿਊ ਪ੍ਰਿੰਟ ਸਾਹਮਣੇ ਨਹੀਂ ਆ ਸਕਿਆ। ਇੱਕਾ-ਦੁੱਕਾ ਕਦਮਾਂ ਨਾਲ ਪੰਜਾਬ ਦੇ ਵਿਕਾਸ ਦੀ ਗੱਡੀ ਅੱਗੇ ਨਹੀਂ ਤੁਰ ਸਕਦੀ। ਸਰਕਾਰੀ ਨੀਤੀਆਂ ਨੂੰ ਨਵੇਂ ਸਿਰੇ ਤੋਂ ਵਿਉਂਤਣ ਲਈ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਇਕੱਲੀ ਸਨਅਤੀ ਨੀਤੀ ਦੀ ਤਬਦੀਲੀ ਨਾਲ ਉਦਯੋਗਿਕ ਵਿਕਾਸ ਸ਼ੁਰੂ ਨਹੀਂ ਹੋ ਸਕਦਾ। ਇਸ ਨਾਲ ਜੁੜੇ ਦੂਸਰੇ ਪਹਿਲੂਆਂ ’ਤੇ ਵੀ ਕੰਮ ਕਰਨਾ ਬੇਹੱਦ ਜ਼ਰੂਰੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿਛਲੇ ਡੇਢ ਸਾਲ ਦੇ ਸਮੇਂ ਵਿੱਚ ਇਸ ਸਬੰਧੀ ਸਰਗਰਮੀਆਂ ਨੂੰ ਰਫਤਾਰ ਨਹੀਂ ਦਿੱਤੀ। ਸਰਕਾਰ ਵਿੱਚ ਕਿਧਰੇ ਨਾ ਕਿਧਰੇ ਤਾਲਮੇਲ ਦੀ ਕਮੀ ਵੀ ਨਜ਼ਰ ਆ ਰਹੀ ਹੈ। ਉਂਝ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਉਪਰ ਸ਼ੱਕ ਕਰਨਾ ਸਹੀ ਨਹੀਂ ਹੋਵੇਗਾ। ਉਹ ਹਮੇਸ਼ਾ ਪੰਜਾਬ ਦੀ ਭਲਾਈ ਲਈ ਯਤਨਸ਼ੀਲ ਰਹਿੰਦੇ ਹਨ। ਇਹ ਗੱਲ ਵੱਖਰੀ ਹੈ ਕਿ ਕਈ ਮਾਮਲਿਆਂ ਵਿੱਚ ਪੰਜਾਬ ਦਾ ਮੌਜੂਦਾ ਰਾਜਸੀ ਅਤੇ ਪ੍ਰਸ਼ਾਸਨਿਕ ਪ੍ਰਬੰਧ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦਾ। ਸਰਕਾਰ ਨੂੰ ਬਾਕੀ ਬਚੇ ਸਮੇਂ ਵਿੱਚ ਆਪਣੀ ਕਾਰਗੁਜ਼ਾਰੀ ਦਿਖਾਉਣੀ ਹੋਵੇਗੀ। ਸੂਬੇ ਦੇ ਨਵੇਂ ਵਿਕਾਸ ਮਾਡਲ ਨੂੰ ਸਾਹਮਣੇ ਲਿਆਉਣਾ ਹੋਵੇਗਾ। ਨਵੀਂ ਸਨਅਤ ਦੀ ਸਥਾਪਨਾ ਲਈ ਕਦਮ ਚੁੱਕਣ ਦੇ ਨਾਲ-ਨਾਲ ਪੁਰਾਣੀ ਸਨਅਤ ਨੂੰ ਪੈਰਾਂ ਸਿਰ ਖੜ੍ਹੇ ਕਰਨ ਲਈ ਯਤਨ ਕਰਨੇ ਹੋਣਗੇ। ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਨਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ। ਖੇਤੀ ਅਧਾਰਤ ਉਦਯੋਗ ਲਗਾਉਣ ਵੱਲ ਹੋਰ ਵੱਧ ਧਿਆਨ ਦਿੱਤਾ ਜਾਵੇ। ਰਿਆਇਤੀ ਬਿਜਲੀ ਦਰਾਂ ਸਬੰਧੀ ਪੇਸ਼ਕਸ਼ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਆਵਾਜਾਈ ਦੇ ਸਾਧਨਾਂ ਨੂੰ ਹੋਰ ਵਧੇਰੇ ਕਾਰਗਰ ਬਣਾਇਆ ਜਾਵੇ। ਪ੍ਰਮੁੱਖ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਨੂੰ ਸਮਾਂਬੱਧ ਕੀਤਾ ਜਾਵੇ। ਉਦਯੋਗਿਕ ਕੇਂਦਰਾਂ ’ਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਪਾਕਿਸਤਾਨ ਨਾਲ ਵਪਾਰ ਨੂੰ ਵਧਾਉਣ ਲਈ ਖਾਸਤ ਤੌਰ ’ਤੇ ਯਤਨ ਹੋਣੇ ਚਾਹੀਦੇ ਹਨ। ਜੰਮੂ-ਕਸ਼ਮੀਰ ਲਈ ਖਾਣ-ਪੀਣ ਦੇ ਪਦਾਰਥ ਪੰਜਾਬ ਦੀ ਥਾਂ ਦਿੱਲੀ ਅਤੇ ਹਰਿਆਣੇ ਤੋਂ ਸਪਲਾਈ ਹੋ ਰਹੇ ਹਨ। ਇਸ ਦਿਸ਼ਾ ਵਿੱਚ ਵੀ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫ਼ੀ ਦੇ ਨਾਲ-ਨਾਲ ਕਿਸਾਨਾਂ ਨੂੰ ਖੇਤੀ ਦੇ ਖਰਚਿਆਂ ਲਈ ਵੀ ਮੱਦਦ ਦਿੱਤੀ ਜਾਵੇ। ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਰੋਕੀ ਜਾਵੇ। ਰੋਜ਼-ਰੋਜ਼ ਮੁਜ਼ਾਰਿਆਂ ਅਤੇ ਹੜਤਾਲਾਂ ਦੇ ਬਣ ਰਹੇ ਸਬੱਬ ਨੂੰ ਦੂਰ ਕੀਤਾ ਜਾਵੇ। ਅਪਰਾਧ ਨੂੰ ਸਖਤੀ ਨਾਲ ਰੋਕਿਆ ਜਾਵੇ। ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਹੋਰ ਸਖਤੀ ਵਰਤੀ ਜਾਵੇ।
– ਬਲਜੀਤ ਸਿੰਘ ਬਰਾੜ

WRITTEN BY