Skip to content
Independent perspectives. Global stories.
BREAKING

ਭ੍ਰਿਸ਼ਟਾਚਾਰ ਨੂੰ ਰੋਕ ਨਹੀਂ

Share this story

ਵੱਡੇ ਸਿਆਸੀ ਨਾਅਰਿਆਂ ਦੇ ਬਾਵਜੂਦ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਬਾਵਜੂਦ ਭ੍ਰਿਸ਼ਟਾਚਾਰ ਨੂੰ ਠੱਲ੍ਹ ਨਹੀਂ ਪੈ ਰਹੀ। ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਦੀ ਲੁੱਟ ਜਾਰੀ ਹੈ। ਵੱਡੇ ਸਰਕਾਰੀ ਸੌਦਿਆਂ ਵਿੱਚ ਕਮਿਸ਼ਨਬਾਜ਼ੀ ਜਿਉਂ ਦੀ ਤਿਉਂ ਚੱਲ ਰਹੀ ਹੈ। ਕਾਰਪੋਰੇਟ ਅਤੇ ਕਾਰੋਬਾਰੀ ਅਦਾਰੇ ਸਿੱਧੇ ਤੌਰ ’ਤੇ ਸਰਕਾਰ ਨੂੰ ਚਲਾ ਰਹੇ ਹਨ। ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਨੂੰ ਪ੍ਰਭਾਵਿਤ ਕਰਕੇ ਮਾਲਾ-ਮਾਲ ਹੋ ਰਹੇ ਹਨ। ਭ੍ਰਿਸ਼ਟਾਚਾਰ ਦੇ ਵੀ ਕਈ ਰੂਪ ਹਨ। ਨਵੇਂ ਹਾਲਾਤਾਂ ਵਿੱਚ ਭ੍ਰਿਸ਼ਟਾਚਾਰੀਆਂ ਨੇ ਆਪਣੇ ਢੰਗ ਤਰੀਕੇ ਬਦਲ ਲਏ ਹਨ। ਬੇਸ਼ੱਕ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਕਾਨੂੰਨੀ ਪ੍ਰਬੰਧ ਦੀ ਚਰਚਾ ਹੋ ਰਹੀ ਹੈ ਪ੍ਰੰਤੂ ਇਸ ਸਬੰਧੀ ਸਹਿਮਤੀ ਨਹੀਂ ਬਣ ਰਹੀ ਹੈ। ਲੋਕਪਾਲ ਦਾ ਮੁੱਦਾ ਵੀ ਕਿਧਰੇ ਆਲੋਪ ਹੋ ਗਿਆ ਹੈ। ਇਸ ਮੁੱਦੇ ’ਤੇ ਮੀਡੀਆ ਦੀ ਸਰਗਰਮੀ ਪੂਰੀ ਤਰ੍ਹਾਂ ਠੰਢੀ ਪੈ ਚੁੱਕੀ ਹੈ। ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਕਾਰਕੁੰਨ ਆਪਣੇ ਘਰ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਵੱਲੋਂ ਬੇਸ਼ਕ ਇਸ ਨੂੰ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਉਸ ਦੀਆਂ ਤਰਜੀਹਾਂ ਵੀ ਹੁਣ ਬਦਲ ਗਈਆਂ ਹਨ। ਲਗਦਾ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਦੇਸ਼ ਵਿੱਚ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਲਹਿਰ ਦਾ ਕੋਈ ਵਾਲੀਵਾਰਸ ਨਹੀਂ ਰਿਹਾ। ਅਜਿਹੇ ਹਾਲਾਤਾਂ ਵਿੱਚ ਭ੍ਰਿਸ਼ਟਾਚਾਰੀ ਖੁੱਲ੍ਹ ਕੇ ਖੇਡ ਰਹੇ ਹਨ। ਦੇਸ਼ ਲੁਟਿਆ ਜਾ ਰਿਹਾ ਹੈ। ਆਮ ਲੋਕ ਭ੍ਰਿਸ਼ਟ ਪ੍ਰਬੰਧ ਵਿੱਚ ਔਖੇ ਸਾਹ ਲੈ ਰਹੇ ਹਨ। ਨੇੜ ਭਵਿੱਖ ਵਿੱਚ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਸ਼ਾਇਦ ਹੀ ਮਿਲੇ ਕਿਉਂਕਿ ਇਸ ਨੂੰ ਹੌਲੀ-ਹੌਲੀ ਜੀਵਨ ਦਾ ਇਕ ਹਿੱਸਾ ਬਣਾ ਦਿੱਤਾ ਗਿਆ ਹੈ। ਜੇਕਰ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕੀਤਾ ਜਾਂਦਾ ਤਾਂ ਇਕ ਦਿਨ ਇਸ ਦੇਸ਼ ਦਾ ਸਾਰਾ ਪ੍ਰਬੰਧ ਵਿਕਾਊ ਹੋ ਜਾਵੇਗਾ। ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇਕ ਵੱਡੀ ਅਤੇ ਮਜ਼ਬੂਤ ਲਹਿਰ ਦੀ ਲੋੜ ਹੈ। ਆਮ ਲੋਕਾਂ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਇਹ ਲਹਿਰ ਕਾਰਗਰ ਨਹੀਂ ਹੋ ਸਕਦੀ। ਜੇਕਰ ਸਾਰਾ ਭਾਰਤ ਦੇਸ਼ ਇਸ ਘੜੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਪੱਕਾ ਫੈਸਲਾ ਕਰ ਲਵੇ ਤਦ ਅਗਲੇ ਹੀ ਪਲ ਭਾਰਤ ਦੀ ਤਸਵੀਰ ਅਤੇ ਤਕਦੀਰ ਬਦਲਣੀ ਸ਼ੁਰੂ ਹੋ ਜਾਵੇਗੀ।
– ਬਲਜੀਤ ਸਿੰਘ ਬਰਾੜ

WRITTEN BY