ਮੁਹਾਲੀ ਵਿੱਚ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਵੱਲੋਂ 26 ਸਾਲ ਪਹਿਲਾਂ ਇਕ ਨਾਬਾਲਿਗ ਸਿੱਖ ਬੱਚੇ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਦੋਸ਼ ਤਹਿਤ ਪੰਜਾਬ ਪੁਲਿਸ ਦੇ ਦੋ ਸੇਵਾ ਮੁਕਤ ਅਧਿਕਾਰੀਆਂ ਨੂੰ ਉਮਰ ਕੈਦ ਅਤੇ 60 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਕੇਸ ਵਿੱਚ ਮਾਰੇ ਗਏ ਬੱਚੇ ਦੀ ਮਾਤਾ ਨੂੰ ਇਨਸਾਫ ਲੈਣ ਲਈ 26 ਸਾਲ ਲੰਬੀ ਲੜਾਈ ਲੜਨੀ ਪਈ ਹੈ। ਸੀ.ਬੀ.ਆਈ. ਅਦਾਲਤ ਨੇ ਕੇਸ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਗਿਆਨ ਅਤੇ ਸਬ ਇੰਸਪੈਕਟਰ ਨਰਿੰਦਰ ਸਿੰਘ ਮਲ੍ਹੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਇਸ ਕੇਸ ਵਿੱਚੋਂ ਕੁਝ ਪੁਲਿਸ ਮੁਲਾਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ 11 ਨਵੰਬਰ 1992 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਟੀ ਬਲੋਲ (ਥਾਣਾ ਸੁਲਤਾਨਵਿੰਡ) ਦੇ 16 ਸਾਲ ਦੇ ਨਾਬਾਲਿਗ ਸਿੱਖ ਬੱਚੇ ਹਰਜੀਤ ਸਿੰਘ ਉਰਫ਼ ਗੋਰਾ ਨੂੰ ਘਰੋਂ ਅਗਵਾ ਕਰ ਕੇ ਬਾਅਦ ਵਿਚ ਕਥਿਤ ਝੂਠੇ ਪੁਲੀਸ ਮੁਕਾਬਲੇ ਵਿਚ ਮਾਰ ਦਿੱਤਾ ਸੀ।ਪੁਲਿਸ ਨੇ ਬੱਚੇ ਦੇ ਪਿਤਾ ਬਲਬੀਰ ਸਿੰਘ ਨੂੰ ਵੀ ਉਸ ਦੇ ਨਾਲ ਹੀ ਘਰੋਂ ਚੁਕਿਆ ਸੀ ਪ੍ਰੰਤੂ ਬਾਅਦ ਵਿਚ ਉਸ ਨੂੰ ਛਡ ਦਿਤਾ ਗਿਆ। ਇਸ ਘਟਨਾ ਤੋਂ ਮਹਿਜ਼ 5 ਦਿਨ ਪਹਿਲਾਂ 6 ਨਵੰਬਰ 1992 ਨੂੰ ਪੁਲੀਸ ਨੇ ਹਰਜੀਤ ਦੇ ਭਰਾ ਕੁਲਦੀਪ ਸਿੰਘ ਨੂੰ ਵੀ ਝੂਠੇ ਪੁਲੀਸ ਮੁਕਾਬਲੇ ਵਿਚ ਮਾਰ ਮੁਕਾਇਆ ਸੀ।ਇਸ ਸਬੰਧੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਧਾਰਾ 364, 344 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜਜ ਸ਼੍ਰੀ ਹਰਜੀਤ ਸਿੰਘ ਦੀ ਅਦਾਲਤ ਵਿਚ ਚਲ ਰਹੀ ਸੀ। ਹਰਜੀਤ ਸਿੰਘ ਵਰਗੀ ਹੋਣੀ ਪੰਜਾਬ ਦੇ ਹੋਰ ਹਜ਼ਾਰਾਂ ਸਿੱਖਾਂ ਨੂੰ ਵੀ ਭੋਗਣੀ ਪਈ ਹੈ। ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਪੁਲਿਸ ਮੁਲਾਜ਼ਮ ਹਾਲੇ ਵੀ ਖੁਲ੍ਹੇ ਤੁਰੇ ਫਿਰਦੇ ਹਨ। ਜ਼ਿਆਦਾਤਰ ਦੋਸ਼ੀਆਂ ਖਿਲਾਫ ਕਿਸੇ ਅਦਾਲਤ ਵਿੱਚ ਕੋਈ ਕਾਰਵਾਈ ਨਹੀਂ ਹੋਈ। 16 ਜਨਵਰੀ 1995 ਨੂੰ ਅਕਾਲੀ ਦਲ ਮਨੁਖੀ ਅਧਿਕਾਰ ਵਿੰਗ ਦੇ ਜਨਰਲ ਸਕਤਰ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਪੜਤਾਲੀਆ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਕਿ ਪੰਜਾਬ ਪੁਲੀਸ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚ ਹਜ਼ਾਰਾਂ ਲਾਸ਼ਾਂ ਦਾ ਇਕਠਿਆਂ ਸਸਕਾਰ ਕੀਤਾ ਸੀ ਜਿਨ੍ਹਾਂ ਵਿਚ ਹਰਜੀਤ ਸਿੰਘ ਗੋਰਾ ਦੀ ਲਾਸ਼ ਵੀ ਸ਼ਾਮਲ ਸੀ।ਇਸ ਤੋਂ ਬਾਅਦ ਇਹ ਮਾਮਲਾ ਕਾਫੀ ਚਰਚਾ ਵਿਚ ਆ ਗਿਆ।ਇਸ ਪਿਛੋਂ 6 ਸਤੰਬਰ 1995 ਨੂੰ ਅੰਮ੍ਰਿਤਸਰ ਪੁਲਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਘਰੋਂ ਕੇ ਖਪਾ ਦਿੱਤਾ ਗਿਆ। ਇਸ ਮਗਰੋਂ 30 ਮਈ 2000 ਨੂੰ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਉਕਤ ਝੂਠੇ ਮੁਕਾਬਲਿਆਂ ਸਬੰਧੀ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। 22 ਅਕਤੂਬਰ 2001 ਨੂੰ ਦੋਸ਼ੀਆਂ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ।ਦੋ ਸਾਲਾਂ ਬਾਅਦ 2003 ਵਿਚ ਚਾਰ ਗਵਾਹ ਸਾਹਮਣੇ ਆਏ। ਇਸ ਕੇਸ ਦੇ ਨਿਪਟਾਰੇ ਤੋਂ ਬਾਅਦ ਇਹ ਗੱਲ ਪੂਰੀ ਤਰ੍ਹਾਂ ਸਿੱਧ ਹੋ ਗਈ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਇਸੇ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਿਆ ਗਿਆ ਹੈ। ਇਸ ਲਈ ਇਨਸਾਫ ਦਾ ਤਕਾਜ਼ਾ ਹੈ ਕਿ ਪੰਜਾਬ ਵਿੱਚ 1980 ਤੋਂ ਬਾਅਦ ਹੋਏ ਸਾਰੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ।
– ਬਲਜੀਤ ਸਿੰਘ ਬਰਾੜ