May 3, 2026 9:31 pm

ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੇ ਰੁਝਾਨ

ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੌਰਾਨ ਕਈ ਨਵੇਂ ਰੁਝਾਨ ਉਭਰਦੇ ਦਿਸ ਰਹੇ ਹਨ। ਬੁਧਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਲਈ ਪਈਆਂ ਵੋਟਾਂ ਦੌਰਾਨ ਵੋਟਰਾਂ ਦਾ ਉਤਸ਼ਾਹ ਕੁੱਝ ਮੱਠਾ ਰਿਹਾ ਹੈ। ਪੰਚਾਇਤੀ ਸੰਸਥਾਵਾਂ ਦੀਆਂ ਇਨ੍ਹਾਂ ਚੋਣਾਂ ਵਿਚ ਔਸਤ ਵੋਟ ਫੀਸਦੀ 58.10 ਫੀਸਦੀ ਰਹੀ। ਦੁਪਹਿਰ ਤਕ ਜ਼ਿਆਦਾਤਰ ਜ਼ਿਲ੍ਹਿਆਂ ਵਿਚ 40 ਫੀਸਦੀ ਦੇ ਵੋਟਾਂ ਪਈਆਂ ਸਨ।ਇਹ ਗੱਲ ਵਖਰੀ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਵੋਟ ਪ੍ਰਤੀਸ਼ਤ ਸਭ ਤੋਂ ਵੱਧ 71ਫੀਸਦੀ ਰਿਹਾ। ਵੋਟ ਫੀਸਦੀ ਦੇ ਪੱਖ ਤੋਂ ਲੋਕਾਂ ਦੀ ਉਦਾਸੀਨਤਾ ਚਿੰਤਾ ਵਾਲੀ ਗੱਲ ਹੈ। ਇਸ ਪਿੱਛੇ ਕਈ ਕਾਰਨ ਜੁੜੇ ਹੋਏ ਹਨ। ਅਸਲ ਵਿੱਚ ਲੋਕ ਪੰਚਾਇਤੀ ਸੰਸਥਾਵਾਂ ਦੇ ਮਹੱਤਵ ਬਾਰੇ ਜਾਗਰੂਕ ਨਹੀਂ ਹਨ। ਸਿਆਸੀ ਪਾਰਟੀਆਂ ਵੀ ਲੋਕਾਂ ਨੂੰ ਇਸ ਸਬੰਧੀ ਸਿੱਖਿਅਤ ਕਰਨ ਤੋਂ ਅਸਫਲ ਰਹੀਆਂ ਹਨ। ਸਿਆਸੀ ਖਹਿਬਾਜ਼ੀ ਕਾਰਨ ਵੀ ਆਮ ਲੋਕਾਂ ਨੇ ਇਨ੍ਹਾਂ ਚੋਣਾਂ ਤੋਂ ਕੁਝ ਦੂਰੀ ਬਣਾਉਣ ’ਚ ਹੀ ਭਲਾਈ ਸਮਝੀ। ਲੋਕਤੰਤਰ ਦੀ ਮਜ਼ਬੂਤੀ ਦੇ ਪੱਖ ਤੋਂ ਇਹ ਰੁਝਾਨ ਬਹੁਤ ਮਾੜਾ ਹੈ। ਹਰ ਤਰ੍ਹਾਂ ਦੀਆਂ ਚੋਣਾਂ ਵਿੱਚ ਲੋਕਾਂ ਦੀ ਹਿੱਸੇਦਾਰੀ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਇਸ ਸਬੰਧ ਵਿੱਚ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇਹ ਦੁੱਖ ਦੀ ਗੱਲ ਹੈ ਕਿ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੌਰਾਨ ਕੁਝ ਥਾਵਾਂ ’ਤੇ ਇਨ੍ਹਾਂ ਸਿਆਸੀ ਪਾਰਟੀਆਂ ਦੇ ਆਗੂ ਤੇ ਆਗੂ ਵਰਕਰ ਹਿੰਸਾ ਵਿੱਚ ਸ਼ਾਮਿਲ ਸਨ। ਹਿੰਸਕ ਮਾਹੌਲ ਕਾਰਨ ਹੀ ਵੱਡੀ ਗਿਣਤੀ ਵਿੱਚ ਆਮ ਲੋਕ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨ ਤੋਂ ਵੀ ਦੂਰ ਰਹੇ ਹਨ। ਚੋਣ ਕਮਿਸ਼ਨ ਨੂੰ ਵੀ ਇਨ੍ਹਾਂ ਚੋਣਾਂ ਦਾ ਡੂੰਘਾ ਅਧਿਐਨ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੋਲ ਵੋਟ ਫੀਸਦੀ ਵਧਾਈ ਜਾ ਸਕੇ। ਚੋਣਾਂ ਵਿੱਚ ਹਰ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਲਈ ਹੋਰ ਵਧੇਰੇ ਸਖਤੀ ਤੋਂ ਕੰਮ ਲੈਣ ਦੀ ਲੋੜ ਹੈ। ਜਿਹੜੇ ਸਿਆਸੀ ਨੇਤਾ ਚੋਣ ਹਿੰਸਾ ਵਿੱਚ ਸ਼ਾਮਿਲ ਹੁੰਦੇ ਹਨ ਉਨ੍ਹਾਂ ’ਤੇ ਘੱਟੋ ਘੱਟ 10 ਸਾਲ ਲਈ ਚੋਣ ਲੜਨ ਦੀ ਪਾਬੰਦੀ ਲਗਾਈ ਜਾਵੇ। ਛੇਤੀ ਹੀ ਪੰਜਾਬ ਵਿੱਚ ਪੰਚਾਇਤ ਚੋਣਾਂ ਹੋਣੀਆਂ ਹਨ, ਇਸ ਲਈ ਹੁਣੇ ਤੋਂ ਇਸ ਦਿਸ਼ਾ ਵਿੱਚ ਤਿਆਰੀ ਆਰੰਭੀ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨ।
– ਬਲਜੀਤ ਸਿੰਘ ਬਰਾੜ

Send this to a friend