June 26, 2026 4:40 pm

ਪਿੰਡਾਂ ਵਾਲੇ ਵਿਆਹਾਂ ਦੀ ਰੌਣਕ ਹੁੰਦਾ ਹੈ ਨਾਨਕਾ ਮੇਲ

ਹਰ ਮਨੁਖ ਦੀ ਜਿੰਦਗੀ ਵਿਚ ਨਾਨਕਿਆਂ ਦਾ ਵਿਸ਼ੇਸ਼ ਮਹਤਵ ਹੈ।ਦੁਨਿਆਵੀ ਰਿਸ਼ਤਿਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ , ਇਕ ਖੂਨ ਦੇ ਰਿਸ਼ਤੇ ਤੇ ਦੂਜੇ ਮੂੰਹ ਬੋਲੇ ਜਾਂ ਆਪ ਸਹੇੜੇ ਰਿਸ਼ਤੇ । ਨਾਨਕਿਆਂ ਦਾ ਰਿਸ਼ਤਾ ਉਹ ਰਿਸ਼ਤਾ ਹੈ ਜੋ ਬਚੇ ਦੇ ਜਨਮ ਤੋਂ ਹੀ ਉਸਦੀ ਜਿੰਦਗੀ ਵਿਚ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੰਦਾ ਹੈ। ਦੋਹਤਾ ਦੋਹਤੀ ਦੇ ਵਿਆਹ ਸਮੇਂ ਨਾਨਕਾ ਮੇਲ ਦੀ ਪੂਰੀ ਟੌਹਰ ਤੇ ਪੁਛ ਪ੍ਰਤੀਤ ਹੁੰਦੀ ਹੈ । ਵਿਆਹ ਵਾਲੇ ਘਰ ਨਾਨਕਾ ਮੇਲ ਦੀ ਉਡੀਕ ਮਥੇ ਤੇ ਹਥ ਧਰ ਕੇ ਕੀਤੀ ਜਾਂਦੀ ਹੈ । ਨਾਨਕਾ ਮੇਲ ਦੀ ਵਿਆਹ ਵਿਚ ਸਭ ਤੋਂ ਵਧ ਗਿਣਤੀ ਹੁੰਦੀ ਹੈ। ਨਚਣ ਵਾਲੀਆਂ , ਗਿਧਾ ਪਾਉਣ ਵਾਲੀਆਂ ਤੇ ਬੋਲੀਆਂ ਪਾਉਣ ਵਾਲੀਆਂ ਕੁੜੀਆਂ ਅਤੇ ਵਹੁਟੀਆਂ ਨੂੰ ਨਾਨਕਾ ਮੇਲ ਵਿਚ ਵਿਸ਼ੇਸ਼ ਤੌਰ ਤੇ ਲਿਜਾਇਆ ਜਾਂਦਾ ਹੈ ਤਾਂ ਜੋ ਪਿੰਡ ਵਿਚ ਨਾਨਕਾ ਮੇਲ ਦੀ ਪੈਂਠ ਬਣ ਸਕੇ।ਨਾਨਕਾ ਮੇਲ ਪਿੰਡ ਵੜਦਿਆਂ ਹੀ ਗੀਤਾਂ ਦੀ ਬੁਛਾੜ ਸ਼ੁਰੂ ਕਰ ਦਿੰਦਾ ਹੈ। ਸਭ ਤੋ ਪਹਿਲਾਂ ਆਪਣੀ ਕੁੜੀ ਦਾ ਨਾਂ ਲੈ ਕੇ ਬੰਬੀਹਾ ਬੁਲਾਉਂਦੀਆਂ ਹਨ ਮੇਲਣਾ :-
ਸ਼ਾਵਾ ਨੀ ਬੰਬੀਹਾ ਬੋਲੇ,
ਬਲੇ ਨੀ ਬੰਬੀਹਾ ਬੋਲੇ ,
ਰਣਜੀਤ ਭੈਣ ਦੇ ਬਾਰ ਨੀ ,
ਬੰਬੀਹਾ ਬੋਲੇ ।
ਸਿਖਰ ਦੁਪਿਹਰੇ ਬੋਲੇ ਨੀ ਬੰਬੀਹਾ ਬੋਲੇ,
ਬਲੇ ਨੀ ਬੰਬੀਹਾ ਬੋਲੇ ।
ਉਧਰੋਂ ਦਾਦਕਾ ਪਰਿਵਾਰ ਨਾਲ ਸੰਬੰਧਿਤ ਸੁਆਣੀਆਂ , ਧੀਆਂ, ਨੂੰਹਾਂ ਸਾਰੀਆਂ ਹੀ ਨਾਨਕਾ ਮੇਲ ਦੇ ਸਵਾਗਤ ਵਿਚ ਮੋੜਵੇਂ ਗੀਤਾਂ ਨਾਲ ਨਾਨਕਾ ਮੇਲ ਦਾ ਸਵਾਗਤ ਕਰਦੀਆਂ ਹਨ ।ਜਿਵੇਂ ਕਿ –
ਕਲ੍ਹ ਦਾ ਆਇਆ ਮੇਲ ਨਾਨਕਾ,
ਚਬ ਗੀਆਂ ਨੌਂ ਮਣ ਛੋਲੇ,
ਇਹਨਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ ,
ਇਹਨਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ।
ਨਾਨਕਾ ਮੇਲ ਦੇ ਵਿਆਹ ਵਾਲੇ ਘਰ ਦੇ ਬੂਹੇ ਤੇ ਪਹੁੰਚਣ ਤੇ ਤੇਲ ਚੋ ਕੇ ਨਾਨਕਾ ਮੇਲ ਦਾ ਸਵਾਗਤ ਕੀਤਾ ਜਾਂਦਾ ਹੈ । ਗਹਿਣੇ ਗਟਿਆਂ ਨਾਲ ਸ਼ਿੰਗਾਰੀਆਂ ਮੁਟਿਆਰਾਂ ਵਿਆਹ ਵਾਲੇ ਘਰ ਆਪਣੀ ਆਮਦ ਦਾ ਪ੍ਰਮਾਣ ਦੇ ਦਿੰਦੀਆਂ ਹਨ । ਮੇਲ ਮਿਲਾਪ ਅਤੇ ਚਾਹ ਪਾਣੀ ਪੀਣ ਤੋਂ ਬਾਅਦ ਵਿਹਲੀਆਂ ਹੋ ਕੇ ਮੇਲਣਾ ਪਿੰਡ ਵਿਚ ਆਪਣੀਆਂ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਿਚਲੇ ਘਰਾਂ ਵਿਚ ਪਤਲਾਂ ਦੇਣ ਤੁਰ ਪੈਂਦੀਆਂ ਹਨ। ਇਸ ਤਰਾਂ ਨਾਨਕਾ ਮੇਲ ਪਿੰਡ ਦੀਆਂ ਗਲੀਆਂ ਵਿਚ ਮਿਜਾਜੀ ਠਾਠ ਦਾ ਦਾ ਝਲਕਾਰਾ ਪੇਸ਼ ਕਰਦਾ ਸੰਬੰਧਿਤ ਘਰਾਂ ਵਿਚ ਪਤਲਾਂ ਵੰਡਦਾ ਹੈ ਅਤੇ ਆਉਂਦੇ ਜਾਂਦੇ ਰਸਤੇ ਵਿਚ ਮਾਹੌਲ ਨੂੰ ਖੁਸ਼ਗਵਾਰ ਬਣਾਉਂਦੀਆਂ ਮੇਲਣਾ ਗੀਤ ਗਾਉਂਦੀਆਂ ਹਨ :-
ਆਉਂਦੀ ਕੁੜੀਏ ਜਾਂਦੀ ਕੁੜੀਏ,
ਭਰ ਲਿਆ ਟੋਕਰਾ ਨੜਿਆਂ ਦਾ,
ਕਿਥੇ ਲਾਹੇਂਗੀ , ਕਿਥੇ ਲਾਹੇਂਗੀ,
ਨੀ ਸਾਰਾ ਪਿੰਡ ਛੜਿਆਂ ਦਾ।
ਆਉਂਦੀ ਕੁੜੀਏ ਜਾਂਦੀ ਕੁੜੀਏ,
ਕਿਹੜੀਆਂ ਗਲਾਂ ਦੇ ਰੋਣੇ,
ਨੀ ਪਿੰਡ ਸਰਦਾਰਾਂ ਦਾ ,
ਮੁੰਡੇ ਗਭਰੂ ਜਟਾਂ ਦੇ ਬੜੇ ਸੋਹਣੇ।
ਨਾਨਕਾ ਮੇਲ ਵਿਚ ਆਈਆਂ ਅਲਬੇਲੀਆਂ ਮੁਟਿਆਰਾਂ ਵਲੋਂ ਮੁੰਡੇ ਦੀ ਜੰਞ ਚੜਨ ਤੋਂ ਪਹਿਲੀ ਰਾਤ ਅਤੇ ਕੁੜੀ ਦੀ ਜੰਞ ਆਉਣ ਤੋਂ ਪਹਿਲੀ ਰਾਤ ਜਿਥੇ ਜਾਗੋ ਕਢਦੀਆਂ ਹਨ ਉਥੇ ਛਜ ਤੋੜਨ ਦੀ ਰਸਮ ਵੀ ਨਿਭਾਉਂਦਿਆਂ ਹਨ ।
ਨਾਨਕਾ ਮੇਲ ਪਿੰਡ ਵਿਚ ਆਪਣੀ ਪੈਂਠ ਸਾਬਿਤ ਕਰਨ ਲਈ ਧੁੰਮਾਂ ਪਾਉਣ ਲਈ ਤਿਆਰੀਆਂ ਕਰਦਾ ਹੈ । ਵਿਆਹ ਵਾਲੇ ਮੁੰਡੇ ਕੁੜੀ ਦੀਆਂ ਮਾਮੀਆਂ ਜਾਂ ਮੇਲ ਵਿਚ ਆਈਆਂ ਮੁਟਿਆਰਾਂ ਨੂੰ ਘਗਰੇ ਆਦਿ ਪਵਾ ਕੇ ਮੇਲਣਾ ਮੁੰਡਿਆਂ ਵਾਂਗ ਮੜਾਸੇ ਮਾਰ ਕੇ , ਹਥਾਂ ਵਿਚ ਡਾਂਗਾ ਫੜ ਕੇ ਗਲੀਆਂ ਵਿਚ ਖੜੇ ਰੇਹੜੇ ਰੇਹੜੀਆਂ ਮੂਧੇ ਮਾਰਦੀਆਂ , ਪਨਤਾਲੇ , ਚੁਲੇ ਢਾਹੁੰਦੀਆਂ ਅਤੇ ਪਸ਼ੂਆਂ ਦੇ ਰਸੇ ਤਕ ਖੋਲ ਦਿੰਦੀਆਂ ਹਨ । ਜਾਗੋ ਚੁਕੀਂ ਗੀਤ ਗਾਉਂਦੀਆਂ ਹਨ :-
ਜਟਾ ਜਾਗ ਬਈ ਹੁਣ ਜਾਗੋ ਆਈ ਆ.
ਚੁਪ ਕਰ ਬੀਬਾ ਮਸਾਂ ਸਵਾਈ ਆ,
ਲੋਰੀ ਦੇ ਕੇ ਪਾਈ ਆ ,
ਬਈ ਹੁਣ ਜਾਗੋ ਆਈ ਆ ।
ਉਠ ਖੜੂਗੀ ਚੁਕਣੀ ਪਊਗੀ,
ਬਈ ਹੁਣ ਜਾਗੋ ਆਈ ਆ ।
ਮੁਟਿਆਰਾਂ ਅਨੇਕਾਂ ਸਾਂਗ ਧਾਰਦੀਆਂ ਹਨ , ਕਈ ਗਡੀਆਂ ਵਾਲੀਆਂ ਬਣ ਕੇ ਤਕਲੇ ਖੁਰਚਣੇ ਲੈ ਲੈਣ ਦਾ ਸਦਾ ਦਿੰਦੀਆਂ ਹਨ । ਮੇਲਣਾਂ ਪਿੰਡ ਦੇ ਗਭਰੂਆਂ ਨੂੰ ਵੰਗਾਰਦੀਆਂ ਗੀਤ ਗਾਉਂਦੀਆਂ ਹਨ :-
ਆਉਂਦੀ ਕੁੜੀਏ ਜਾਂਦੀ ਕੁੜੀਏ,
ਰਿਝਦੀ ਖੀਰ ਵਿਚ ਛੋਈ ,
ਬਈ ਛੜਿਆਂ ਦੀ ਮਾਂ ਰੋਵੇ ,
ਮੇਰੇ ਪੁਤ ਦੇ ਬਹੂ ਨਾ ਕੋਈ ।
ਜਿਹੜੇ ਘਰਾਂ ਵਿਚ ਨਾਨਕਾ ਮੇਲ ਜਾਗੋ ਲੈ ਕੇ ਪਹੁੰਚਦਾ ਹੈ, ਉਥੇ ਵੀ ਕੁਝ ਸਮੇਂ ਲਈ ਬੋਲੀਆਂ ਅਤੇ ਗਿਧੇ ਨਾਲ ਪੂਰਾ ਰੰਗ ਬੰਨ੍ਹਿਆ ਜਾਂਦਾ ਹੈ ਅਤੇ ਉਸ ਘਰ ਦੀ ਮਾਲਕਣ ਜਿਥੇ ਜਾਗੋ ਵਿਚ ਤੇਲ ਪਾਉਂਦੀ ਹੈ ਉਥੇ ਸ਼ਗਨ ਦੇ ਰੂਪ ਵਿਚ ਮੇਲਣਾ ਨੂੰ ਕੁਝ ਪੈਸੇ ਵੀ ਦਿੰਦੀ ਹੈ
ਨਾਨਕਾ ਮੇਲ ਵਿਆਹ ਦੀ ਸਮਾਪਤੀ ਤੋਂ ਬਾਅਦ ਜਾਣ ਮੌਕੇ ਸ਼ਗਨ ਮਨਾਉਂਦਾ ਖੁਸ਼ੀਆਂ ਬਖੇਰਦਾ ਆਪਣੇ ਪਿੰਡ ਨੂੰ ਰਵਾਨਾ ਹੋ ਜਾਂਦਾ ਹੈ । ਵਿਦਾਇਗੀ ਮੌਕੇ ਮੇਲਣਾਂ ਗੀਤ ਗਾਉਂਦੀਆਂ ਹਨ :-
ਆਉਂਦੀ ਕੁੜੀਏ ਪੰਜ ਸਵਾਰੇ, ਪੰਜੇ ਪਾਣੀ ਪੂਰੇ ,
ਭਾਗਾਂ ਵਾਲਿਆਂ ਦੇ ਕਾਰਜ ਹੋਗੇ ਪੂਰੇ।
ਆਉਂਦੀ ਕੁੜੀਏ, ਜਾਂਦੀ ਕੁੜੀਏ,
ਚੁਕ ਲਿਆ ਬਜਾਰ ਵਿਚੋਂ ਪੇੜਾ,
ਅਸੀਂ ਕਿਹੜਾ ਨਿਤ ਆਵਣਾ
ਸਾਡਾ ਵਜ ਗਿਆ ਸਬਬ
ਨਾਲ ਗੇੜਾ।

Send this to a friend