ਬੰਗਾ, 9 ਅਕਤੂਬਰ (ਨਵਕਾਂਤ ਭਰੋਮਜਾਰਾ)- ਬੰਗਾ-ਨਵਾਂਸ਼ਹਿਰ ਮੁੱਖ ਮਾਰਗ ’ਤੇ ਅੱਜ ਸੜਕ ਦੁਰਘਟਨਾ ਵਿੱਚ ਮਾਮਾ-ਭੂਆ ਦੇ ਲੜਕਿਆਂ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪ੍ਰੰਤੂ ਜਾਣਕਾਰੀ ਅਨੁਸਾਰ ਅੱਜ ਸਵੇਰੇ ਹਰਜੀਤ ਸਿੰਘ ਨਿਵਾਸੀ ਮਲ੍ਹਪੁਰ ਅੜਕਾਂ, ਜਸਵਿੰਦਰ ਕੁਮਾਰ ਅਤੇ ਜਸ਼ਨਦੀਪ ਕੁਮਾਰ ਦੋਨੇ ਨਿਵਾਸੀ ਖਮਾਚੋਂ ਆਪਣੀ ਸਫੈਦ ਰੰਗ ਦੀ ਮਾਰੂਤੀ ਕਾਰ ਨੰ. ਪੀ.ਬੀ. 10 ਸੀ ਡਬਲਯੂ 0082 ’ਤੇ ਸਵਾਰ ਹੋ ਕੇ ਮਲ੍ਹਪੁਰ ਅੜਕਾਂ ਤੋਂ ਨਵਾਂਸ਼ਹਿਰ ਨੂੰ ਜਾ ਰਹੇ ਸਨ। ਉਹ ਨਵਾਂਸ਼ਹਿਰ ਦੇ ਆਈ.ਵੀ.ਆਈ. ਹਸਪਤਾਲ ਵਿਖੇ ਕਿਸੇ ਰਿਸ਼ਤੇਦਾਰ ਦੀ ਖਬਰ ਲੈਣ ਲਈ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਪਿੰਡ ਮਹਾਲੋਂ ਦੇ ਕੋਲ ਪੁੱਜੀ ਤਾਂ ਨਵਾਂਸ਼ਹਿਰ ਵੱਲੋਂ ਆਉਂਦੇ ਟਿੱਪਰ ਨਾਲ ਟੱਕਰ ਹੋ ਗਈ। ਇਸ ਜ਼ਬਰਦਸਤ ਟੱਕਰ ਵਿੱਚ ਕਾਰ ਅੱਗੇ ਤੋਂ ਬੁਰੀ ਤਰ੍ਹਾਂ ਟੁੱਟ ਗਈ। ਕਾਰ ’ਚ ਸਵਾਰ ਹਰਜੀਤ ਸਿੰਘ ਨਿਵਾਸੀ ਮੱਲਪੁਰ ਅੜਕਾਂ ਅਤੇ ਜਸ਼ਨਦੀਪ ਕੁਮਾਰ ਨਿਵਾਸੀ ਖਮਾਚੋਂ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦੇ ਸਾਥੀ ਜਸਵਿੰਦਰ ਕੁਮਾਰ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਨਵਾਂਸ਼ਹਿਰ ਪੋਸਟਮਾਰਟਮ ਲਈ ਰਖਵਾ ਦਿੱਤੀਆਂ। ਇੱਥੇ ਜ਼ਿਕਰਯੋਗ ਹੈ ਕਿ ਜ਼ਬਰਦਸਤ ਦੁਰਘਟਨਾਵਾਂ ਵਿੱਚ ਟਿੱਪਰ ਵੀ ਪਲਟ ਗਿਆ। ਜ਼ਖਮੀ ਜਸਵਿੰਦਰ ਕੁਮਾਰ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।