ਬਹੁਪਰਤੀ ਕਲਾਕਾਰ ਗੁਰਚੇਤ ਚਿੱਤਰਕਾਰ ਜਿੱਥੇ ਫ਼ਿਲਮਾਂ ਅਤੇ ਟੀ. ਵੀ. ਲੜੀਵਾਰਾਂ ਰਾਹੀਂ ਲਗਾਤਾਰ ਦਰਸ਼ਕਾਂ ਦੇ ਰੂਬੁਰੂ ਹੁੰਦਾ ਰਹਿੰਦਾ ਹੈ, ਉੱਥੇ ਉਹ ਰੰਗਮੰਚ ਨਾਲ ਵੀ ਸਮਾਨਾਂਤਰ ਜੁੜਿਆ ਹੋਇਆ ਹੈ। ਉਹ ਦੇਸ-ਵਿਦੇਸ਼ ‘ਚ ਆਪਣੇ ਨਾਟਕਾਂ ਰਾਹੀਂ ਦਰਸ਼ਕਾਂ ਨੂੰ ਜਿੱਥੇ ਹਾਸੇ ਵੰਡਦਾ ਹੈ, ਉੱਥੇ ਸਮਾਜਿਕ ਕੁਰੀਤੀਆਂ ਖਿਲਾਫ਼ ਬੇਬਾਕੀ ਨਾਲ ਹੋਕਾ ਵੀ ਦਿੰਦਾ ਰਹਿੰਦਾ ਹੈ। ਗੁਰਚੇਤ ਨੇ ਜਿੱਥੇ ਰੰਗਾਂ ਨਾਲ ਅਠਖੇਲੀਆਂ ਕਰਦਿਆਂ ਚਿੱਤਰਕਾਰ ਵਜੋਂ ਕਲਾ ਦੇ ਖੇਤਰ ‘ਚ ਪੈਰ ਰੱਖਿਆ ਸੀ, ਉੱਥੇ ਉਸ ਨੇ ਪੰਜਾਬੀ ‘ਚ ਟੈਲੀਫ਼ਿਲਮਾਂ ਦੇ ਨਿਰਮਾਣ ਦੀ ਸ਼ੁਰੂਆਤ ਵੀ ਕੀਤੀ ਸੀ। ਟੈਲੀਫ਼ਿਲਮਾਂ ਦੇ ਖੇਤਰ ‘ਚ ਗੁਰਚੇਤ ਨੂੰ ਅਜਿਹੀ ਸਫਲਤਾ ਮਿਲੀ ਕਿ ਉਹ ਵੱਡੇ ਪਰਦੇ ਦਾ ਵੀ ਸ਼ਿੰਗਾਰ ਬਣ ਗਿਆ। ਗੁਰਚੇਤ ਦੀ ਵਿਸੇਸ਼ਤਾ ਇਹ ਹੈ ਕਿ ਉਹ ਖੁਦ ਟੈਲੀਫ਼ਿਲਮਾਂ ਅਤੇ ਨਾਟਕ ਲਿਖਣ ‘ਚ ਮੁਹਾਰਤ ਰੱਖਦਾ ਹੈ। ਹਾਲ ਹੀ ਵਿਚ ਉਸ ਨੇ ਫੀਚਰ ਫ਼ਿਲਮਾਂ ਲਿਖਣ ਦੇ ਖੇਤਰ ‘ਚ ਵੀ ਨਵੀਂ ਪੁਲਾਂਘ ਪੁੱਟੀ ਹੈ।
ਅੱਜਕਲ੍ਹ ਗੁਰਚੇਤ ਚਿੱਤਰਕਾਰ ਆਪਣੇ ਨਵੇਂ ਨਾਟਕ ‘ਹਾਏ ਓਏ ਰੱਬਾ’ ਦੀਆਂ ਪੰਜਾਬੀ ਖਿੱਤੇ ‘ਚ ਸਫਲ ਪੇਸ਼ਕਾਰੀਆਂ ਕਰਨ ਉਪਰੰਤ ਕੈਨੇਡਾ ਦੇ ਹਰੇਕ ਵੱਡੇ-ਛੋਟੇ ਸ਼ਹਿਰ ‘ਚ ਆਪਣੀ ਟੀਮ ਨਾਲ ਸਫਲ ਦੌਰਾ ਨੇਪਰੇ ਚਾੜ ਕੇ, ਵਾਪਿਸ ਪਰਤਣ ਵਾਲਾ ਹੈ। ਗੁਰਚੇਤ ਦੀ ਟੀਮ ‘ਚ ਥੀਏਟਰ, ਫ਼ਿਲਮਾਂ ਤੇ ਟੀ. ਵੀ. ਜਗਤ ਦੇ ਜਾਣੇ-ਪਹਿਚਾਣੇ ਚਿਹਰੇ ਸ਼ਾਮਲ ਹਨ, ਜਿਨ੍ਹਾਂ ‘ਚ ਨਾਟਕ ਦਾ ਨਿਰਦੇਸ਼ਕ ਤੇ ਅਦਾਕਾਰ ਦਿਲਾਵਰ ਸਿੱਧੂ, ਗਗਨ ਗਿੱਲ, ਦਮਨ ਸੰਧੂ, ਹੈਪੀ (ਜੀਤ ਪੈਂਚਰਾਂ ਵਾਲਾ), ਮੰਨਤ ਸਿੰਘ (ਫ਼ਿਲਮੀ ਨਾਇਕਾ), ਸੰਗੀਤਕਾਰ ਜਤਿੰਦਰ ਜਿੰਮੀ ਤੇ ਖੁਦ ਗੁਰਚੇਤ ਚਿੱਤਰਕਾਰ (ਲੇਖਕ ਤੇ ਅਦਾਕਾਰ) ਸ਼ਾਮਲ ਹਨ। ਨਾਟਕ ‘ਹਾਏ ਓਏ ਰੱਬਾ’ ਜਿੱਥੇ ਹਾਸਿਆਂ ਦੀਆਂ ਬੁਛਾੜਾਂ ਕਰਦਾ ਹੈ, ਉੱਥੇ ਸਾਡੇ ਸਮਾਜ, ਰਾਜਨੀਤੀ ਅਤੇ ਪ੍ਰਸ਼ਾਸ਼ਨ ‘ਚ ਫੈਲੀਆਂ ਬਹੁਤ ਸਾਰੀਆਂ ਕੁਰੀਤੀਆਂ ਖਿਲਾਫ਼ ਲਾਮਬੰਦ ਹੋਣ ਦਾ ਹੋਕਾ ਵੀ ਦਿੰਦਾ ਹੈ। ਇਸ ਨਾਟਕ ਦਾ ਧੁਰਾ ਇਕ ਪਾਗਲਖਾਨੇ ਨੂੰ ਬਣਾਇਆ ਗਿਆ ਜਿਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਰਹਿੰਦੇ ਹਨ। ਜਿਨ੍ਹਾਂ ‘ਚ ਦੋ ਬਜ਼ੁਰਗ ਭੈਣਾਂ (ਗੁਰਚੇਤ ਚਿੱਤਰਕਾਰ ਤੇ ਗਗਨ ਗਿੱਲ), ਕਿਸਾਨ (ਦਿਲਾਵਰ ਸਿੱਧੂ) ਤੇ ਮਿਹਨਤਕਸ਼ ਇਨਸਾਨ (ਹੈਪੀ ਜੀਤ ਪੈਂਚਰਾਂ ਵਾਲਾ), ਇਨ੍ਹਾਂ ਦੀ ਦੇਖ-ਰੇਖ ਕਰਨ ਵਾਲਾ ਡਾਕਟਰ (ਦਮਨ ਸੰਧੂ) ਤੇ ਨਰਸ (ਮੰਨਤ ਸਿੰਘ) ਸ਼ਾਮਲ ਹੁੰਦੇ ਹਨ ਇਹ ਪਾਗਲ ਲੋਕ ਆਪੋ-ਆਪਣੀਆਂ ਸਮੱਸਿਆਵਾਂ ਨੂੰ ਵਿਅੰਗਮਈ ਰੂਪ ‘ਚ ਪੇਸ਼ ਕਰਦੇ ਹਨ। ਜਿਨ੍ਹਾਂ ਰਾਹੀਂ ਹਾਸਰਸ ਵੀ ਪੈਦਾ ਹੁੰਦਾ ਹੈ ਅਤੇ ਲੋਕ ਮਸਲਿਆਂ ‘ਤੇ ਤਨਜ਼ਾਂ ਵੀ ਕੱਸੀਆਂ ਜਾਂਦੀਆਂ ਹਨ।