June 26, 2026 6:06 pm

ਦਿੱਲੀ ’ਚ ਕਿਸਾਨਾਂ ’ਤੇ ਤਸ਼ੱਦਦ

ਕਰਜ਼ਾ ਮੁਆਫ਼ੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਖੇਤੀ ਜਿਣਸਾਂ ਦੇ ਵਾਜਬ ਮੁਲਾਂ ਲਈ ਕੌਮੀ ਰਾਜਧਾਨੀ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਦਿੱਲੀ-ਯੂਪੀ ਹੱਦ ਉਤੇ ਜਬਰੀ ਰੋਕਣਾ ਅਤੇ ਉਨ੍ਹਾਂ ਉਪਰ ਬੇਤਹਾਸ਼ਾ ਤਸ਼ੱਦਦ ਬਹੁਤ ਹੀ ਨਿਖੇਧੀਯੋਗ ਕਾਰਵਾਈ ਹੈ। ਦੁੱਖ ਦੀ ਗੱਲ ਇਹ ਹੈ ਕਿ ਕਿਸਾਨਾਂ ’ਤੇ ਇਹ ਤਸ਼ੱਦਦ ਮਹਾਤਮਾ ਗਾਂਧੀ ਦੇ 150 ਸਾਲਾ ਜਨਮ ਦਿਹਾੜੇ ਮੌਕੇ ਕੀਤਾ ਗਿਆ। ਕਿਸਾਨ ਸ਼ਾਂਤਮਈ ਤਰੀਕੇ ਨਾਲ ਆਪਣਾ ਅੰਦੋਲਨ ਚਲਾ ਰਹੇ ਹਨ। ਸ਼ਾਂਤਮਈ ਕਿਸਾਨਾਂ ਉਪਰ ਦਿਲੀ ਪੁਲੀਸ ਅਤੇ ਰੈਪਿਡ ਐਕਸ਼ਨ ਫੋਰਸ ਨੇ ਅੰਨ੍ਹਾ ਲਾਠੀ ਚਾਰਜ ਕੀਤਾ। ਅੱਥਰੂ ਗੈਸ ਛੱਡੀ ਗਈ ਤੇ ਜਲ ਤੋਪਾਂ ਦੀਆਂ ਬੁਛਾੜਾਂ ਨਾਲ ਕਿਸਾਨਾਂ ਨੂੰ ਰੋਕਿਆ ਗਿਆ। ਪੁਲਿਸ ਨੇ ਕਿਸਾਨਾਂ ਦੇ ਟਰੈਕਟਰਾਂ ਦੀ ਹਵਾ ਤੱਕ ਕਢੀ ਦਿੱਤੀ। ਗਾਜ਼ੀਪੁਰ ਬਾਰਡਰ ਉਤੇ ਇਸ ਟਕਰਾਅ ਦੌਰਾਨ 20 ਤੋਂ ਵਧ ਕਿਸਾਨ ਜ਼ਖ਼ਮੀ ਹੋਏ। ਕਿਸਾਨਾਂ ਦੇ 40 ਤੋਂ ਵਧ ਟਰੈਕਟਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਦਿੱਲੀ ਪੁਲੀਸ ਨੇ ਰਾਜਘਾਟ ਨੇੜਿਉਂ 20 ਕਿਸਾਨ ਹਿਰਾਸਤ ਵਿਚ ਲੈ ਲਿਆ।ਗਾਜ਼ੀਪੁਰ ਦੇ ਕਈ ਇਲਾਕਿਆ ਵਿਚ ਦਫ਼ਾ 144 ਰਾਤ ਨੂੰ ਹੀ ਲਾ ਦਿਤੀ ਸੀ।ਕਿਸਾਨ ਆਗੂਆਂ ਨੇ ਵੀ ਪੁਲੀਸ ਉਤੇ ਭਾਰੀ ਤਸ਼ਦਦ ਕਰਨ ਦੇ ਦੋਸ਼ ਲਾਏ ਹਨ। ਇਕ ਲੋਕਤੰਤਰੀ ਦੇਸ਼ ਵਿੱਚ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਸਹੀ ਨਹੀਂ ਹੈ। ਦੂਸਰੇ ਵਰਗਾਂ ਦੀ ਤਰ੍ਹਾਂ ਕਿਸਾਨਾਂ ਨੂੰ ਵੀ ਆਪਣੀ ਗੱਲ ਕਰਨ ਦਾ ਅਤੇ ਆਪਣੀਆਂ ਮੰਗਾਂ ਲਈ ਸ਼ਾਂਤਮਈ ਅੰਦੋਲਨ ਕਰਨ ਦਾ ਪੂਰਾ ਹੱਕ ਹੈ। ਇਕ ਪਾਸੇ ਤਾਂ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨ ਰਹੀ ਦੂਸਰੇ ਪਾਸੇ ਪੁਲਿਸ ਤਸ਼ੱਦਦ ਰਾਹੀਂ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਕਿਸਾਨੀ ਨੂੰ ਬਚਾਉਣਾ ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਖੇਤੀ ਸੈਕਟਰ ਦੇ ਮੰਦੇ ਕਾਰਨ ਦੇਸ਼ ਦੀ ਸਮੁੱਚੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨਾਂ ਨੂੰ ਜਿਣਸਾਂ, ਸਬਜ਼ੀਆਂ ਅਤੇ ਫਲਾਂ ਦੇ ਯੋਗ ਭਾਅ ਨਹੀਂ ਮਿਲ ਰਹੇ। ਵਿਚੋਲੇ ਕਿਸਾਨਾਂ ਅਤੇ ਗਾਹਕਾਂ ਨੂੰ ਲੁੱਟ ਰਹੇ ਹਨ। ਸਰਕਾਰ ਹੱਥ ’ਤੇ ਹੱਥ ਧਰੀ ਬੈਠੀ ਹੈ। ਉਦਯੋਗਪਤੀਆਂ ਦੇ ਕਰਜ਼ੇ ਰਾਤੋ-ਰਾਤ ਮੁਆਫ ਹੋ ਰਹੇ ਹਨ। ਕਿਸਾਨਾਂ ਦੇ ਛੋਟੇ-ਛੋਟੇ ਕਰਜ਼ੇ ਵੀ ਮੁਆਫ ਨਹੀਂ ਕੀਤੇ ਜਾ ਰਹੇ। ਕਿਸਾਨੀ ਦੀ ਇਸ ਮੰਦੀ ਹਾਲਤ ਲਈ ਸਰਕਾਰੀ ਨੀਤੀਆਂ ਜ਼ਿੰਮੇਵਾਰ ਹਨ। ਕਿਸਾਨਾਂ ਵੱਲੋਂ ਉਠਾਏ ਜਾ ਰਹੇ ਮੁੱਦੇ ਬਿਲਕੁੱਲ ਜਾਇਜ਼ ਹਨ। ਉਨ੍ਹਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਇਹ ਦੁੱਖ ਦੀ ਗੱਲ ਹੈ ਕਿ ਕਿਸਾਨਾਂ ਦੇ ਦੇਸ਼ਵਿਆਪੀ ਅੰਦੋਲਨ ਨੂੰ ਪੁਲਿਸ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਿਸਾਨਾਂ ਨਾਲ ਦੋਹਰੀ ਬੇਇਨਸਾਫੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਉਪਰ ਹਮਦਰਦੀ ਨਾਲ ਵਿਚਾਰ ਕਰੇ ਅਤੇ ਕਿਸਾਨੀ ਨੂੰ ਹਰ ਹਾਲਤ ਰਾਹਤ ਦਿੱਤੀ ਜਾਵੇ।
– ਬਲਜੀਤ ਸਿੰਘ ਬਰਾੜ

Send this to a friend