ਫਿਰੋਜ਼ਸ਼ਾਹ, 9 ਅਕਤੂਬਰ (ਗੁਰਤਾਰ ਸਿੰਘ ਸਿਧੂ)- ਬੀਤੀ ਦੇਰ ਰਾਤ ਫਿਰੋਜ਼ਸ਼ਾਹ ਬਸ ਅਡੇ ਨਜਦੀਕ ਰੇਤਾ ਦਾ ਓਵਰਲੋਡ ਟਰੈਕਟਰ ਟਰਾਲਾ ਹਾਦਸਾ ਗ੍ਰਸਤ ਹੋ ਗਿਆ ਜਿਸ ਵਿਚ ਚਾਲਕ ਵਾਲ ਵਾਲ ਬਚ ਗਿਆ ਪਰ ਮਾਲੀ ਨੁਕਸਾਨ ਕਾਫੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕਤਰ, ਕੀਤੀ ਜਾਣਕਾਰੀ ਮੁਤਾਬਿਕ ਜਿਲਾ ਬਠਿੰਡਾ ਦੇ ਮੌੜ ਮੰਡੀ ਵਾਸੀ ਮਹਿੰਦਰ ਸਿੰਘ ਰੇਤਾ ਦਾ ਟਰਾਲਾ ਲੈ ਜਾ ਰਿਹਾ ਸੀ ਕਿ ਅਚਾਨਕ ਸਤੁੰਲਨ ਵਿਗੜਣ ਕਾਰਨ ਉਨ੍ਹਾਂ ਦਾ ਟਰੈਕਟਰ ਪਲਟ ਗਿਆ। ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁਕੀਆਂ ਹਨ ਪਰ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਤੋਂ ਜਾਗਣ ਦੀ ਫੁਰਸਤ ਨਹੀ ਇਹ ਵੀ ਦਸਣਾ ਬਣਦਾ ਹੈ ਕਿ ਇਹਨਾਂ ਟਰੈਕਟਰ ਟਰਾਲੀਆਂ ਤੇ ਉਚੀ ਅਵਾਜ਼ ਚ ਚਲਦੇ ਸਪੀਕਰ ਅਤੇ ਆਪਣੀ ਟਰਾਲੀ ਛੇਤੀ ਭਰਾਉਣ ਦੇ ਚਕਰ ਵਿਚ ਇਹ ਚਾਲਕ ਬਹੁਤ ਤੇਜ ਚਲਾਉਂਦੇ ਹਨ ਅਤੇ ਟਰਾਲੇ ਓਵਰਲੋਡ ਹੋਣ ਕਾਰਨ ਬਹੁਤੇ ਟਰੈਕਟਰਾਂ ਦਾ ਮੂਹਰਲਾ ਹਿਸਾ ਧਰਤੀ ਨਾਲ ਹੀ ਨਹੀ ਲਗਦਾ ਜਿਸ ਕਾਰਨ ਬਹੁਤੇ ਰਾਹੀ ਇਹਨਾਂ ਦੇ ਅਗੇ ਲੰਘਣ ਤੋਂ ਹੀ ਗੁਰੇਜ਼ ਕਰਦੇ ਹਨ ਪਰ ਪ੍ਰਸ਼ਾਸਨ ਨੂੰ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀਆਂ ਉਡਦੀਆਂ ਧਜੀਆਂ ਨਜ਼ਰ ਨਹੀ ਆਉਂਦੀਆਂ । ਨਿਯਮਾਂ ਅਨੁਸਾਰ ਅਧਿਕਾਰਤ ਖਡਿਆਂ ਤੇ ਸ਼ਾਮ ਪੰਜ ਵਜੇ ਤਕ ਹੀ ਰੇਤ ਦੀ ਖੁਦਾਈ ਹੋ ਸਕਦੀ ਹੈ ਪਰ ਸਾਰੀ ਸਾਰੀ ਰਾਤ ਕੁਲਗੜੀ ਤੋਂ ਫਿਰੋਜ਼ਸ਼ਾਹ ਸੜਕ ਤੇ ਲੰਘਦੀਆਂ ਓਵਰਲੋਡ ਟਰੈਕਟਰ ਟਰਾਲੀਆਂ ਦੀਆਂ ਕਤਾਰਾਂ ਪ੍ਰਸ਼ਾਸ਼ਨ ਅਤੇ ਰੇਤ ਮਾਫੀਆ ਦੀ ਮਿਲੀ ਭੁਗਤ ਦਾ ਖਦਸ਼ਾ ਪ੍ਰਗਟ ਕਰਦੀਆਂ ਹਨ । ਇਸ ਸਬੰਧੀ ਜਦ ਥਾਨਾ ਕੁਲਗੜੀ ਦੇ ਮੁਖ ਅਫਸਰ ਇੰਸਪੈਕਟਰ ਗੁਰਜੰਟ ਸਿੰਘ ਨਾਲ ਸੰਪਰਕ ਕਰਕੇ ਉਕਤ ਮਾਮਲੇ ਸਬੰਧੀ ਜਾਨਣਾ ਚਾਹਿਆ ਤਾਂ ਉਹਨਾਂ ਕਿਹਾ ਕਿ ਸਾਨੂੰ ਇਹਨਾਂ ਓਵਰਲੋਡ ਟਰੈਕਟਰ ਟਰਾਲੀਆਂ ਬਾਰੇ ਜਾਣਕਾਰੀ ਨਹੀ ਸੀ ਉਹ ਇਸ ਸਬੰਧੀ ਖੁਦ ਧਿਆਨ ਦੇਣਗੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਬਖਸ਼ਾਂਗੇ ਨਹੀਂ।